
ਐਸ.ਏ.ਐਸ. ਨਗਰ, 26 ਫ਼ਰਵਰੀ (ਪ੍ਰਭਸਿਮਰਨ ਸਿੰਘ ਘੱਗਾ) : ਜ਼ਿਲ੍ਹਾ ਅਦਾਲਤ ਵਿਚ ਕਰੀਬ 1 ਵਜੇ ਮਾਹੌਲ ਗਰਮਾ ਗਿਆ ਜਦੋਂ ਬਖਸ਼ੀਖਾਨੇ ਵਿਚ ਬੰਦ ਗੁਰਜੰਟ ਸਿੰਘ ਜੰਟਾ ਕਤਲ ਕੇਸ ਦੇ ਮੁਲਜ਼ਮਾਂ ਦੀ ਆਪਣੇ ਰਿਸ਼ਤੇਦਾਰ ਨਾਲ ਮੁਲਾਕਾਤ ਨੂੰ ਲੈ ਕੇ ਇਕ ਪੁਲਿਸ ਮੁਲਾਜ਼ਮ ਨਾਲ ਝੜਪ ਹੋ ਗਈ। ਮਾਮਲਾ ਇਥੋਂ ਤਕ ਵੱਧ ਗਿਆ ਕਿ ਬਖਸ਼ੀਖਾਨੇ ਵਿਚ ਬੰਦ ਹਵਾਲਾਤੀਆਂ ਨੇ ਬਾਹਰ ਤੈਨਾਤ ਪੁਲਿਸ ਮੁਲਾਜ਼ਮ ਨਾਲ ਹਾਥਾਪਾਈ ਕੀਤੀ ਅਤੇ ਮੁਲਾਜ਼ਮ ਦੀ ਵਰਦੀ ਤੱਕ ਫਾੜ ਦਿਤੀ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਅਧਿਕਾਰੀ ਇਸ ਪੂਰੀ ਘਟਨਾ ਨੂੰ ਦਬਾਉਣ ਵਿਚ ਜੁਟੇ ਹੋਏ ਹਨ ਅਤੇ ਇਸ ਨੂੰ ਮੰਨਣ ਲਈ ਤਿਆਰ ਨਹੀਂ ਹਨ। ਇਹ ਮੁਲਜ਼ਮ ਨਵੀਂ ਨਾਭਾ ਜੇਲ ਤੋਂ ਪੇਸ਼ੀ ਲਈ ਆਏ ਸਨ। ਜਦੋ ਹੀ ਉਥੇ ਮੋਜ਼ੂਦ ਲੋਕਾਂ ਨੇ ਜਦੋਂ ਗਾਲਾ ਸੁਣਿਆਂ ਤਾਂ ਲੋਕ ਉਥੇ ਇਕੱਠੇ ਹੋ ਗਏ ਤੇ ਪੁਲਿਸ ਦੁਆਰਾ ਸਾਰੇ ਲੋਕਾ ਨੂੰ ਉਕਤ ਜਗਾਂ ਤੋਂ ਬਾਹਰ ਕੀਤਾ ਗਿਆ। ਇਹ ਸਾਰੀ ਪ੍ਰਿਕਿਆ ਕੋਟਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਚ ਵੀ ਕੈਦ ਹੋਈ ਹੋਵੇਗੀ। ਜਾਣਕਾਰੀ ਅਨੁਸਾਰ ਅਦਾਲਤ ਦੇ ਬਖਸ਼ੀਖਾਨੇ ਵਿਚ ਜੰਟਾ ਕਤਲ ਕੇਸ ਦੇ ਮੁਲਜ਼ਮਾਂ ਨੂੰ ਨਵੀਂ ਨਾਭਾ ਜੇਲ ਤੋਂ ਪੇਸ਼ੀ ਲਈ ਲਿਆਇਆ ਹੋਇਆ ਸੀ।
