
ਪਾਤੜਾਂ/ਪਟਿਆਲਾ, 9 ਜਨਵਰੀ (ਹਰਮਿੰਦਰ ਕਰਤਾਰਪੁਰ, ਜਗਤਾਰ ਸਿੰਘ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਵਲੋਂ ਕਿਸਾਨਾਂ ਦੀ ਕਰਜ਼ਾ ਮਾਫ਼ੀ ਨੂੰ ਡਰਾਮੇਬਾਜ਼ੀ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਵਲੋਂ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਸੂਬੇ ਦੇ ਲੋਕਾਂ ਅਤੇ ਕਿਸਾਨਾਂ ਨਾਲ ਕੀਤੇ ਇਕ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ। ਹੁਣ ਕਰਜ਼ਾ ਮਾਫ਼ੀ ਦੇ ਨਾਮ 'ਤੇ ਕਿਸਾਨਾਂ ਦੀ ਖੱਜਲ ਖੁਆਰੀ ਕੀਤੀ ਜਾ ਰਹੀ ਹੈ ਜੋ ਕੇ ਖ਼ਾਨਾਪੂਰਤੀ ਪੂਰਤੀ ਤੋਂ ਬਿਨਾਂ ਕੁੱਝ ਵੀ ਨਹੀਂ ਹੈ।
ਸ. ਬਾਦਲ ਅੱਜ ਐਸ.ਜੀ.ਪੀ.ਸੀ ਦੀ ਸਾਬਕਾ ਮੈਂਬਰ ਬੀਬੀ ਹਰਜੀਤ ਕੌਰ ਹਰਿਆਉੁ ਦੇ ਸਪੁੱਤਰ ਅਤੇ ਐਸ.ਜੀ.ਪੀ ਸੀ ਮੈਂਬਰ ਅਤੇ ਸੀਨੀ.ਅਕਾਲੀ ਆਗੂ ਨਿਰਮਲ ਸਿੰਘ ਹਰਿਆਉ ਦੇ ਭਤੀਜੇ ਜਗਜੀਤ ਸਿੰਘ ਸੰਧੂ ਦੇ ਵਿਆਹ ਮੌਕੇ ਜੋੜੀ ਨੂੰ ਆਸ਼ੀਰਵਾਦ ਦੇਣ ਲਈ ਪਾਤੜਾਂ ਦੇ ਸ਼ਿਵ ਫ਼ਾਰਮ ਹਾਊਸ ਵਿਚ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਸਿਰ ਕਈ ਤਰ੍ਹਾਂ ਦਾ ਕਰਜ਼ਾ ਹੈ ਜਿਸ ਵਿਚ ਆੜ੍ਹਤੀਆਂ, ਨੈਸ਼ਨਲ ਬੈਕਾਂ ਅਤੇ ਕੋਆਪਰੇਟਿਵ ਬੈਂਕਾਂ ਦਾ ਕਰਜ਼ਾ ਸ਼ਾਮਲ ਹੈ। ਇਨ੍ਹਾਂ ਵਿਚੋਂ ਵੱਡਾ ਕਰਜ਼ਾ ਨੈਸ਼ਨਲ ਬੈਂਕਾਂ ਅਤੇ ਆੜ੍ਹਤੀ ਦਾ ਹੈ, ਜਦੋਂ ਕਿ ਕੋਆਪਰੇਟਿਵ ਬੈਂਕਾਂ ਦਾ ਕਰਜ਼ਾ ਬਹੁਤ ਛੋਟਾ ਹੈ ਜਿਸ ਨੂੰ ਕਿਸਾਨ ਅਪਣੀ ਮਿਹਨਤ ਕਰ ਕੇ ਅਸਾਨੀ ਨਾਲ ਉਤਾਰ ਸਕਦੇ ਹਨ ।
ਉਨ੍ਹਾਂ ਕਾਂਗਰਸ ਦੇ ਇਕ ਆਗੂ ਵਲੋਂ ਅਪਣੇ ਵਿਰੋਧੀਆਂ ਦੇ ਸਿਰ ਵੱਢਣ ਦੇ ਦਿਤੇ ਗਏ ਭੜਕਾਉ ਬਿਆਨ ਦੀ ਨਿੰਦਾ ਕਰਦਿਆਂ ਕਿਹਾ ਕਿ ਅਕਾਲੀ ਵਰਕਰਾਂ ਨੂੰ ਕਾਂਗਰਸੀ ਆਗੂਆਂ ਵਲੋਂ ਇਸ ਤਰ੍ਹਾਂ ਦੇ ਬਿਆਨ ਦੇ ਕੇ ਡਰਾਉਣ ਦੀਆਂ ਕੋਸ਼ਿਸ਼ਾਂ ਕੀਤੀਆ ਜਾ ਰਹੀਆ ਹਨ ਪਰੰਤੂ ਅਕਾਲੀ ਦਲ ਨੇ ਅਪਣੇ ਸਿਆਸੀ ਸਫ਼ਰ ਵਿਚ ਅਨੇਕਾਂ ਹਨੇਰੀਆਂ ਅਤੇ ਤੁਫ਼ਾਨਾਂ ਦਾ ਟਾਕਰਾ ਕੀਤਾ ਹੈ ਅਜਿਹੇ ਬਿਆਨਾਂ ਤੋਂ ਅਕਾਲੀ ਵਰਕਰ ਡਰਨ ਵਾਲੇ ਨਹੀਂ।ਇਸੇ ਤਰ੍ਹਾਂ ਸ. ਬਾਦਲ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਦੇ ਘਰ ਕਰਤਾਰ ਵਿਲ੍ਹਾ ਵਿਖੇ ਵੀ ਗਏ ਅਤੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਕਰਜ਼ੇ ਦੇ ਨਾਮ 'ਤੇ ਕਿਸਾਨਾਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ, ਅਕਾਲੀ ਦਲ ਜ਼ਿਲ੍ਹਾ ਪਟਿਆਲਾ (ਦਿਹਾਤੀ) ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਮੁਕਤਸਰ ਤੋਂ ਵਿਧਾਇਕ ਰੋਜ਼ੀ ਬਰਕੰਦੀ, ਰਣਧੀਰ ਸਿੰੰਘ ਰੱਖੜਾ, ਕਬੀਰ ਦਾਸ, ਅਮਰਜੀਤ ਸਿੰਘ ਚਾਵਲਾ, ਐਸ. ਜੀ. ਪੀ. ਸੀ.
ਮੈਂਬਰ ਸੁਰਜੀਤ ਸਿੰਘ ਗੜੀ ਆਦਿ ਹਾਜ਼ਰ ਸਨ।