ਕਿਸੇ ਨਹੀਂ ਕਰਨੀ ਕਲਗੀਧਰ ਪਾਤਸ਼ਾਹ ਜਿਹੀ ਕੁਰਬਾਨੀ
Published : Jan 5, 2018, 4:13 pm IST
Updated : Jan 5, 2018, 10:43 am IST
SHARE ARTICLE

ਸਾਹਿਬੇ ਕਮਾਲ, ਸਰਬੰਸਦਾਨੀ, ਕਲਗੀਧਰ, ਦਸਮੇਸ਼ ਪਿਤਾ, ਬਾਲਾ ਪ੍ਰੀਤਮ, ਚੋਜੀ ਪ੍ਰੀਤਮ ਵਰਗੇ ਦਰਜਨਾਂ ਨਾਵਾਂ ਨਾਲ ਜਾਣੇ ਜਾਂਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਗ਼ੈਰਸਿੱਖ ਕੌਮਾਂ ਤਾਂ ਮਾਣ ਸਨਮਾਨ ਦਿੰਦੀਆਂ ਹਨ ਪਰ ਪੰਥ ਦੇ ਅਖੌਤੀ ਠੇਕੇਦਾਰਾਂ ਨੇ ਗੁਰੂ ਜੀ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਉਣ ਵਿਚ ਕੋਈ ਕਸਰ ਨਹੀਂ ਛੱਡੀ। ਇਸ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਤਖ਼ਤਾਂ ਦੇ ਜਥੇਦਾਰਾਂ ਨੇ ਜਿਵੇਂ ਸਮੁੱਚੀ ਸਿੱਖ ਕੌਮ ਦਾ ਜਲੂਸ ਕੱਢ ਕੇ ਰੱਖ ਦਿਤਾ, ਉਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਤਖ਼ਤਾਂ ਦੇ ਜਥੇਦਾਰ ਸਿਰਫ਼ ਅਕਾਲੀ ਦਲ ਬਾਦਲ ਜਾਂ ਬਾਦਲ ਪ੍ਰਵਾਰ ਦੇ ਪ੍ਰਭਾਵ ਹੇਠ ਹੀ ਨਹੀਂ ਬਲਕਿ ਪੰਥ ਵਿਰੋਧੀ ਤਾਕਤਾਂ ਦੇ ਵੀ ਦਾਬੇ ਹੇਠ ਹਨ।

ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਵਾਲੇ ਸੌਦਾ ਸਾਧ ਦੀਆਂ ਅਜੀਬੋ-ਗ਼ਰੀਬ ਹਰਕਤਾਂ ਅਤੇ ਸ਼ਰਮਨਾਕ ਕਰਤੂਤਾਂ ਨੂੰ ਇੱਥੇ ਦੁਹਰਾਉਣ ਦੀ ਲੋੜ ਨਹੀਂ ਕਿਉਂਕਿ ਦੇਸ਼ ਭਰ ਦੇ ਸਾਰੇ ਨਾਮਵਰ ਟੀ.