
ਚੰਡੀਗੜ੍ਹ, 11 ਜਨਵਰੀ (ਸਸਸ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਫ਼ਤਹਿਗੜ੍ਹ ਸਾਹਿਬ ਵਿਖੇ ਕੀਤੇ ਐਲਾਨ ਤੋਂ ਬਾਅਦ ਉਨ੍ਹਾਂ ਨੇ ਕੇਂਦਰੀ ਜਹਾਜ਼ਰਾਨੀ, ਸੜਕੀ ਆਵਾਜਾਈ ਅਤੇ ਮਾਰਗਾਂ ਬਾਰੇ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖ ਕੇ ਕੌਮੀ ਮਾਰਗ-344ਏ ਦਾ ਨਾਂ ਬਦਲ ਕੇ 'ਮਾਤਾ ਗੁਜਰੀ ਮਾਰਗ' ਰੱਖਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਬੀਤੇ ਮਹੀਨੇ ਫ਼ਤਹਿਗੜ੍ਹ ਸਾਹਿਬ ਵਿਖੇ ਦਸਿਆ ਸੀ ਕਿ ਪਟਿਆਲਾ ਤੋਂ ਪਨਿਆਲੀ (ਰੋਪੜ-ਫਗਵਾੜਾ 'ਤੇ ਸਥਿਤ) ਵਾਇਆ ਸਰਹਿੰਦ-ਫ਼ਤਹਿਗੜ੍ਹ ਸਾਹਿਬ-ਬੱਸੀ ਪਠਾਨਾ-ਮੋਰਿੰਡਾ ਤਕ ਨਵੇਂ ਕੌਮੀ ਮਾਰਗ ਦਾ ਨਾਂ 'ਮਾਤਾ ਗੁਜਰੀ ਮਾਰਗ' ਰੱਖਣ ਬਾਰੇ ਤਜਵੀਜ਼ ਕੌਮੀ ਹਾਈਵੇਅ ਅਥਾਰਟੀ ਆਫ਼ ਇੰਡੀਆ ਨੂੰ ਪਹਿਲਾਂ ਹੀ ਸੌਂਪੀ ਜਾ ਚੁੱਕੀ ਹੈ।ਸ੍ਰੀ ਨਿਤਿਨ ਗਡਕਰੀ ਨੂੰ ਲਿਖੇ ਪੱਤਰ ਵਿਚ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਜਾਣਕਾਰੀ ਦਿਤੀ ਕਿ ਇਸ ਮਾਰਗ ਬਾਰੇ ਸੰਭਵਤਾ ਰੀਪੋਰਟ ਅਤੇ ਵਿਸਥਾਰਤ ਪ੍ਰਾਜੈਕਟ ਰੀਪੋਰਟ (ਡੀ.ਪੀ.ਆਰ.) ਪ੍ਰਕ੍ਰਿਆ ਅਧੀਨ ਹੈ ਜੋ ਛੇਤੀ ਹੀ ਮੰਤਰਾਲੇ ਕੋਲ ਸੌਂਪ ਦਿਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਤਿਹਾਸਕ ਕਸਬੇ ਸਰਹਿੰਦ, ਫ਼ਤਹਿਗੜ੍ਹ ਸਾਹਿਬ ਅਤੇ ਚਮਕੌਰ ਸਾਹਿਬ ਇਸੇ ਮਾਰਗ 'ਤੇ ਸਥਿਤ ਹਨ ਜਿਥੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਾਰ ਸਾਹਿਬਜ਼ਾਦਿਆਂ ਨੇ ਲਾਸਾਨੀ ਸ਼ਹਾਦਤ ਦਿਤੀ ਸੀ। ਗੁਰੂ ਸਾਹਿਬ ਜੀ ਦੇ ਮਾਤਾ ਗੁਜਰੀ ਜੀ ਜੋ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਜੀ ਨਾਲ ਸਨ, ਨੇ ਵੀ ਫ਼ਤਹਿਗੜ੍ਹ ਸਾਹਿਬ ਵਿਖੇ ਅਪਣੇ ਪ੍ਰਾਣ ਤਿਆਗੇ ਸਨ। ਮਾਤਾ ਗੁਜਰੀ ਜੀ ਸਿੱਖ ਇਤਿਹਾਸ ਦੀ ਲਾਸਾਨੀ ਮੂਰਤ ਹਨ ਜਿਨ੍ਹਾਂ ਨੂੰ ਬਹਾਦਰੀ ਅਤੇ ਮਹਾਨ ਕੁਰਬਾਨੀ ਲਈ ਯਾਦ ਕੀਤਾ ਜਾਂਦਾ ਹੈ।ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਵਲੋਂ ਕੌਮੀ ਮਾਰਗ 344ਏ ਨੂੰ ਪਿੰਡ ਪਨਿਆਲੀ ਤੋਂ ਵਾਇਆ ਬੇਲਾ-ਚਮਕੌਰ ਸਾਹਿਬ-ਮੋਰਿੰਡਾ-ਸਰਹਿੰਦ ਤਕ ਪਟਿਆਲਾ ਨਾਲ ਜੋੜਨ ਲਈ ਸਿਧਾਂਤਕ ਤੌਰ 'ਤੇ ਕੀਤੇ ਐਲਾਨ ਕਰਨ 'ਤੇ ਉਨ੍ਹਾਂ ਦਾ ਧਨਵਾਦ ਕੀਤਾ ਹੈ।