
ਸੰਗਰੂਰ, 26 ਦਸੰਬਰ (ਗੁਰਦਰਸ਼ਨ ਸਿੰਘ ਸਿੱਧੂ/ਪਰਮਜੀਤ ਸਿੰਘ ਲੱਡਾ) : ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਪਟਿਆਲਾ ਰੇਂਜ ਡਾ. ਸੁਖਚੈਨ ਸਿੰਘ ਗਿੱਲ ਨੇ ਪੁਲਿਸ ਲਾਈਨ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਨੇ ਕਿਸਾਨਾਂ ਨਾਲ ਹੋਈ ਠੱਗੀ ਦੇ ਇਕ ਵੱਡੇ ਮਾਮਲੇ ਦਾ ਪਰਦਾਫਾਸ਼ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੀ ਹਾਜ਼ਰੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਗਿੱਲ ਨੇ ਦਸਿਆ ਕਿ ਕਿਸਾਨਾਂ ਦੀ ਖ਼ੂਨ-ਪਸੀਨੇ ਦੀ ਕਮਾਈ ਦੀ 1 ਕਰੋੜ 57 ਲੱਖ ਰੁਪਏ ਦੀ ਠੱਗੀ ਨੂੰ ਜ਼ਿਲ੍ਹਾ ਪੁਲਿਸ ਵਲੋਂ ਬੇਨਕਾਬ ਕੀਤਾ ਗਿਆ ਹੈ ਅਤੇ ਕਿਸਾਨਾਂ ਵਲੋਂ ਵੇਚੀ ਗਈ ਸਾਉਣੀ ਦੀ ਫਸਲ ਦੇ ਪੈਸੇ ਲੈ ਕੇ ਫ਼ਰਾਰ ਹੋਏ ਆੜ੍ਹਤੀ ਸਤਨਾਮ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਲੱਡਾ, ਸਮੇਤ ਮੁਨੀਮ ਸਤਾਰ ਖਾਂ ਪੁੱਤਰ ਸਫੀ ਮੁਹੰਮਦ ਵਾਸੀ ਪਲਾਸੌਰ ਅਤੇ ਹਰਵਿੰਦਰ ਸਿੰਘ ਉਰਫ਼ ਬੱਬੂ ਪੁੱਤਰ ਬਲਦੇਵ ਸਿੰਘ ਵਾਸੀ ਧੂਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 57 ਲੱਖ ਰੁਪਏ ਤੇ 2 ਕਿੱਲੋ 629 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ।
ਡੀ.ਆਈ.ਜੀ ਨੇ ਦਸਿਆ ਕਿ ਮੁਕੱਦਮੇ ਦਰਜ ਕਰ ਕੇ ਅਕਾਸ਼ਦੀਪ ਸਿੰਘ ਔਲਖ ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਧੂਰੀ ਦੀ ਨਿਗਰਾਨੀ ਹੇਠ ਤਫਤੀਸ਼ ਅਮਲ 'ਚ ਲਿਆਂਦੀ ਗਈ। ਸੰਗਰੂਰ ਪੁਲਿਸ ਵਲੋਂ ਸਮੇਂ ਸਿਰ ਪੈਰਵਾਈ ਕਰਦੇ ਹੋਏ ਮੁਸਤੈਦੀ ਨਾਲ ਸੈਂਟਰਲ ਇੰਟੈਲੀਜੈਂਸ ਅਤੇ ਸਟੇਟ ਇੰਟੈਲੀਜੈਂਸ ਨਾਲ ਰਾਬਤਾ ਕੀਤਾ, ਜਿਨ੍ਹਾਂ ਦੇ ਸਹਿਯੋਗ ਸਦਕਾ ਇਨ੍ਹਾਂ ਨੂੰ ਥਾਈਲੈਂਡ ਵਿਖੇ ਗ੍ਰਿਫ਼ਤਾਰ ਕਰਵਾ ਕੇ ਭਾਰਤ ਡਿਪੋਟ ਕਰਵਾਇਆ ਗਿਆ। 22 ਦਸੰਬਰ ਨੂੰ ਤਿੰਨਾਂ ਨੂੰ ਇੰਦਰਾ ਗਾਂਧੀ ਅੰਤਰ ਰਾਸ਼ਟਰੀ ਹਵਾਈ ਅੱਡਾ ਦਿੱਲੀ ਤੋਂ ਇੰਸਪੈਕਟਰ ਪ੍ਰਿਤਪਾਲ ਸਿੰਘ ਅਤੇ ਥਾਣੇਦਾਰ ਗੁਰਮੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਨੇ ਗ੍ਰਿਫ਼ਤਾਰ ਕਰ ਲਿਆ।