
ਮਾਨਸਾ, 2 ਨਵੰਬਰ (ਸੁਖਜਿੰਦਰ ਸਿੱਧੂ): ਪਿੰਡ ਫਫੜੇ ਭਾਈ ਕੇ ਵਿਖੇ ਭਾਈ ਬਹਿਲੋ ਗੁਰਦੁਆਰੇ ਦੇ ਲੰਗਰ ਵਿਚੋਂ 30 ਅਕਤੂਬਰ ਨੂੰ ਅਪਣੇ ਘਰ ਲਈ ਸ਼ਾਮ 5:30 ਵਜੇ ਦਾਲ ਲੈ ਜਾਣ ਸਮੇਂ ਘੇਰ ਕੇ ਗੰਦੀਆਂ ਗਾਲ੍ਹਾਂ ਦੇ ਕੇ ਜ਼ਲੀਲ ਕਰਨ ਅਤੇ ਭਾਂਡੇ ਵਿਚ ਪਾਈ ਦਾਲ ਨੂੰ ਮੁੜ ਲੰਗਰ ਵਿਚ ਵਾਪਸ ਪਵਾਉਣ ਕਾਰਨ ਨਮੋਸ਼ੀ ਨਾ ਝੱਲਦੀ ਹੋਈ ਸਲਫ਼ਾਸ ਦੀ ਗੋਲੀ ਖਾਣ ਵਾਲੀ ਦਲਿਤ ਲੜਕੀ ਰਣਜੀਤ ਕੌਰ ਭਾਵੇਂ ਮਾਨਸਾ ਸਿਵਲ ਹਸਪਤਾਲ ਵਿਚ ਡਾਕਟਰਾਂ ਨੇ ਬਚਾ ਲਈ ਹੈ ਪਰ ਪੁਲਿਸ ਥਾਣਾ ਭੀਖੀ ਵਲੋਂ ਲੜਕੀ ਦੇ ਬਿਆਨ ਲੈਣ ਤੋਂ ਬਾਅਦ ਵੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਵਿਰੁਧ ਅਜੇ ਤਕ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਇਹ ਦੋਸ਼ ਅੱਜ ਇਥੇ ਸਿਵਲ ਹਸਪਤਾਲ ਵਿਚ ਦਾਖ਼ਲ ਲੜਕੀ ਦਾ ਪਤਾ ਲੈਣ ਗਏ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾ. ਭਗਵੰਤ ਸਿੰਘ ਸਮਾਓ ਨੇ ਲਾਏ।
ਇਸ ਸਮੇਂ ਜਥੇਬੰਦੀ ਵਲੋਂ ਐਸ.ਐਸ.ਪੀ. ਮਾਨਸਾ ਤੋਂ ਮੰਗ ਕੀਤੀ ਕਿ ਦਲਿਤ ਲੜਕੀ ਤੋਂ ਲੰਗਰ ਦੀ ਦਾਲ ਵਾਪਸ ਕਰਵਾਉਣ ਅਤੇ ਗੰਦੀਆਂ ਗਾਲ੍ਹਾਂ ਦੇ ਕੇ ਜ਼ਲੀਲ ਕਰਨ ਵਾਲੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਰੁਧ ਐਸ.ਸੀ./ਐਸ.ਟੀ. ਐਕਟ ਤਹਿਤ ਪਰਚਾ ਦਰਜ ਕੀਤਾ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਕਲ 3 ਨਵੰਬਰ ਨੂੰ ਪਿੰਡ ਵਿਖੇ ਰੋਸ ਰੈਲੀ ਕੀਤੀ ਜਾਵੇਗੀ ਜਿਸ ਵਿਚ ਅਗਲੇ ਸੰਘਰਸ਼ ਦੀ ਰੂਪ-ਰੇਖਾ ਤਹਿ ਕੀਤੀ ਜਾਵੇਗੀ।