
ਚੰਡੀਗੜ੍ਹ, 13 ਮਾਰਚ (ਸਸਸ): ਅਮਰਜੀਤ ਸਿੰਘ ਸਮਰਾ, ਚੇਅਰਮੈਨ, ਮਾਰਕਫੈੱਡ ਅਤੇ ਬੋਰਡ ਆਫ ਡਾਇਰੈਕਟਰਜ਼ ਦੇ ਮੈਂਬਰਾਂ ਨੇ ਪਿਛਲੇ ਦਿਨੀਂ ਜੀ.ਐਸ.ਐਫ.ਸੀ. ਦੇ ਬੜੌਦਾ ਵਿਖੇ ਮੁੱਖ ਦਫ਼ਤਰ ਅਤੇ ਕਾਰਖਾਨਿਆਂ ਦਾ ਦੌਰਾ ਕੀਤਾ, ਜਿਥੇ ਜੀ.ਅੈਸ.ਐਫ.ਸੀ. ਵਲੋਂ ਕਿਸਾਨਾਂ ਦੀ ਜਾਗਰੂਕਤਾ ਵਧਾਉਣ ਲਈ ਚਲਾਏ ਜਾ ਰਹੇ ਵੱਖ-ਵੱਖ ਕੰਮਾਂ ਦਾ ਜਾਇਜ਼ਾ ਲਿਆ। ਜੀ.ਐਸ.ਐਫ.ਸੀ. ਦੇ ਪ੍ਰਬੰਧਕ ਨਿਰਦੇਸ਼ਕ ਏ.ਐਮ. ਤਿਵਾੜੀ, ਸੀਨੀਅਰ ਆਈ.ਏ.ਐਸ. ਨੇ ਉਨ੍ਹਾਂ ਵਲੋਂ ਚਲਾਏ ਜਾ ਰਹੇ ਗੰਨਾ ਅਤੇ ਕੇਲੇ ਤੋਂ ਇਲਾਵਾ ਹੋਰ ਸਬਜ਼ੀਆਂ ਅਤੇ ਫਲਾਂ ਦੀ ਗੁਣਵੱਤਾ ਅਤੇ ਪੈਦਾਵਾਰ ਵਧਾਉਣ ਦੇ ਟਿਸ਼ੂ ਕਲਚਰ ਉੱਦਮਾਂ ਦਾ ਖੁਲਾਸਾ ਕੀਤਾ। ਇਸ ਤੋਂ ਇਲਾਵਾ ਮਿੱਟੀ ਅਤੇ ਪਾਣੀ ਪਰਖ ਲਈ ਖਾਸ ਤੌਰ ਤੇ ਸੂਖਮ ਤੱਤਾਂ ਦੀ ਟੈਸਟਿੰਗ ਵਾਸਤੇ ਅਪਣਾਈਆਂ ਜਾ ਰਹੀਆਂ ਨਵੀਆਂ ਤਕਨੀਕਾਂ ਅਤੇ ਵਿਧੀਆਂ ਬਾਰੇ ਜਾਣਕਾਰੀ ਦਿਤੀ। ਇਸ ਮੌਕੇ ਤੇ ਚੇਅਰਮੈਨ ਮਾਰਕਫੈੱਡ ਅਤੇ ਐਮ.ਡੀ, ਜੀ.ਐਸ.ਐਫ.ਸੀ. ਦੀ ਹਾਜਰੀ ਵਿਚ ਦੋਨਾਂ ਅਦਾਰਿਆਂ ਦੇ ਆਪਸੀ ਤਾਲਮੇਲ ਰਾਹੀਂ ਅਹਿਮ ਮੁੱਦਿਆਂ ਦੀ ਪ੍ਰਾਪਤੀ ਲਈ ਇਕ ਐਮ.ਓ.ਯੂ. (ਸਮਝੌਤੇ) 'ਤੇ ਦਸਤਖਤ ਕੀਤੇ ਗਏ। ਮਾਰਕਫੈੱਡ ਵਲੋਂ ਬੀ.ਐਮ.ਸ਼ਰਮਾ, ਏ.ਐਮ.ਡੀ.(ਡੀ.) ਅਤੇ ਜੀ.ਐਸ.ਐਫ.ਸੀ. ਵਲੋਂ ਸ੍ਰੀ ਦੀਪਕ ਦਵੇ, ਵਾਈਸ ਪ੍ਰੈਜ਼ੀਡੈਂਟ (ਐਗਰੀ ਬਿਜ਼ਨਸ) ਵਲੋਂ ਦਸਤਖਤ ਕੀਤੇ ਗਏ।