ਮੁਲਜ਼ਮ ਦੇ ਕੋਈ ਰਿਸ਼ਤੇਦਾਰ ਬਖਸ਼ੀਖਾਨੇ ਦੀਆਂ ਸਲਾਖਾਂ ਨਾਲ ਖੜੇ ਹੋਕੇ ਉਨ੍ਹਾਂ ਨਾਲ ਮੁਲਾਕਾਤ ਕਰ ਰਹੇ ਸਨ। ਅਦਾਲਤ ਵਿਚ ਤੈਨਾਤ ਪੁਲਿਸ ਕਰਮੀਆਂ ਨੇ ਉਨ੍ਹਾਂ ਨੂੰ ਉਥੇ ਖੜੇ ਹੋਣ ਤੋਂ ਰੋਕਿਆ ਤਾਂ ਅੰਦਰ ਬੰਦ ਉਕਤ ਕਤਲ ਕੇਸ ਦੇ ਮੁਲਜ਼ਮਾਂ ਨੇ ਉਹ ਰੋਕਣ ਵਾਲੇ ਪੁਲਿਸ ਮੁਲਾਜ਼ਮ ਨੂੰ ਅੰਦਰ ਤੋਂ ਗਾਲਾ ਕੱਢਣਿਆਂ ਸ਼ੁਰੂ ਕਰ ਦਿਤੀਆਂ। ਜਦੋਂ ਮੁਲਾਜ਼ਮ ਨੇ ਉਨ੍ਹਾਂ ਨੂੰ ਕੋਲ ਆਕੇ ਗਾਲੀ ਗਲੌਚ ਕਰਨ ਤੋਂ ਰੁਕਣ ਲਈ ਕਿਹਾ ਤਾਂ ਪਹਿਲਾਂ ਤੋਂ ਗ਼ੁੱਸੇ ਵਿਚ ਖੜੇ ਮੁਲਜ਼ਮਾਂ ਨੇ ਪੁਲਿਸ ਮੁਲਾਜ਼ਮ ਨੂੰ ਅੰਦਰ ਤੋਂ ਹੀ ਫੜ ਲਿਆ ਅਤੇ ਉਸਦੀ ਵਰਦੀ ਫਾੜ ਦਿਤੀ। ਉਧਰ, ਜਦੋਂ ਹੀ ਪੁਲਿਸ ਮੁਲਾਜਮ ਦੇ ਨਾਲ ਹਵਾਲਾਤੀਆਂ ਦੁਆਰਾ ਕੀਤੀ ਗਈ ਬਦਸਲੂਕੀ ਸਬੰਧੀ ਸੂਚਨਾ ਮਿਲਣ ਉਤੇ ਐਸ.ਐਚ.ਓ. ਸੋਹਾਨਾ ਇੰਸਪੈਕਟਰ ਮਨਜੀਤ ਸਿੰਘ ਮੌਕੇ ਉੱਤੇ ਪੁੱਜੇ। ਉਨ੍ਹਾਂ ਨੇ ਅਦਾਲਤ ਵਿਚ ਤੈਨਾਤ ਸਾਰੇ ਪੁਲਿਸ ਮੁਲਾਜਮਾਂ ਤੋਂ ਪੁੱਛਗਿਛ ਕੀਤੀ ਅਤੇ ਪੂਰੇ ਘਟਨਾਕਰਮ ਦਾ ਜਾਇਜਾ ਲਿਆ।ਉਕਤ ਮਾਮਲੇ ਸਬੰਧੀ ਸੰਪਰਕ ਕਰਨ 'ਤੇ ਐਸ.ਐਚ.ਓ. ਸੋਹਾਨਾ ਮਨਜੀਤ ਸਿੰਘ ਨੇ ਕਿਹਾ ਕਿ ਅਦਾਲਤ ਵਿਚ ਕਿਸੇ ਹਵਾਲਾਤੀ ਦੀ ਪੁਲਿਸ ਮੁਲਾਜਮ ਨਾਲ ਥੋੜ੍ਹੀ ਬਹੁਤ ਕਿਹਾਸੁਣੀ ਹੋਈ ਸੀ ਪਰ ਬਾਅਦ ਵਿਚ ਮਾਮਲਾ ਸ਼ਾਂਤ ਹੋ ਗਿਆ ਸੀ।