ਇਸ ਸਮੇਂ ਹਸਪਤਾਲ ਵਿਚ ਦਾਖ਼ਲ ਲੜਕੀ ਰਣਜੀਤ ਕੌਰ ਦੇ ਪਿਤਾ ਸਤਗੁਰ ਸਿੰਘ ਨੇ ਦਸਿਆ ਕਿ ਮੇਰੀ ਮਾਤਾ ਸੁਖਦੇਵ ਕੌਰ ਜੋ ਪਿਛਲੇ 25 ਸਾਲਾਂ ਤੋਂ ਗੁਰਦੁਆਰੇ ਅੰਦਰ ਸੇਵਾ ਦਾ ਕੰਮ ਕਰ ਰਹੀ ਹੈ ਜਿਸ ਨੂੰ ਪਹਿਲਾਂ 50 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿਤੀ ਜਾਂਦੀ ਸੀ ਜਦਕਿ ਹੁਣ 3400 ਰੁਪਏ ਦਿਤਾ ਜਾਂਦਾ ਹੈ। ਅਕਸਰ ਮੇਰੇ ਬੱਚੇ ਅਪਣੀ ਦਾਦੀ ਕੋਲ ਗੁਰਦੁਆਰੇ ਚਲੇ ਜਾਂਦੇ ਹਨ ਅਤੇ ਲੰਗਰ ਪਾਣੀ ਵੀ ਖਾ ਲੈਂਦੇ ਹਨ। ਅਸੀਂ ਸਾਰਾ ਪਰਵਾਰ ਅੰਮ੍ਰਿਤਧਾਰੀ ਗੁਰਸਿੱਖ ਹਾਂ ਅਤੇ ਮੈਂ ਪਿੰਡ ਵਿਚ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹਾਂ। ਮੇਰੇ ਛੇ ਲੜਕੀਆਂ ਤੇ ਇਕ ਲੜਕਾ ਹੈ। ਮਿਤੀ 30 ਅਕਤੂਬਰ ਨੂੰ ਮੇਰੀ ਪਤਨੀ ਜੋ ਸਾਹ ਦਮਾ ਦੀ ਮਰੀਜ਼ ਹੈ ਉਸ ਦਿਨ ਜ਼ਿਆਦਾ ਬੀਮਾਰ ਸੀ। ਘਰ ਵਿਚ ਕੁੱਝ ਖਾਣ ਪੀਣ ਦਾ ਸਾਮਾਨ ਨਾ ਹੋਣ ਕਾਰਨ ਮੇਰੇ ਬੱਚੇ ਗੁਰਦੁਆਰੇ ਦੇ ਲੰਗਰ ਵਿਚ ਚਾਹ ਪੀਣ ਚਲੇ ਗਏ ਤਾਂ ਉਸ ਸਮੇਂ ਮੇਰੀ ਵੱਡੀ ਲੜਕੀ ਰਣਜੀਤ ਕੌਰ ਨੇ ਸੋਚਿਆ ਕਿ ਮਾਂ ਬੀਮਾਰ ਹੋਣ ਕਾਰਨ ਘਰ ਵਿਚ ਸ਼ਾਮ ਦੀ ਦਾਲ ਨਹੀਂ ਬਣ ਸਕੇਗੀ ਤਾਂ ਜਦੋਂ ਹੋਰ ਲੋਕ ਲੰਗਰ ਵਿਚੋਂ ਅਪਣੇ ਘਰ ਲਈ ਦਾਲ ਭਾਂਡਿਆਂ ਵਿਚ ਪਾ ਰਹੇ ਸੀ ਤਾਂ ਮੇਰੀ ਲੜਕੀ ਨੇ ਵੀ ਲਿਫ਼ਾਫ਼ੇ ਵਿਚ ਦਾਲ ਪਾ ਲਈ।
