
ਮਲੋਟ, 11
ਸਤੰਬਰ (ਹਰਦੀਪ ਸਿੰਘ ਖ਼ਾਲਸਾ): ਸੂਬਾ ਸਰਕਾਰ ਦੀ ਸਖ਼ਤੀ ਦੇ ਬਾਵਜੂਦ ਧੜੱਲੇ ਨਾਲ ਹੋਈ
ਨਰਮੇ ਦੇ ਨਕਲੀ ਬੀਜਾਂ ਦੀ ਵਿਕਰੀ ਨੇ ਕਈ ਕਿਸਾਨਾਂ ਨੂੰ ਕੱਖੋਂ ਹੌਲਾ ਕਰ ਕੇ ਰੱਖ ਦਿਤਾ
ਹੈ। ਲੰਬੀ ਹਲਕੇ ਦੇ ਪਿੰਡ ਭਗਵਾਨਪੁਰਾ ਦੇ ਕਿਸਾਨ ਗੁਰਦਿੱਤ ਸਿੰਘ ਨੇ ਨਕਲੀ ਬੀਜਾਂ ਕਾਰਨ
ਖ਼ਰਾਬ ਹੋਈ ਨਰਮੇ ਦੀ ਫ਼ਸਲ ਟਰੈਕਟਰ ਨਾਲ ਵਾਹ ਦਿਤੀ।
ਗੁਰਦਿੱਤ ਸਿੰਘ ਪੁੱਤਰ ਤਾਰਾ
ਸਿੰਘ ਨੇ ਦਸਿਆ ਕਿ ਉਹ ਛੋਟਾ ਜ਼ਿਮੀਂਦਾਰ ਹੈ, ਉਸ ਨੇ ਅਪਣੀ 5 ਏਕੜ ਜ਼ਮੀਨ ਵਿਚ ਨਰਮੇ ਦੀ
ਫ਼ਸਲ ਦੀ ਬਿਜਾਈ ਕਰਨ ਲਈ ਮਲੋਟ ਦੀ ਅਨਾਜ ਮੰਡੀ 'ਚ ਸਥਿਤ ਗੁਰੂ ਨਾਨਕ ਪੈਸਟੀਸਾਈਡਜ਼ ਐਂਡ
ਫਰਟੀਲਾਈਜ਼ਰ ਫਰਮ ਤੋਂ 5 ਏਕੜ ਬੀਟੀ 773 ਨਰਮੇ ਦਾ ਬੀਜ ਅਪਣੇ ਆੜ੍ਹਤੀ ਵੇਦ ਪ੍ਰਕਾਸ਼ ਅਸ਼ੋਕ
ਕੁਮਾਰ ਰਾਹੀਂ ਖ੍ਰੀਦਿਆ ਸੀ। ਨਰਮੇ ਦੀ ਬਿਜਾਈ ਲਈ ਖਰੀਦੇ ਬੀਜ ਨਕਲੀ ਹੋਣ ਕਾਰਨ ਫ਼ਸਲ
ਖ਼ਰਾਬ ਹੋ ਗਈ। ਕਿਸਾਨ ਨੇ ਦਸਿਆ ਕਿ ਫ਼ਸਲ ਨੂੰ ਬਚਾਉਣ ਲਈ ਉਸ ਨੇ ਕਈ ਸਪਰੇਆਂ ਵੀ ਕੀਤੀਆਂ
ਪਰ ਸੱਭ ਹੀਲੇ ਵਿਅਰਥ ਗਏ, ਅਖੀਰ ਉਸ ਨੂੰ ਅਪਣੀ ਫ਼ਸਲ ਵਾਹੁਣ ਲਈ ਮਜਬੂਰ ਹੋਣਾ ਪਿਆ। ਉਧਰ
ਖੇਤੀਬਾੜੀ ਵਿਭਾਗ ਸੀ ਮੁਕਤਸਰ ਸਾਹਿਬ ਦੇ ਚੀਫ਼ ਬਲਜਿੰਦਰ ਸਿੰਘ ਨੇ ਦਸਿਆ ਕਿ ਉਹ ਮਲੋਟ ਦੇ
ਬਲਾਕ ਅਫ਼ਸਰ ਰਾਹੀਂ ਇਸ ਮਾਮਲੇ ਦੀ ਰਿਪੋਰਟ ਲੈ ਕੇ ਅਗਲੀ ਕਾਰਵਾਈ ਕਰਨਗੇ। ਉਨ੍ਹਾਂ ਦਸਿਆ
ਕਿ ਨਕਲੀ ਬੀਜ ਵੇਚਣ ਵਾਲੀ ਉਕਤ ਫਰਮ ਦੇ ਮਾਲਕ ਵਿਰੁਧ ਵਿਭਾਗ ਨੇ ਕਾਰਵਾਈ ਕਰਦਿਆਂ ਨਕਲੀ
ਬੀਜ ਬਰਾਮਦ ਕਰ ਕੇ ਮਾਮਲਾ ਦਰਜ ਕਰਵਾਇਆ ਜਾ ਚੁੱਕਾ ਹੈ।
ਉਧਰ ਆੜਤੀ ਰਾਮ ਚੰਦ ਰਾਮੀ
ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਨੇ ਬਰਾਨੀ ਜ਼ਮੀਨ ਵਿਚ ਨਰਮਾ ਬੀਜਿਆ ਸੀ
ਜੋ ਖ਼ਰਾਬ ਹੋਇਆ ਹੈ। ਕਿਸਾਨ ਨੇ ਸਾਨੂੰ ਦਸਿਆ ਹੈ ਪਰ ਹੁਣ ਜਦੋਂ ਬੀਜ ਵਿਕਰੇਤਾ ਦੀ ਜ਼ਮਾਨਤ
ਹੋਵੇਗੀ ਤਾਂ ਫਿਰ ਕਿਸਾਨ ਨੂੰ ਕੁਝ ਜਵਾਬ ਦਿਤਾ ਜਾਵੇਗਾ।