
ਲੁਧਿਆਣਾ : ਲੁਧਿਆਣਾ ਵਿਚ ਹੈਰੋਇਨ ਫੜੇ ਜਾਣ ਕੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਫਿਰ ਲੁਧਿਆਣਾ ਐਸ.ਟੀ.ਐਫ. ਦੀ ਟੀਮ ਨੇ ਅਵਤਾਰ ਸਿੰਘ ਵਾਸੀ ਸਿਰਸਾ ਨਾਮੀ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 4 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ। ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬੀਤੀ ਰਾਤ ਉਸ ਨੂੰ ਵਰਧਮਾਨ ਮਿਲ ਨੇੜਿਉਂ ਗ੍ਰਿਫ਼ਤਾਰ ਕੀਤਾ ਸੀ, ਉਸ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਐੱਸਟੀਐੱਫ ਨੇ ਨਾਕਾਬੰਦੀ ਦੌਰਾਨ ਸਵਿਫਟ ਸਵਾਰ 2 ਨੌਜਵਾਨਾਂ ਨੂੰ ਪੌਣੇ 3 ਕਰੋੜ ਰੁਪਏ ਦੀ ਹੈਰੋਇਨ ਸਣੇ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਸੀ। ਕੇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਟੀਐੱਫ ਦੇ ਲੁਧਿਆਣਾ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਮੁਹੱਲੇ ਪੀਰੂ ਬੰਦਾ ਨੇੜੇ ਚਰਚ ਦੇ ਕੋਲ ਐੱਸਟੀਐੱਫ ਨੇ ਨਾਕਾਬੰਦੀ ਕੀਤੀ ਹੋਈ ਸੀ।
ਇਸੇ ਦੌਰਾਨ ਸਾਹਮਣਿਓਂ ਆ ਰਹੀ ਇਕ ਸਵਿਫਟ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ। ਹਾਲਾਂਕਿ ਚਾਲਕ ਨੇ ਕਾਰ ਭਜਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ। ਤਲਾਸ਼ੀ ਲੈਣ 'ਤੇ ਕਾਰ ਸਵਾਰ ਦੋ ਨੌਜਵਾਨਾਂ ਦੇ ਕੋਲੋਂ 550 ਗ੍ਰਾਮ ਹੈਰੋਇਨ ਮਿਲੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਪੌਣੇ 3 ਕਰੋੜ ਰੁਪਏ ਦੀ ਕੀਮਤ ਦੱਸੀ ਜਾ ਰਹੀ ਸੀ। ਦੋਵਾਂ ਨਸ਼ਾ ਸਮੱਗਲਰਾਂ ਦੀ ਪਛਾਣ ਹਰਿਮੰਦਰ ਸਿੰਘ ਬੱਲੂ ਉਮਰ 33 ਸਾਲ ਪੁੱਤਰ ਭੁਪਿੰਦਰ ਸਿੰਘ ਨਿਵਾਸੀ ਮੁਹੱਲਾ ਅਬਦੁੱਲਾਪੁਰ ਬਸਤੀ ਮਾਡਲ ਟਾਊਨ, ਲੁਧਿਆਣਾ ਅਤੇ ਗੁਰਮੀਤ ਸਿੰਘ ਉਮਰ 29 ਸਾਲ ਸਪੁੱਤਰ ਕਰਨ ਸਿੰਘ ਨਿਵਾਸੀ ਮਨਸੀਹਾ ਜਗਰਾਓਂ ਵਜੋਂ ਹੋਈ ਸੀ।