ਵੀ. ਚੈਨਲਾਂ, ਪ੍ਰਮੁੱਖ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਰਾਹੀਂ ਸੌਦਾ ਸਾਧ ਬਾਰੇ ਅੰਦਰਲਾ ਸੱਭ ਕੁੱਝ ਬਾਹਰ ਆ ਚੁੱਕਾ ਹੈ ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਮੁਕਾਬਲਾ ਕਰਨ ਦਾ ਭਰਮ ਪਾਲੀ ਬੈਠੇ ਸੌਦਾ ਸਾਧ ਬਾਰੇ ਮੀਡੀਆ ਰਾਹੀਂ ਨਸ਼ਰ ਹੋਈਆਂ ਕੁੱਝ ਕੁ ਖ਼ਬਰਾਂ ਦਾ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੈ ਤਾਕਿ ਆਮ ਲੋਕਾਂ ਦੇ ਨਾਲ ਨਾਲ ਅੰਧ-ਵਿਸ਼ਵਾਸ਼ 'ਚ ਡੁੱਬੇ ਉਸ ਦੇ ਜਨੂਨੀ ਚੇਲਿਆਂ ਦੇ ਕੰਨ ਵੀ ਖੁੱਲ੍ਹ ਜਾਣ। 



ਗੁਰੂ ਗੋਬਿੰਦ ਸਿੰਘ ਜੀ ਨੇ ਗ਼ੈਰਸਿੱਖਾਂ ਅਰਥਾਤ ਮਨੁੱਖਤਾ ਦੀ ਭਲਾਈ ਲਈ ਅਪਣੇ ਪਿਤਾ ਨੂੰ ਸੀਸ ਕੁਰਬਾਨ ਕਰਨ ਬਾਰੇ ਉਸ ਸਮੇਂ ਕਹਿ ਦਿਤਾ ਜਦ ਉਨ੍ਹਾਂ ਦੀ ਉਮਰ ਸਿਰਫ਼ 9 ਸਾਲ ਤੋਂ ਵੀ ਘੱਟ ਸੀ। ਅਪਣੀ ਮਾਤਾ ਅਤੇ ਚਾਰੇ ਸਾਹਿਬਜ਼ਾਦੇ ਕੁਰਬਾਨ ਕਰ ਦਿਤੇ ਪਰ ਸੀਅ ਤਕ ਨਾ ਕੀਤੀ। ਸੌਦਾ ਸਾਧ ਨੂੰ ਜਦੋਂ ਸਜ਼ਾ ਸੁਣਾਈ ਗਈ ਤਾਂ ਉਹ ਜੱਜ ਮੂਹਰੇ ਲੇਲੜੀਆਂ ਕਢਦਾ ਨਜ਼ਰ ਆਇਆ। ਸੀ.ਬੀ.ਆਈ. ਦੇ ਵਕੀਲ ਦੀ ਪ੍ਰਕਾਸ਼ਤ ਹੋਈ ਇੰਟਰਵਿਊ ਮੁਤਾਬਕ ਉਸ ਦਾ ਸਜ਼ਾ ਸੁਣਦਿਆਂ ਹੀ ਪਿਸ਼ਾਬ ਨਿਕਲ ਗਿਆ। ਸੌਦਾ ਸਾਧ ਮਿੰਨਤਾਂ-ਤਰਲੇ ਕਰਦਾ ਰਿਹਾ, ਵਾਸਤੇ ਪਾਉਂਦਾ ਰਿਹਾ ਪਰ ਜਦ ਸੁਣਵਾਈ ਨਾ ਹੋਈ ਤਾਂ ਬਣਾਏ ਪ੍ਰੋਗਰਾਮ ਮੁਤਾਬਕ ਪੰਚਕੂਲਾ ਵਿਖੇ ਅਦਾਲਤ ਦੇ ਬਾਹਰ ਹਿੰਸਾ ਭੜਕਾ ਦਿਤੀ, ਜਿਸ ਨਾਲ 40 ਦੇ ਕਰੀਬ ਮੌਤਾਂ ਹੋਈਆਂ, ਸੈਂਕੜੇ ਜ਼ਖ਼ਮੀ ਹੋਏ, ਕਰੋੜਾਂ ਰੁਪਏ ਦਾ ਮਾਲੀ ਨੁਕਸਾਨ, ਅਨੇਕਾਂ ਘਰਾਂ ਦੀ ਬਰਬਾਦੀ ਅਤੇ ਅੰਨ੍ਹੀ ਸ਼ਰਧਾ ਦੀ ਚੱਕੀ 'ਚ ਪਿਸ ਰਹੇ ਸੌਦਾ ਸਾਧ ਦੇ ਕਈ ਚੇਲਿਆਂ ਨੂੰ ਬਿਨਾਂ ਕਸੂਰ ਤੋਂ ਜੇਲ ਦੀ ਹਵਾ ਖਾਣੀ ਪੈ ਰਹੀ ਹੈ।

ਰਮਾਇਣ ਮੁਤਾਬਿਕ ਤਰੇਤਾ ਯੁੱਗ 'ਚ ਅਯੋਧਿਆ ਸਮਰਾਟ ਦਸ਼ਰਥ ਨੇ ਅਪਣੇ ਪੁੱਤਰ ਰਾਮ ਚੰਦਰ ਨੂੰ ਰਾਜ ਕੁਮਾਰ ਦਾ ਤਿਲਕ ਦੇਣ ਦੀ ਤਰੀਕ ਦਾ ਐਲਾਨ ਕੀਤਾ ਤਾਂ ਰਾਣੀ ਕੈਕਈ ਨੇ ਮਹਾਰਾਜੇ ਦੇ ਦਿਤੇ ਵਚਨਾਂ ਨੂੰ ਯਾਦ ਕਰਾਉਂਦਿਆਂ ਰਾਮ ਨੂੰ 14 ਸਾਲ ਦਾ ਬਨਵਾਸ ਦਿਵਾ ਦਿਤਾ, ਭਾਵੇਂ ਇਹ ਸੁਣ ਕੇ ਰਾਜਾ ਦਸ਼ਰਥ ਸੁੰਨ ਹੋ ਗਿਆ। ਅੱਖਾਂ ਖੁੱਲ੍ਹੀਆਂ ਤੇ ਮੂੰਹ ਅੱਡਿਆ ਹੀ ਰਹਿ ਗਿਆ। ਰਾਜਾ ਦਸ਼ਰਥ ਸੋਚੀਂ ਪੈ ਗਿਆ ਕਿ ਮੈਂ ਪਰਜਾ ਨੂੰ ਕੀ ਜਵਾਬ ਦੇਵਾਂਗਾ ਕਿ ਰਾਮ ਨੂੰ ਕਿਸ ਜੁਰਮ ਬਦਲੇ ਬਨਵਾਸ ਦਿਤਾ ਜਾ ਰਿਹਾ ਹੈ? ਅੱਖਾਂ 'ਚੋਂ ਅੱਥਰੂ ਵਹਿ ਤੁਰੇ। ਗੱਲ ਸਮਝ ਆਉਂਦਿਆਂ ਹੀ ਰਾਮ ਚੰਦਰ ਨੇ ਪੁੱਤਰ ਧਰਮ ਦੀ ਪਾਲਣਾ ਕਰਦਿਆਂ ਸ਼ਾਹੀ ਪੋਸ਼ਾਕ ਲਾਹ ਮਾਰੀ, ਤਪੱਸਵੀਆਂ ਵਾਲੇ ਸਾਧਾਰਣ ਕਪੜੇ ਧਾਰਨ ਕਰ ਲਏ ਅਤੇ ਬਨਵਾਸ ਲਈ ਤਿਆਰ ਹੋ ਗਿਆ। ਰਾਮ, ਲਛਮਣ ਅਤੇ ਸੀਤਾ ਨੂੰ ਮਹਿਲ ਉਪਰ ਚੜ੍ਹ ਕੇ ਦੂਰ ਤਕ ਜਾਂਦਿਆਂ ਰਾਜਾ ਦਸ਼ਰਥ ਤਕਦਾ ਰਿਹਾ। 



