
ਚੰਡੀਗੜ੍ਹ, 6 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ਸਣੇ ਕਾਂਗਰਸੀ ਸੰਸਦ ਮੈਂਬਰਾਂ ਨਾਲ ਕਿਸੇ ਵੀ ਤਰ੍ਹਾਂ ਦੀ ਮੀਟਿੰਗ ਅੱਗੇ ਪਾਉਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਇਸ ਤਰ੍ਹਾਂ ਦੀ ਕੋਈ ਵੀ ਮੀਟਿੰਗ ਤੈਅ ਹੀ ਨਹੀਂ ਸੀ ਕੀਤੀ ਗਈ। ਮੁੱਖ ਮੰਤਰੀ ਨੇ ਸੋਮਵਾਰ ਨੂੰ ਕਾਂਗਰਸੀ ਸੰਸਦ ਮੈਂਬਰਾਂ ਨਾਲ ਹੋਣ ਵਾਲੀ ਮੀਟਿੰਗ ਨੂੰ ਮੁਅੱਤਲ ਕਰਨ ਅਤੇ ਬਾਜਵਾ ਨੂੰ ਅਪਣੀਆਂ ਕਥਿਤ ਸ਼ਿਕਾਇਤਾਂ ਤੋਂ ਜਾਣੂੰ ਕਰਾਉਣ ਤੋਂ ਵਾਂਝਿਆਂ ਕਰਨ ਸਬੰਧੀ ਰੀਪੋਰਟਾਂ ਨੂੰ ਰੱਦ ਕਰ ਦਿਤਾ। ਇਨ੍ਹਾਂ ਰੀਪੋਰਟਾਂ ਨੂੰ ਕਾਲਪਨਿਕ ਅਤੇ ਆਧਾਰਹੀਣ ਦਸਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀ ਮੀਟਿੰਗ ਸੋਮਵਾਰ ਨੂੰ ਕੀਤੇ ਜਾਣ ਦਾ ਸੁਆਲ ਹੀ ਨਹੀਂ ਸੀ ਉਠਦਾ ਕਿਉਂਕਿ ਕੁਲ ਹਿੰਦ ਕਾਂਗਰਸ ਕਮੇਟੀ ਨੇ ਪਹਿਲਾਂ ਹੀ ਹਿਮਾਚਲ ਪ੍ਰਦੇਸ਼ ਦੀ ਚੋਣ ਮੁਹਿੰਮ ਦੇ ਪ੍ਰੋਗਰਾਮ ਨੂੰ ਅੰਤਮ ਰੂਪ ਦੇ ਦਿਤਾ ਸੀ
ਅੱਜ ਜਾਰੀ ਇਕ ਬਿਆਨ 'ਚ ਕੈਪਟਨ ਨੇ ਕਿਹਾ ਕਿ ਭਾਵੇਂ ਬਾਜਵਾ ਸਣੇ ਪਾਰਟੀ ਦੇ ਸੰਸਦ ਮੈਂਬਰਾਂ ਦਾ ਕਿਸੇ ਵੀ ਸਮੇਂ ਉਨ੍ਹਾਂ ਨੂੰ ਮਿਲਣ ਦਾ ਪੂਰਾ ਸਵਾਗਤ ਹੈ ਪਰ ਸੰਸਦੀ ਇਜਲਾਸ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦਾ ਏਜੰਡਾ ਸਥਾਪਤ ਕਰਨ ਲਈ ਮੀਟਿੰਗ ਸੱਦੇ ਜਾਣ ਬਾਰੇ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ। ਮੁੱਖ ਮੰਤਰੀ ਨੇ ਕਿਹਾ ਕਿ ਬਾਜਵਾ ਦੀਆਂ ਕਥਿਤ ਸ਼ਿਕਾਇਤਾਂ ਬਾਰੇ ਪ੍ਰਕਾਸ਼ਤ ਰੀਪੋਰਟਾਂ ਨਿਰਾਧਾਰ ਹਨ ਅਤੇ ਅਜਿਹਾ ਜਾਪਦਾ ਹੈ ਕਿ ਇਹ ਮੀਡੀਆ ਦੀ ਕਲਪਨਾ ਦੀ ਉਪਜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਦੇ ਮੰਚ 'ਤੇ ਕਿਸੇ ਵੀ ਕਾਂਗਰਸੀ ਮੈਂਬਰ ਨੂੰ ਅਪਣੀਆਂ ਸ਼ਿਕਾਇਤਾਂ ਉਠਾਉਣ ਦਾ ਪੂਰਾ ਅਧਿਕਾਰ ਹੈ ਅਤੇ ਬਾਜਵਾ ਵੀ ਕਾਂਗਰਸ ਲੀਡਰਸ਼ਿਪ ਅੱਗੇ ਅਪਣੇ ਮੁੱਦੇ ਰੱਖਣ ਲਈ ਪੂਰੀ ਤਰ੍ਹਾਂ ਆਜ਼ਾਦ ਹਨ। ਕੈਪਟਨ ਨੇ ਕਿਹਾ ਕਿ ਕਾਂਗਰਸ ਵਰਗੀ ਵੱਡੀ ਪਾਰਟੀ ਵਿਚ ਕੁੱਝ ਮੁੱਦਿਆਂ 'ਤੇ ਕੁੱਝ ਵਿਰੋਧਤਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਇਸ ਤਰ੍ਹਾਂ ਦੀਆਂ ਵਿਰੋਧਤਾਵਾਂ ਨੂੰ ਅੰਤਰ-ਪਾਰਟੀ ਵਿਚਾਰ-ਵਟਾਂਦਰੇ ਅਤੇ ਗੱਲਬਾਤ ਰਾਹੀਂ ਸੁਖਾਲੇ ਢੰਗ ਨਾਲ ਸੁਲਝਾਇਆ ਜਾ ਸਕਦਾ ਹੈ।