
ਗੁਰਦਾਸਪੁਰ/ਬਟਾਲਾ,
25 ਸਤੰਬਰ (ਹੇਮੰਤ ਨੰਦਾ/ਡਾ.ਹਰਪਾਲ ਸਿੰਘ ਬਟਾਲਵੀ) : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ
ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸੁਨੀਲ ਜਾਖੜ ਨੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ
ਦੇ ਮੁੱਦੇ 'ਤੇ ਬਾਦਲਾਂ 'ਤੇ ਤਿਖਾ ਹਮਲਾ ਕਰਦਿਆਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਨੇ
ਅਕਾਲੀ ਸਰਕਾਰ ਬਣਨ 'ਤੇ ਕਰਜ਼ਾ ਮੁਆਫ਼ ਕਰਨ ਦੇ ਵਾਅਦਾ ਕੀਤਾ ਸੀ ਪਰ ਸਰਕਾਰ ਬਣਨ ਤੋਂ ਬਾਅਦ
ਇਸ ਵਾਅਦੇ ਤੋਂ ਪਲਟਦਿਆਂ ਕਿਸਾਨਾਂ ਨਾਲ ਸਰਾਸਰ ਧੋਖਾ ਕੀਤਾ।
ਬਟਾਲਾ ਵਿਖੇ ਵਰਕਰਾਂ
ਨੂੰ ਸੰਬੋਧਨ ਕਰਦਿਆਂ ਸ੍ਰੀ ਜਾਖੜ ਨੇ ਨਵੰਬਰ, 2006 ਦੇ ਇਕ ਅਖ਼ਬਾਰ ਵਿਚ ਛਪੀ ਖ਼ਬਰ ਦਾ
ਹਵਾਲਾ ਦਿੰਦਿਆਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਦੀ ਪਾਰਟੀ ਦੇ ਸੱਤਾ ਵਿਚ ਆਉਣ
'ਤੇ ਖੇਤੀ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਪਰ ਲਗਾਤਾਰ ਦੋ ਵਾਰ ਸਰਕਾਰ ਬਣਾ ਲੈਣ
ਤੋਂ ਬਾਅਦ ਵੀ ਅਕਾਲੀਆਂ ਨੇ ਕਿਸਾਨਾਂ ਨੂੰ ਫੁਟੀ ਕੌਡੀ ਨਹੀਂ ਦਿਤੀ ਅਤੇ ਹੁਣ ਉਹ ਕਿਹੜੇ
ਮੂੰਹ ਨਾਲ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਅਲੋਚਨਾ ਕਰ ਰਹੇ ਹਨ।
ਸ੍ਰੀ ਜਾਖੜ ਨੇ
ਕਿਹਾ ਕਿ ਜੇਕਰ ਬਾਦਲ ਮੰਨਦੇ ਹਨ ਕਿ ਕਰਜ਼ਾ ਮੁਆਫੀ ਦੀ ਦੋ ਲੱਖ ਰੁਪਏ ਦੀ ਰਾਸ਼ੀ ਘੱਟ ਹੈ
ਤਾਂ ਫੇਰ ਇਨ੍ਹਾਂ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਲ ਪੰਜਾਬ ਦੇ ਕਿਸਾਨਾਂ ਦਾ ਪੱਖ
ਰੱਖਣ ਲਈ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਕਾਲੀ ਸਰਕਾਰੀ ਖ਼ਜ਼ਾਨੇ ਵਿਚ
ਦੁਆਨੀ ਵੀ ਨਹੀਂ ਛੱਡ ਕੇ ਗਏ ਪਰ ਕੈਪਟਨ ਅਮਰਿੰਦਰ ਸਿੰਘ ਨੇ ਅਪਣਾ ਵਾਅਦਾ ਪੁਗਾਉਂਦਿਆਂ
10.25 ਲੱਖ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਦਿਤਾ ਜਿਨ੍ਹਾਂ ਵਿਚ 8.25 ਲੱਖ ਕਿਸਾਨਾਂ ਦੇ
ਸਮੁੱਚੇ ਕਰਜ਼ੇ 'ਤੇ ਲਕੀਰ ਫੇਰ ਦਿਤੀ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਉਹ ਵਿਰੋਧੀ ਧਿਰ
ਦੇ ਨੇਤਾ ਹੋਣ ਦੇ ਬਾਵਜੂਦ ਬਾਦਲ ਨਾਲ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਮਿਲਣ ਗਏ
ਸਨ ਕਿਉਂਕਿ ਮੇਰੇ ਲਈ ਪੰਜਾਬ ਦੇ ਹਿੱਤ ਸੱਭ ਤੋਂ ਉਪਰ ਹਨ ਪਰ ਬਾਦਲਾਂ ਨੇ ਅਪਣੀ ਸਰਕਾਰ
ਵੇਲੇ ਫ਼ੰਡ ਖ਼ਰਚਣ ਵਿਚ ਕਾਂਗਰਸੀ ਵਿਧਾਇਕਾਂ ਦੇ ਹਲਕਿਆਂ ਨਾਲ ਸਰਾਸਰ ਬੇਇਨਸਾਫ਼ੀ ਕੀਤੀ।
ਗੁਰਦਾਸਪੁਰ
ਦੇ ਚੋਣ ਦਫ਼ਤਰ ਵਿੱਚ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਸੰਬਧੋਨ ਕਰਦਿਆਂ ਸ੍ਰੀ ਜਾਖੜ ਨੇ
ਉਨ੍ਹਾਂ ਨੂੰ ਮੌਜੂਦਾ ਹਾਲਤਾਂ ਨੂੰ ਧਿਆਨ ਵਿਚ ਰੱਖ ਕੇ ਅਪਣੀ ਵੋਟ ਪਾਉਣ ਦਾ ਸੱਦਾ ਦਿੱਤਾ
ਕਿਉਂ ਜੋ ਦਿੱਲੀ ਵਿਚ ਬੈਠੇ ਭਾਜਪਾ ਸਰਕਾਰ ਦੇ ਹਾਕਮ ਲੋਕਾਂ ਨੂੰ ਕਿਹੜਾ ਧਰਮ ਅਪਨਾਉਣ
ਅਤੇ ਕੀ ਖਾਣ-ਪਹਿਨਣ ਦੀਆਂ ਪੱਟੀਆਂ ਪੜ੍ਹਾ ਰਹੇ ਹਨ। ਇਸ ਮੀਟਿੰਗ ਵਿਚ ਵਿਧਾਇਕ ਪਰਗਟ
ਸਿੰਘ, ਬਰਿੰਦਰਮੀਤ ਸਿੰਘ ਪਾਹੜਾ ਅਤੇ ਫ਼ਤਹਿਜੰਗ ਬਾਜਵਾ ਵੀ ਹਾਜ਼ਰ ਸਨ।