ਜਦੋਂ ਉਹ ਅੱਖੋਂ ਓਹਲੇ ਹੋ ਗਏ ਤਾਂ ਰਾਜਾ ਦਸ਼ਰਥ ਨੇ ਪ੍ਰਾਣ ਤਿਆਗ ਦਿਤੇ। ਉਹ ਵਿਛੋੜਾ ਸਹਾਰ ਨਾ ਸਕਿਆ। ਭਾਵੇਂ ਉਸ ਨੂੰ ਪਤਾ ਸੀ ਕਿ ਬਨਵਾਸ ਕੱਟ ਕੇ ਇਹ ਤਿੰਨੋਂ ਵਾਪਸ ਆ ਜਾਣਗੇ।ਰਮਾਇਣ ਮੁਤਾਬਕ ਜਦੋਂ ਰਾਵਣ ਨੇ ਸੀਤਾ ਨੂੰ ਹਰਣ ਕਰ ਲਿਆ ਤਾਂ ਸੀਤਾ ਦੀ ਭਾਲ 'ਚ ਰਾਮ ਅਤੇ ਲਛਮਣ ਨੇ ਐਨੇ ਵੈਣ ਪਾਏ ਕਿ ਜੰਗਲ ਦਾ ਵਾਤਾਵਰਣ ਵੀ ਸੋਗਮਈ ਅਤੇ ਕਰੁਣਾਮਈ ਹੋ ਗਿਆ। ਜਟਾਊਂ ਰਾਹੀਂ ਸੀਤਾ ਦੇ ਅਗਵਾ ਬਾਰੇ ਪਤਾ ਚੱਲਣ ਦੇ ਬਾਵਜੂਦ ਕਿ ਸੀਤਾ ਦੇ ਮਿਲ ਜਾਣ ਦੀ ਆਸ ਵੀ ਸੀ ਫਿਰ ਵੀ ਏਨੇ ਵੈਣ?ਜਦੋਂ ਰਾਮ ਤੇ ਲਛਮਣ ਨੇ ਵਾਨਰ ਸੈਨਾ ਦੀ ਸਹਾਇਤਾ ਨਾਲ ਲੰਕਾ ਤੇ ਹਮਲਾ ਕਰ ਦਿਤਾ ਤਾਂ ਬਰਛੀ ਵੱਜਣ ਨਾਲ ਲਛਮਣ ਜ਼ਖ਼ਮੀ ਹੋ ਗਿਆ। ਵੈਦ ਨੇ ਆ ਕੇ ਦਸਿਆ ਕਿ ਖ਼ੂਨ ਜ਼ਿਆਦਾ ਵਹਿ ਗਿਆ ਹੈ।

ਹਨੂੰਮਾਨ ਸੰਜੀਵਨੀ ਲੈਣ ਚਲਾ ਗਿਆ ਪਰ ਇਧਰ ਰਾਮ ਨੇ ਧਾਹਾਂ ਮਾਰੀਆਂ, ਵੈਣ ਪਾਏ ਕਿ ਸਾਰੀ ਸੈਨਾ ਦੀਆਂ ਅੱਖਾਂ ਸੇਜਲ ਹੋ ਗਈਆਂ। ਮਾਹੌਲ ਸੋਗਮਈ ਹੋ ਗਿਆ। ਭਾਵੇਂ ਇਹ ਆਸ ਸੀ ਕਿ ਲਛਮਣ ਬਚ ਜਾਵੇਗਾ ਪਰ ਭਰਾ ਦੇ ਵਿਛੋੜੇ ਦਾ ਦੁੱਖ ਰਾਮ ਤੋਂ ਸਹਾਰਿਆ ਨਹੀਂ ਸੀ ਜਾ ਰਿਹਾ।ਦੁਆਪਰ ਵਿਚ ਮਹਾਂਭਾਰਤ ਦੇ ਭਿਆਨਕ ਯੁੱਧ 'ਚ ਚੱਕਰਵਿਊ ਦੀ ਲਪੇਟ 'ਚ ਆ ਕੇ ਮਾਰੇ ਗਏ ਅਭਿਮਨਯੂ ਦਾ ਵਿਛੋੜਾ ਬਹਾਦੁਰ ਅਰਜੁਨ ਤੋਂ ਬਰਦਾਸ਼ਤ ਨਾ ਹੋਇਆ ਅਤੇ ਉਹ ਹਥਿਆਰ ਸੁੱਟ ਕੇ ਰੋਣ ਕੁਰਲਾਉਣ ਬੈਠ ਗਿਆ।ਇਸਲਾਮੀ ਇਤਿਹਾਸ ਮੁਤਾਬਕ ਹਜ਼ਰਤ ਇਬਰਾਹੀਮ ਨੂੰ ਖ਼ੁਦਾ ਵਲੋਂ ਆਕਾਸ਼ਵਾਣੀ ਹੋਈ ਕਿ ਇਬਰਾਹੀਮ ਤੂੰ ਅਪਣੀ ਸੱਭ ਤੋਂ ਪਿਆਰੀ ਚੀਜ਼ ਖ਼ੁਦਾ ਦੇ ਨਾਂ ਕੁਰਬਾਨ ਕਰ ਦੇ। ਜਦੋਂ ਕਾਫ਼ੀ ਘੋਖ ਪੜਤਾਲ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਮੇਰੇ 16 ਸਾਲ ਦੇ ਇਕਲੌਤੇ ਪੁੱਤਰ ਇਸਮਾਈਲ ਤੋਂ ਵੱਧ ਮੈਨੂੰ ਕੋਈ ਚੀਜ਼ ਪਿਆਰੀ ਨਹੀਂ ਤਾਂ ਉਸ ਨੇ ਇਸਮਾਈਲ ਦੀ ਕੁਰਬਾਨੀ ਦੇਣ ਦਾ ਫ਼ੈਸਲਾ ਕਰਦਿਆਂ ਐਲਾਨ ਵੀ ਕਰ ਦਿਤਾ ਪਰ ਸਦਮਾ ਵੇਖ ਕੇ ਬਰਦਾਸ਼ਤ ਨਾ ਕਰ ਸਕਣ ਦਾ ਕਹਿੰਦਿਆਂ ਅਪਣੀਆਂ ਅੱਖਾਂ ਤੇ ਪੱਟੀ ਬੰਨ੍ਹਵਾ ਲਈ। 



ਇਕਲੌਤੇ ਜਵਾਨ ਪੁੱਤਰ ਇਸਮਾਈਲ ਨੂੰ ਕਤਲ ਕਰਨ ਲਗਿਆਂ ਖੁਦਾਈ ਕ੍ਰਿਸ਼ਮਾ ਹੋਇਆ ਕਿ ਪੱਟੀ ਖੋਲ੍ਹਣ ਉਪਰੰਤ ਹਜ਼ਰਤ ਨੇ ਖ਼ੁਦ ਤਕਿਆ ਕਿ ਇਸਮਾਈਲ ਖੜਾ ਹੱਸ ਰਿਹਾ ਸੀ ਅਤੇ ਦੁੰਬਾ ਕਟਿਆ ਪਿਆ ਸੀ। ਹਜ਼ਰਤ ਨੇ ਇਮਤਿਹਾਨ 'ਚੋਂ ਪਾਸ ਹੋਣ ਤੇ ਖ਼ੁਦਾ ਦਾ ਲੱਖ ਲੱਖ ਸ਼ੁਕਰ ਕੀਤਾ। ਕੁਰਬਾਨੀ ਦੇ ਇਸ ਦਿਨ ਨੂੰ ਇਸਲਾਮ ਜਗਤ 'ਚ ਈਦ-ਉਲ-ਜ਼ੁਹਾ (ਬਕਰੀਦ) ਦੇ ਰੂਪ 'ਚ ਮਨਾਇਆ ਜਾਂਦਾ ਹੈ।ਭਾਵੇਂ ਹਿੰਦੂ, ਮੁਸਲਿਮ, ਈਸਾਈ, ਜੈਨੀ, ਬੋਧੀ, ਪਾਰਸੀ ਆਦਿਕ ਧਰਮਾਂ ਜਾਂ ਕੌਮਾਂ 'ਚ ਅਜਿਹੀਆਂ ਹੋਰ ਵੀ ਅਨੇਕਾਂ ਇਤਿਹਾਸਿਕ/ ਮਿਥਿਹਾਸਿਕ ਘਟਨਾਵਾਂ ਦਾ ਜ਼ਿਕਰ ਮਿਲਦਾ ਹੈ ਪਰ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਦੀ ਤੁਲਨਾ ਕਰਨ ਵਾਲੀ ਇਕ ਵੀ ਅਜਿਹੀ ਘਟਨਾ ਸਾਹਮਣੇ ਨਹੀਂ ਆਈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰ ਕੇ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਪਰ ਅੱਖ ਵਿਚੋਂ ਇਕ ਵੀ ਹੰਝੂ ਨਾ ਕੇਰਿਆ। ਅਪਣੇ ਸਾਹਿਬਜ਼ਾਦਿਆਂ ਦੀਆਂ ਮ੍ਰਿਤਕ ਦੇਹਾਂ ਤੇ ਕਪੜਾ (ਕਫ਼ਨ) ਪਾਉਣ ਦੀ ਜ਼ਰੂਰਤ ਹੀ ਨਾ ਸਮਝੀ।

