
ਚੰਡੀਗੜ੍ਹ, 1 ਨਵੰਬਰ (ਸਸਸ): ਪ੍ਰਕਾਸ਼ ਸਿੰਘ ਬਾਦਲ ਵਲੋਂ ਪੰਜਾਬ ਦੇ ਅਰਾਜਕਤਾ ਵਲ ਜਾਣ ਦੇ ਲਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿਚ ਅਮਨ-ਕਾਨੂੰਨ ਦੀ ਵਿਵਸਥਾ ਬੀਤੇ 10 ਸਾਲਾਂ ਨਾਲੋਂ ਕਿਤੇ ਬਿਹਤਰ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਮਾਰਚ ਮਹੀਨੇ 'ਚ ਕਾਂਗਰਸ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਜੁਰਮ ਦੀਆਂ ਵੱਡੀਆਂ ਘਟਨਾਵਾਂ 'ਚ ਗਿਰਾਵਟ ਆਉਣ ਦੇ ਤੱਥ ਇਸ ਦੀ ਗਵਾਹੀ ਭਰਦੇ ਹਨ।
ਅਮਨ-ਕਾਨੂੰਨ ਦੀ ਸਥਿਤੀ ਵਿਗੜਨ ਬਾਰੇ ਸਾਬਕਾ ਮੁੱਖ ਮੰਤਰੀ ਵਲੋਂ ਲਾਏ ਦੋਸ਼ਾਂ ਨੂੰ ਸਿੱਧ ਕਰਨ ਦੀ ਚੁਨੌਤੀ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਸਾਲ ਵਿਧਾਨ ਸਭਾ ਚੋਣਾਂ ਵਿਚ ਹੋਈ ਸੱਤਾ ਤਬਦੀਲੀ ਤੋਂ ਬਾਅਦ ਅਮਨ-ਚੈਨ ਦੀ ਵਿਵਸਥਾ ਵਿਚ ਵੱਡਾ ਸੁਧਾਰ ਹੋਇਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਬਾਦਲ ਦੀ ਅਗਵਾਈ ਵਿਚ ਅਕਾਲੀ-ਭਾਜਪਾ ਗਠਜੋੜ ਦੇ ਸ਼ਾਸਨਕਾਲ ਦੌਰਾਨ ਜੰਗਲ ਰਾਜ ਦੇ ਉਲਟ ਪੰਜਾਬ ਵਿਚ ਹੁਣ ਅਮਨ-ਸ਼ਾਂਤੀ ਬਣੀ ਹੋਈ ਹੈ ਕਿਉਂ ਜੋ ਪਿਛਲੇ ਅੱਠ ਮਹੀਨਿਆਂ ਵਿਚ ਬੇਅਦਬੀ ਦੀਆਂ ਘਟਨਾਵਾਂ ਅਤੇ ਨਸ਼ਿਆਂ ਦੇ ਧੰਦੇ 'ਤੇ ਕਾਬੂ ਪੈਣ ਦੇ ਨਾਲ-ਨਾਲ ਕਤਲ ਅਤੇ ਅਗ਼ਵਾ ਵਰਗੇ ਘਿਨਾਉਣੇ ਜੁਰਮਾਂ ਵਿਚ ਵੱਡੀ ਪੱਧਰ 'ਤੇ ਗਿਰਾਵਟ ਆਈ ਹੈ।
ਬਾਦਲ ਸਰਕਾਰ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਡਗਮਗਾ ਜਾਣ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਸਰਕਾਰ ਤੋਂ ਪਹਿਲਾਂ ਪੰਜਾਬ ਦੇ ਲੋਕ ਖ਼ੌਫਜ਼ਦਾ ਮਾਹੌਲ ਵਿਚ ਸਹਿਮ ਕੇ ਦਿਨ ਕਟੀ ਕਰਦੇ ਸਨ ਅਤੇ ਗਠਜੋੜ ਸਰਕਾਰ ਦੀ ਪੁਸ਼ਤਪਨਾਹੀ ਨਾਲ ਚਾਰ-ਚੁਫ਼ੇਰੇ ਗੈਂਗਸਟਰਾਂ ਦਾ ਬੋਲਬਾਲਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਅਪਰਾਧੀਆਂ ਨੂੰ ਨੱਥ ਪਾਉਣੀ ਸ਼ੁਰੂ ਕਰ ਦਿਤੀ ਜਿਸ ਨਾਲ ਹੁਣ ਗੈਂਗਸਟਰ ਅਤੇ ਅਪਰਾਧੀ ਅਨਸਰ ਗ੍ਰਿਫ਼ਤਾਰ ਤੇ ਕਰੜੀ ਸਜ਼ਾ ਦੇ ਡਰ ਤੋਂ ਘਬਰਾ ਕੇ ਇੱਥੋਂ ਭੱਜਦੇ ਵੇਖੇ ਜਾ ਸਕਦੇ ਹਨ। ਬਾਦਲ ਵਲੋਂ ਸੂਬੇ ਵਿਚ ਮਿੱਥੇ ਕੇ ਕੀਤੇ ਕਤਲਾਂ ਨੂੰ ਅਰਾਜਕਤਾ ਫੈਲਣ ਨਾਲ ਜੋੜ ਕੇ ਲਾਏ ਦੋਸ਼ਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਹਮਲੇ ਲਗਭਗ ਦੋ ਸਾਲ ਪਹਿਲਾਂ ਹੋਣੇ ਸ਼ੁਰੂ ਹੋਏ ਹਨ ਜਦੋਂ ਅਕਾਲੀ ਸੱਤਾ ਵਿਚ ਸਨ।