ਇਸ ਸਮਝੌਤੇ ਤਹਿਤ ਮਾਰਕਫੈੱਡ ਅਤੇ ਜੀ.ਐਸ.ਐਫ.ਸੀ. ਮਿਲ ਕੇ ਖਾਦਾਂ ਦੀ ਸੁਚੱਜੀ ਵਰਤੋਂ ਅਤੇ ਮਿੱਟੀ, ਪਾਣੀ ਪਰਖ ਸਬੰਧੀ ਇਕ ਮੁਹਿੰਮ ਚਲਾਉਣਗੇ। ਆਟੋਮੈਟਿਕ ਸਹੂਲਤਾਂ ਨਾਲ ਲੈਸ ਇਕ ਮਾਡਰਨ ਮਿੱਟੀ ਪਰਖ ਪ੍ਰਯੋਗਸ਼ਾਲਾ ਸਾਂਝੇ ਯਤਨਾਂ ਨਾਲ ਸਥਾਪਤ ਕੀਤੀ ਜਾਵੇਗੀ, ਜਿਸ ਰਾਹੀਂ ਸੂਖਮ ਤੱਤਾਂ ਜਿਵੇਂ ਮੈਗਨੀਜ਼, ਜ਼ਿੰਕ ਆਦਿ ਦੀ ਘਾਟ ਪਤਾ ਲਗਾ ਕੇ ਕਿਸਾਨਾਂ ਨੂੰ ਵੱਢਮੁੱਲੀ ਜਾਣਕਾਰੀ ਦਿਤੀ ਜਾਵੇਗੀ। ਦੋਵਾਂ ਅਦਾਰਿਆਂ ਨੇ ਆਪੋ-ਅਪਣੇ ਸੇਲਜ਼ ਆਊਟਲੈੱਟ ਰਾਹੀਂ ਇਕ ਦੂਸਰੇ ਦੇ ਉਤਪਾਦਾਂ ਦੇ ਮੰਡੀਕਰਨ ਵਧਾਉਣ ਬਾਰੇ ਵੀ ਸਹਿਮਤੀ ਪ੍ਰਗਟਾਈ।ਅਮਰਜੀਤ ਸਿੰਘ ਸਮਰਾ, ਚੇਅਰਮੈਨ, ਮਾਰਕਫੈੱਡ ਨੇ ਅੱਗੇ ਦਸਿਆ ਕਿ ਮੁੰਬਈ ਵਿਖੇ ਅਪੀਡਾ ਦੇ ਵਿੱਤੀ ਸਹਿਯੋਗ ਨਾਲ ਤਾਜਾ ਫਲ ਅਤੇ ਸਬਜ਼ੀਆਂ ਦੇ ਨਿਰਯਾਤ ਸਬੰਧੀ ਏਅਰ ਇੰਡੀਆ ਕਾਰਗੋ ਵੀ ਬੋਰਡ ਦੇ ਮੈਂਬਰਾਂ ਨੂੰ ਦਿਖਾਇਆ ਗਿਆ ਅਤੇ ਪੰਜਾਬ ਦੇ ਸਬਜੀਆਂ ਅਤੇ ਫਲ ਉਤਪਾਦਕਾਂ ਦੀ ਬੇਹਤਰੀ ਲਈ ਮਹਾਰਾਸ਼ਟਰ ਮੰਡੀ ਬੋਰਡ ਵਲੋਂ ਸਥਾਪਤ ਕੀਤੇ ਪੈਕ-ਹਾਊਸ ਦੇ ਕਾਰਜਾਂ ਵਿਚ ਮਾਰਕਫੈੱਡ ਦੇ ਡਾਇਰੈਕਟਰਾਂ ਨੇ ਡੂੰਘੀ ਦਿਲਚਸਪੀ ਦਿਖਾਈ।