ਰੋਣਾ-ਕੁਰਲਾਉਣਾ ਤਾਂ ਬਹੁਤ ਦੂਰ, ਅਪਣਾ ਜਾਂ ਅਪਣੇ ਸਿੰਘਾਂ ਦਾ ਹੌਸਲਾ ਨਾ ਡਿੱਗਣ ਦਿਤਾ।ਇਤਿਹਾਸਕਾਰਾਂ ਮੁਤਾਬਕ ਚਮਕੌਰ ਦੀ ਜੰਗ 'ਚ 40 ਭੁੱਖੇ ਭਾਣੇ ਅਤੇ ਥੱਕੇ ਟੁੱਟੇ ਸਿੰਘਾਂ ਦਾ 10 ਲੱਖ ਤੁਰਕਾਂ ਜਾਂ ਮੁਗਲ ਫ਼ੌਜ ਨਾਲ ਮੁਕਾਬਲਾ ਸੀ। ਇਸ ਭਿਆਨਕ ਯੁੱਧ 'ਚ ਗੁਰੂ ਗੋਬਿੰਦ ਸਿੰਘ ਜੀ ਦਾ ਖ਼ੁਦ ਮੈਦਾਨ-ਏ-ਜੰਗ 'ਚ ਭੇਜਿਆ 18 ਸਾਲ ਦਾ ਭਰ ਜਵਾਨ ਗਭਰੂ ਪੁੱਤਰ ਅਜੀਤ ਸਿੰਘ ਜੰਗ ਲੜ ਰਿਹਾ ਹੈ। ਦਸਮੇਸ਼ ਪਿਤਾ ਗੜ੍ਹੀ ਦੇ ਬੁਰਜ ਤੋਂ ਅਜੀਤ ਸਿੰਘ ਦੇ ਜੰਗੀ ਕਰਤਬ ਅੱਖੀਂ ਵੇਖ ਰਹੇ ਹਨ ਅਤੇ ਜਦ ਅਜੀਤ ਸਿੰਘ ਸ਼ਹੀਦ ਹੋ ਕੇ ਡਿੱਗ ਪਿਆ ਤਾਂ ਗੁਰੂ ਜੀ ਨੇ 'ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ' ਦਾ ਜੈਕਾਰਾ ਲਾਉਣ ਤੋਂ ਬਾਅਦ ਛੋਟੇ ਅਤੇ ਲਾਡਲੇ ਫ਼ਰਜ਼ੰਦ ਜੁਝਾਰ ਸਿੰਘ ਨੂੰ ਅਪਣੇ ਹੱਥੀਂ ਸ਼ਸਤਰ ਸਜਾ ਕੇ 10 ਲੱਖ ਮੁਗ਼ਲ ਫ਼ੌਜ ਨਾਲ ਮੁਕਾਬਲਾ ਕਰਨ ਲਈ ਤੋਰਿਆ। ਜੁਝਾਰ ਦੇ ਸ਼ਹੀਦ ਹੋ ਜਾਣ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਵੈਣ ਨਹੀਂ ਪਾਏ, ਸੋਗ ਨਾ ਕੀਤਾ, ਸਗੋਂ ਅਕਾਲ ਪੁਰਖ ਦੇ ਸ਼ੁਕਰਗੁਜ਼ਾਰ ਹੋਏ ਕਿ ਉਸ ਦੀ ਅਮਾਨਤ ਅਦਾ ਕਰ ਕੇ ਮੈਂ ਸੁਰਖਰੂ ਹੋਇਆ ਹਾਂ।



