
ਭੁੱਖ ਹੜਤਾਲ 'ਤੇ ਬੈਠੇ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਨੂੰ ਚੁੱਕ ਕੇ ਲੈ ਗਈ ਪੁਲਿਸ
ਅੰਮ੍ਰਿਤਸਰ, 7 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼ਥਾਨਕ ਸਾਰਾਗੜ੍ਹੀ ਚੌਕ ਨੇੜੇ ਦਰਬਾਰ ਸਾਹਿਬ ਦੇ ਲੰਗਰ ਘਰ ਲਈ ਜੀਐਸਟੀ ਹਟਾਉਣ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੇ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਪੰਜਾਬ ਦੇ ਮੁਜ਼ਾਹਾਕਾਰੀਆਂ ਦੇ ਆਗੂਆਂ ਨੂੰ ਪੁਲਿਸ ਨੇ ਜਬਰੀ ਚੁੱਕ ਕੇ ਥਾਣੇ ਲੈ ਗਈ। ਪੁਲਿਸ ਕਾਰਵਾਈ ਵਿਰੁਧ ਮੁਜ਼ਾਹਾਕਾਰੀਆਂ ਨੇ ਨਾਹਰੇਬਾਜ਼ੀ ਕੀਤੀ ਪਰ ਪੁਲਿਸ ਦੀ ਨਫ਼ਰੀ ਜ਼ਿਆਦਾ ਹੋਣ ਕਰ ਕੇ ਤ੍ਰਿਣਮੂਲ ਕਾਂਗਰਸ ਪਾਰਟੀ ਦੇ ਭੁੱਖ ਹੜਤਾਲ 'ਤੇ ਬੈਠੇ ਆਗੂਆਂ ਮਨਜੀਤ ਸਿੰਘ ਕੁਰਾਲੀ, ਭੁਪਿੰਦਰ ਸਿੰਘ ਜਲੰਧਰ, ਬਲਜੀਤ ਸਿੰਘ ਡੇਰਾ ਬਾਬਾ ਨਾਨਕ, ਕੁਲਬੀਰ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਪੁਲਿਸ ਨੇ ਚੁੱਕ ਕੇ ਗੱਡੀਆਂ 'ਚ ਸੁੱਟਿਆ।
ਤ੍ਰਿਣਮੂਲ ਕਾਂਗਰਸ ਪਾਰਟੀ ਦੇ ਆਗੂਆਂ ਵਿਰੁਧ ਪੁਲਿਸ ਕਾਰਵਾਈ ਦੌਰਾਨ ਉਨ੍ਹਾਂ ਮੋਦੀ ਸਰਕਾਰ ਵਿਰੁਧ ਨਾਹਰੇਬਾਜ਼ੀ ਕਰਦਿਆਂ ਕਿਹਾ ਕਿ ਦਰਬਾਰ ਸਾਹਿਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਜਿਥੇ ਸਵਾ ਲੱਖ ਦੇ ਕਰੀਬ ਸ਼ਰਧਾਲੂ ਰੋਜ਼ਾਨਾ ਨਤਮਸਤਕ ਹੁੰਦੇ ਹਨ ਅਤੇ ਲੰਗਰ ਘਰ 'ਚ ਬਿਨਾਂ ਕਿਸੇ ਭੇਦਭਾਵ ਦੇ ਸੱਭ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ ਹੈ। ਮੋਦੀ ਸਰਕਾਰ ਤੋਂ ਪਹਿਲਾਂ ਸਾਰੀਆਂ ਸਰਕਾਰਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਘਰ ਨੂੰ ਟੈਕਸ ਮੁਕਤ ਕੀਤਾ ਸੀ ਪਰ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਨੇ ਜੀਐਸਟੀ ਲਾ ਦਿਤਾ ਹੈ ਜਿਸ ਕਾਰਨ ਦੋ ਕਰੋੜ ਰੁਪੈ ਦੀ ਅਦਾਇਗੀ ਸ਼੍ਰੋਮਣੀ ਕਮੇਟੀ ਨੂੰ ਕਰਨੀ ਪਈ ਹੈ। ਉਕਤ ਆਗੂਆਂ ਦੋਸ਼ ਲਾਇਆ ਕਿ ਬਹੁਗਿਣਤੀ ਹਿੰਦੂ ਧਰਮ ਦੇ ਮੰਦਰ ਤਿਰੂਪਤੀ ਬਾਲਾ ਮੰਦਰ ਨੂੰ ਮੋਦੀ ਸਰਕਾਰ ਨੇ ਜੀਐਸਟੀ ਮੁਕਤ ਕੀਤਾ ਹੈ ਪਰ ਕੇਂਦਰ ਦੀ ਭਾਜਪਾ ਸਰਕਾਰ ਸਿੱਖਾਂ ਨਾਲ ਵਿਤਕਰਾ ਕਰ ਰਹੀ ਹੈ।