
ਗੁਰਦਾਸਪੁਰ, 1 ਫ਼ਰਵਰੀ (ਹੇਮੰਤ ਨੰਦਾ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਕੇਂਦਰ ਸਰਕਾਰ ਵਲੋਂ ਅੱਜ ਸਾਲ 2018-19 ਲਈ ਪੇਸ਼ ਕੀਤੇ ਬਜਟ ਨੂੰ ਮੋਦੀ ਸਰਕਾਰ ਦੇ ਸ਼ਗੂਫ਼ਿਆਂ ਅਤੇ ਜੁਮਲਿਆਂ ਦੀਆਂ ਚੌਥੀ ਕੜੀ ਦਸਦਿਆਂ ਕਿਹਾ ਕਿ ਇਸ ਬਜਟ ਵਿਚ ਦੇਸ਼ ਦੇ ਕਿਸਾਨਾਂ, ਗ਼ਰੀਬਾਂ, ਬੇਰੁਜ਼ਗਾਰਾਂ, ਨੌਕਰੀਪੇਸ਼ ਲੋਕਾਂ ਲਈ ਕੁੱਝ ਵੀ ਠੋਸ ਪਹਿਲਕਦਮੀ ਨਹੀਂ ਕੀਤੀ ਗਈ ਹੈ।ਅੱਜ ਜਾਰੀ ਬਿਆਨ ਵਿਚ ਜਾਖੜ ਨੇ ਇਸ ਬਜਟ ਨੂੰ ਦਿਸ਼ਾਹੀਣ ਬਜਟ ਦਸਦਿਆਂ ਕਿਹਾ ਕਿ ਦੇਸ਼ ਵਿਚ ਕਿਸਾਨੀ ਦੀ ਭਲਾਈ ਪ੍ਰਤੀ ਇਸ ਬਜਟ ਵਿਚ ਕੋਈ ਠੋਸ ਐਲਾਨ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਦੇਸ਼ ਦਾ ਕਿਸਾਨ ਕਰਜ਼ ਦੇ ਬੋਝ ਹੇਠ ਦਬ ਚੁਕਿਆ ਹੈ ਪਰ ਇਸ ਬਜਟ ਵਿਚ ਵਿੱਤ ਮੰਤਰੀ ਨੇ ਕਿਸਾਨਾਂ ਦੀ ਕਰਜ਼ ਮਾਫ਼ੀ ਬਾਰੇ ਪੂਰੀ ਤਰਾਂ ਨਾਲ ਚੁਪੀ ਧਾਰੀ ਰੱਖੀ ਜਦ ਕਿ ਉਤਰ ਪ੍ਰਦੇਸ਼ ਚੋਣਾਂ ਤੋਂ ਪਹਿਲਾਂ ਖ਼ੁਦ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਕਰਜ਼ ਮਾਫ਼ੀ ਦਾ ਐਲਾਨ ਕੀਤਾ ਸੀ। ਸ੍ਰੀ ਜਾਖੜ ਨੇ ਕਿਹਾ ਕਿ ਦੇਸ਼ ਵਿਚ ਦੋ ਤਿਹਾਈ ਅਬਾਦੀ ਖੇਤੀ ਦੇ ਨਿਰਭਰ ਹੈ ਪਰ ਪਿਛਲੇ ਸਾਲ ਦੀ 4.9 ਫ਼ੀ ਸਦੀ ਖੇਤੀ ਵਿਕਾਸ ਦਰ ਦੇ ਮੁਕਾਬਲੇ ਚਾਲੂ ਸਾਲ ਦੌਰਾਨ ਇਹ ਵਿਕਾਸ ਦਰ ਘਟ ਕੇ 2.1 ਫ਼ੀ ਸਦੀ ਰਹਿ ਗਈ ਹੈ।
ਇਸੇ ਤਰ੍ਹਾਂ ਵਿੱਤ ਮੰਤਰੀ ਵਲੋਂ ਘਟੋ-ਘੱਟ ਸਮਰਥਨ ਮੁੱਲ ਨੂੰ ਲਾਗਤ ਦਾ ਡੇਢ ਗੁਣਾ ਕਰਨ ਦੇ ਐਲਾਨ ਨੂੰ ਕਿਸਾਨਾਂ ਨਾਲ ਧੋਖਾ ਕਰਾਰ ਦਿੰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਪਤਾ ਨਹੀਂ ਵਿੱਤ ਮੰਤਰਾਲਾ ਕਿਸ ਫ਼ਾਰਮੂਲੇ ਨਾਲ ਇਹ ਗਣਨਾ ਕਰ ਰਿਹਾ ਹੈ ਜਦਕਿ ਕਿਸਾਨ ਨੂੰ ਉਸ ਦੀ ਫ਼ਸਲ ਦੇ ਲਾਗਤ ਜਿੰਨਾ ਵੀ ਮੁੱਲ ਨਹੀਂ ਮਿਲ ਰਿਹਾ ਹੈ।ਇਸ ਬਜਟ ਨੂੰ ਦੇਸ਼ ਦੇ ਗ਼ਰੀਬਾਂ ਦੇ ਜ਼ਖ਼ਮਾਂ 'ਤੇ ਲੂਣ ਦਸਦਿਆਂ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਨੇ ਗ਼ਰੀਬਾਂ ਨੂੰ 5 ਲੱਖ ਰੁਪਏ ਤਕ ਦੇ ਮੈਡੀਕਲ ਬੀਮੇ ਦਾ ਐਲਾਨ ਕੀਤਾ ਹੈ ਪਰ ਇਸ ਸਰਕਾਰ ਨੇ ਦੋ ਸਾਲ ਪਹਿਲਾਂ 1 ਲੱਖ ਰੁਪਏ ਦੇ ਐਲਾਣੀ ਮੈਡੀਕਲ ਬੀਮੇ ਦੀ ਸਕੀਮ ਨੂੰ ਤਾਂ ਹਾਲੇ ਤਕ ਨੋਟੀਫ਼ਾਈ ਵੀ ਨਹੀਂ ਕੀਤਾ ਹੈ। ਜਾਖੜ ਨੇ ਕਿਹਾ ਕਿ ਇਸ ਸਰਕਾਰ ਵਲੋਂ ਬੇਰੁਜ਼ਗਾਰਾਂ ਨਾਲ ਕੀਤੇ ਕੋਝੇ ਮਜ਼ਾਕ ਦੀ ਨਿੰਦਾ ਕਰਦਿਆਂ ਕਿਹਾ ਕਿ ਚੋਣਾਂ ਸਮੇਂ ਪ੍ਰਧਾਨ ਮੰਤਰੀ ਨੇ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ ਪਰ ਅੱਜ ਦੇ ਬਜਟ ਵਿਚ ਸਰਕਾਰ ਨੇ ਅਧਿਕਾਰਤ ਤੌਰ 'ਤੇ ਸਿਰਫ਼ 70 ਲੱਖ ਨੌਕਰੀਆਂ ਦੇਣ ਦੀ ਗੱਲ ਕਰ ਕੇ ਅਪਣੀ ਨਾਕਾਮੀ ਨੂੰ ਖ਼ੁਦ ਸੰਸਦ ਸਾਹਮਣੇ ਸਵੀਕਾਰ ਕਰ ਲਿਆ ਹੈ।