ਗ਼ੈਰਸਿੱਖ ਵਿਦਵਾਨਾਂ, ਇਤਿਹਾਸਕਾਰਾਂ ਅਤੇ ਲੇਖਕਾਂ ਨੇ ਵੀ ਖ਼ੁਦ ਮੰਨਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਦਲੇਰੀ, ਸੂਝ-ਬੂਝ, ਕੁਰਬਾਨੀ ਅਤੇ ਦੂਰਅੰਦੇਸ਼ੀ ਦੀ ਮਿਸਾਲ ਹੋਰ ਕਿਧਰੇ ਵੀ ਨਹੀਂ ਮਿਲਦੀ ਕਿਉਂਕਿ ਦੁਨੀਆਂ ਭਰ 'ਚ ਹੋਈਆਂ ਲੜਾਈਆਂ ਦਾ ਸਬੰਧ ਜਰ, ਜੋਰੂ ਜਾਂ ਜ਼ਮੀਨ ਦੇ ਨਾਲ ਜੁੜਦਾ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਮਜ਼ਲੂਮਾਂ ਦੀ ਰਾਖੀ ਲਈ ਤਲਵਾਰ ਚੁੱਕੀ, ਜ਼ੁਲਮ ਨੂੰ ਰੋਕਿਆ, 14 ਲੜਾਈਆਂ ਲੜੀਆਂ, ਜਿੱਤ ਪ੍ਰਾਪਤ ਕੀਤੀ, ਕਿਸੇ ਲੜਾਈ ਮੌਕੇ ਖ਼ੁਦ ਹਮਲਾਵਰ ਹੋ ਕੇ ਨਹੀਂ ਗਏ ਸਗੋਂ ਹਮਲਾਵਰ ਹੋ ਕੇ ਆਏ ਦੁਸ਼ਮਣਾਂ ਨੂੰ ਸਬਕ ਜ਼ਰੂਰ ਸਿਖਾਇਆ। ਅੱਲਾ ਯਾਰ ਖਾਨ ਦਾ ਸ਼ੇਅਰ ਵੀ ਕਾਬਿਲੇ ਗ਼ੌਰ ਹੈ:-

ਹਿੰਦ ਮੇ ਤੀਰਥ ਹੈ ਯਹੀ ਯਾਤਰਾ ਕੇ ਲੀਏ।
ਕਟਾਏ ਬਾਪ ਨੇ ਬੇਟੇ ਜਹਾਂ ਖ਼ੁਦਾ ਕੇ ਲੀਏ।
ਉਕਤ ਸ਼ੇਅਰ ਚਮਕੌਰ ਦੇ ਗੜ੍ਹੀ ਸਾਹਿਬ ਗੁਰਦਵਾਰੇ ਦੀ ਸਰਦਲ ਤੇ ਅੱਜ ਵੀ ਲਿਖਿਆ ਹੋਇਆ ਹੈ। ਇਹ ਹੈ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਮਿਸਾਲੀ ਕੁਰਬਾਨੀ, ਜਿਸ ਤੇ ਅੱਜ ਵੀ ਮਨੁੱਖਤਾ ਨਾਜ਼ ਕਰ ਸਕਦੀ ਹੈ। ਇਕ ਅਗਿਆਤ ਕਵੀ ਅਨੁਸਾਰ:-
ਗੁਰੂ ਗੋਬਿੰਦ ਸਿੰਘ ਵਰਗੀ ਮਿਲਦੀ
ਜੱਗ ਦੇ ਵਿਚ ਮਿਸਾਲ ਕੋਈ ਨਾ
ਜਿਸ ਨੇ ਲਾਲ ਵਾਰੇ ਐਸਾ ਪਿਤਾ ਕੋਈ ਨਾ
ਜਿਸ ਪਿਤਾ ਵਾਰਿਆ ਐਸਾ ਲਾਲ ਕੋਈ ਨਾ

SHARE ARTICLE
Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement