
ਬਠਿੰਡਾ, 27 ਫ਼ਰਵਰੀ (ਸੁਖਜਿੰਦਰ ਮਾਨ): ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦੇਸ਼ 'ਚ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਇਕੋ-ਸਮੇਂ ਕਰਵਾਉਣ ਦੀ ਵਕਾਲਤ ਕਰਦਿਆਂ ਦਾਅਵਾ ਕੀਤਾ ਹੈ ਕਿ ਇਸ ਦੇ ਨਾਲ ਨਾ ਸਿਰਫ਼ ਲੋਕਾਂ ਦਾ ਸਮਾਂ ਅਤੇ ਧਨ ਬਚੇਗਾ, ਬਲਕਿ ਵਿਕਾਸ ਕੰਮਾਂ 'ਚ ਵੀ ਤੇਜ਼ੀ ਆਵੇਗੀ। ਅੱਜ ਸਥਾਨਕ ਗੂੰਗੇ ਅਤੇ ਬੋਲੇ ਬੱਚਿਆਂ ਦੇ ਵਿਸ਼ੇਸ਼ ਸਕੂਲ 'ਚ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ: ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਤੋਂ ਇਲਾਵਾ ਪ੍ਰਧਾਨ ਮੰਤਰੀ ਵੀ ਇਸ ਪਾਸੇ ਅੱਗੇ ਵੱਧ ਰਹੇ ਹਨ ਤੇ ਆਖ਼ਰੀ ਫ਼ੈਸਲਾ ਉਨ੍ਹਾਂ ਵਲੋਂ ਹੀ ਲਿਆ ਜਾਵੇਗਾ।
ਅਪਣੀ ਨੂੰਹ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜੋ ਬਠਿੰਡਾ ਲੋਕ ਸਭਾ ਹਲਕੇ ਤੋਂ ਮੈਂਬਰ ਹਨ, ਵਲੋਂ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਚੋਣਾਂ ਲੜਨ ਦੀਆਂ ਚੱਲ ਰਹੀਆਂ ਕਿਆਸਅਰਾਈਆਂ 'ਤੇ ਟਿਪਣੀ ਕਰਦਿਆਂ ਸ: ਬਾਦਲ ਨੇ ਦਾਅਵਾ ਕੀਤਾ ਕਿ ਹਰਸਿਮਰਤ ਇਥੇ ਚੰਗਾ ਕੰਮ ਕਰ ਰਹੀ ਹੈ, ਉਸ ਨੂੰ ਹਲਕਾ ਬਦਲਣ ਦੀ ਕੀ ਲੋੜ ਹੈ। ਹਾਲਾਂਕਿ ਉਨ੍ਹਾਂ ਇਨ੍ਹਾਂ ਕਿਆਸਅਰਾਈਆਂ ਨੂੰ ਜਿਊਂਦਾ ਰੱਖਦਿਆਂ ਅੱਗੇ ਕਿਹਾ ਕਿ ਕਿਸ ਉਮੀਦਵਾਰ ਨੂੰ ਕਿੱਥੋ ਚੋਣ ਲੜਾਉਣੀ ਹੈ, ਇਹ ਫ਼ੈਸਲਾ ਪਾਰਟੀ ਵਲੋਂ ਲਿਆ ਜਾਂਦਾ ਹੈ ਤੇ ਚੋਣਾਂ ਵਿਚ ਹਾਲੇ ਕਾਫ਼ੀ ਸਮਾਂ ਪਿਆ ਹੈ।