ਇਸ ਸਮੇਂ ਜਦੋਂ ਕਮੇਟੀ ਦੇ ਪ੍ਰਧਾਨ ਨੂੰ ਪਤਾ ਲੱਗਾ ਤਾਂ ਗੁਰਦੁਆਰੇ ਵਿਚੋਂ ਬਾਹਰ ਆ ਰਹੀ ਮੇਰੀ ਲੜਕੀ ਨੂੰ ਪ੍ਰਧਾਨ ਅਵਤਾਰ ਸਿੰਘ ਨੇ ਮੋਟਰ-ਸਾਈਕਲ 'ਤੇ ਆ ਕੇ ਘੇਰ ਲਿਆ ਅਤੇ ਗੰਦੀਆਂ ਗਾਲ੍ਹਾਂ ਦੇਣ ਲੱਗਿਆ ਕਿ ਕਿਸ ਤੋਂ ਪੁੱਛ ਕੇ ਦਾਲ ਲੈ ਕੇ ਜਾ ਰਹੀ ਹੈ। ਪੂਰੀ ਤਰ੍ਹਾਂ ਜ਼ਲੀਲ ਕਰਨ ਤੋਂ ਬਾਅਦ ਮੇਰੀ ਲੜਕੀ ਤੋਂ ਪ੍ਰਧਾਨ ਨੇ ਦਾਲ ਵਾਪਸ ਲੰਗਰ ਵਿਚ ਪਵਾ ਲਈ ਜਿਸ ਦੀ ਨਮੋਸ਼ੀ ਵਜੋਂ ਮੇਰੀ ਦਸਵੀਂ ਕਲਾਸ ਵਿਚ ਪੜ੍ਹਦੀ ਲੜਕੀ ਰਣਜੀਤ ਕੌਰ ਨੇ ਘਰ ਆ ਕੇ ਕਣਕ ਦੇ ਢੋਲ ਵਿਚ ਪਈ ਸਲਫ਼ਾਸ ਦੀ ਗੋਲੀ ਖਾ ਲਈ। ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀਂ ਤੁਰਤ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾ ਦਿਤੀ ਜਿਸ ਤੋਂ ਬਾਅਦ ਪ੍ਰਧਾਨ ਅਤੇ ਉਸ ਦੇ ਹਮਾਇਤੀਆਂ ਵਲੋਂ ਮੇਰੀ ਲੜਕੀ ਦਾ ਹਾਲ ਚਾਲ ਪੁੱਛਣ ਦੀ ਥਾਂ ਉਲਟਾ ਸਾਨੂੰ ਸਮਝੌਤਾ ਕਰਨ ਦੀਆਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ। ਪੁਲਿਸ ਥਾਣਾ ਭੀਖੀ ਦੇ ਅਧਿਕਾਰੀ ਵੀ ਮੇਰੀ ਲੜਕੀ ਦੇ ਬਿਆਨ ਲਿਖਣ ਦੀ ਥਾਂ ਸਾਡੇ 'ਤੇ ਸਮਝੌਤਾ ਕਰਨ ਦਾ ਦਬਾਅ ਪਾਉਣ ਲੱਗੇ। ਜਥੇਬੰਦੀ ਵਲੋਂ ਇਸ ਸਮੇਂ ਪੁਲਿਸ ਥਾਣਾ ਭੀਖੀ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੁਧ ਬਣਦੀ ਕਾਰਵਾਈ ਨਾ ਕੀਤੀ ਤਾਂ ਪੁਲਿਸ ਵਿਰੁਧ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਸਮੇਂ ਜਮਹੂਰੀ ਕਿਸਾਨ ਸਭਾ ਦੇ ਆਗੂ ਮੇਜਰ ਸਿੰਘ, ਇਕਬਾਲ ਸਿੰਘ ਫਫੜੇ, ਅਮਰੀਕ ਸਿੰਘ ਫਫੜੇ ਅਤੇ ਮਜ਼ਦੂਰ ਆਗੂ ਮਿੱਠੂ ਸਿੰਘ, ਗੁਰਮੇਲ ਸਿੰਘ, ਗੁਰਸੇਵਕ ਸਿੰਘ ਮਾਨ ਵੀ ਹਾਜ਼ਰ ਸਨ।