
ਐਸ.ਏ.ਐਸ. ਨਗਰ (ਦਿਹਾਤੀ), 24 ਅਕਤੂਬਰ (ਰਣਜੀਤ ਸਿੰਘ ਕਾਕਾ) : ਚੰਡੀਗੜ੍ਹ ਦੇ ਨਾਲ ਲਗਦੇ ਸ਼ਿਵਾਲਿਕ ਪਹਾੜੀਆਂ ਨੇੜਲੇ ਇਲਾਕੇ ਵਿਚ ਸਾਰੇ ਕਾਨੂੰਨ ਨਿਯਮ ਛਿੱਕੇ ਟੰਗ ਕੇ ਧੜੱਲੇ ਨਾਲ ਚੱਲ ਰਹੀ ਨਾਜਾਇਜ਼ ਮਾਈਨਿੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਸੜਕਾਂ 'ਤੇ ਰੇਤ ਨਾਲ ਭਰੇ ਓਵਰਲੋਡ ਟਿੱਪਰਾਂ ਦੀਆਂ ਲਾਈਨਾਂ ਵੇਖ ਕੇ ਲਗਦਾ ਹੈ ਕਿ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਕੋਈ ਕਾਨੂੰਨ ਨਾਂ ਦੀ ਚੀਜ਼ ਹੀ ਨਹੀਂ। ਬਾਦਲ ਸਰਕਾਰ ਸਮੇਂ ਤੋਂ ਚਲ ਰਿਹਾ ਕਾਂਗਰਸੀ ਅਤੇ ਅਕਾਲੀਆਂ ਦਾ ਗਠਜੋੜ ਹੁਣ ਵੀ ਉਵੇਂ ਜਿਵੇਂ ਹੈ, ਜਿਸ ਕਾਰਨ ਇਸ ਮਾਈਨਿੰਗ ਦੇ ਨਾਜਾਇਜ਼ ਕਾਰੋਬਾਰ ਨੂੰ ਠੱਲ੍ਹਣ ਲਈ ਅਫ਼ਸਰਸ਼ਾਹੀ ਬੇਵੱਸ ਨਜ਼ਰ ਆ ਰਹੀ ਹੈ। ਪਿਛੇ ਜਿਹੇ ਬੇਸ਼ਕ ਡੀ.ਸੀ. ਨੇ ਅਪਣੇ ਅਫ਼ਸਰਾਂ ਦੇ ਲਾਮ ਲਸ਼ਕਰ ਨਾਲ ਇਲਾਕੇ ਵਿਚ ਵਿਸੇਸ਼ ਦੌਰਾ ਕੀਤਾ ਸੀ। ਇਸ ਤੋਂ ਪਹਿਲਾਂ ਕਈ ਵਾਰ ਐਸ.ਡੀ.ਐਮ. ਖਰੜ ਵਲੋਂ ਵੀ ਕਰੈਸ਼ਰਾਂ ਦੀ ਚੈਕਿੰਗ ਕੀਤੀ ਜਾਂਦੀ ਰਹੀ ਪਰ ਚੈਕਿੰਗ ਤੋਂ ਅੱਗੇ ਕਾਰਵਾਈ ਦੀ ਕੋਈ ਗੱਲ ਨਾ ਹੁੰਦੀ। ਡੀ.ਸੀ. ਦੇ ਸਖ਼ਤ ਰਵਈਏ ਨੂੰ ਵੇਖਦਿਆਂ ਲੋਕਾਂ ਨੂੰ ਆਸ ਬੱਝੀ ਸੀ ਕਿ ਹੁਣ ਇਹ ਗ਼ੈਰਕਾਨੂੰਨੀ ਧੰਦਾ ਬੰਦ ਹੋਵੇਗਾ ਪਰ ਉਦੋਂ ਤੋਂ ਹੁਣ ਤਕ ਸਰਕਾਰੀ ਤੰਤਰ ਵਲੋਂ ਕਿਸੇ ਵੀ ਨਾਜਾਇਜ਼ ਗ਼ੈਰਕਾਨੂੰਨੀ ਮਾਈਨਿੰਗ ਵਾਲੇ ਵਿਰੁਧ ਕੋਈ ਕਾਰਵਾਈ ਨਾ ਹੋਣਾ ਇਸ ਧੰਦੇ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਜੁਟੇ ਕਾਰੋਬਾਰੀਆਂ ਦੇ ਉੱਚੇ ਰਸੂਖਦਾਰਾਂ ਦੇ ਹੋਣ ਵਲ ਇਸ਼ਾਰਾ ਕਰਦਾ ਹੈ। ਪਿੰਡ ਖਿਜ਼ਰਾਬਾਦ ਸਮੇਤ ਆਸਪਾਸ ਦੇ ਇਲਾਕੇ ਵਿਚ ਨਾਜਾਇਜ਼ ਮਾਈਨਿੰਗ ਹੁਣ ਤਕ ਰਾਤ ਅਤੇ ਤੜਕੇ ਵੇਲੇ ਮੂੰਹ ਹਨੇਰੇ ਵਿਚ ਬਦਸਤੂਰ ਜਾਰੀ ਹੈ। ਖਿਜ਼ਰਾਬਾਦ ਤੋਂ ਮੀਆਂਪੁਰ ਚੰਗਰ ਵਲ ਜਾਣ ਵਾਲੀ ਸੜਕ ਤੋਂ ਕਰੀਬ ਇਕ ਕਿਲੋਮੀਟਰ ਅੰਦਰ ਨਦੀ ਵਿਚ ਜਾ ਕੇ ਦੇਖਣ ਤੋਂ ਪਤਾ ਲਗਦਾ ਹੈ ਕਿ ਰੇਤ ਦੇ ਸੌਦਾਗਰਾਂ ਨੇ ਅੰਨ੍ਹੀ ਕਮਾਈ ਦੇ ਲਾਲਚਵੱਸ ਧਰਤੀ ਦੇ ਗਰਭ ਗ੍ਰਹਿ ਤਕ 50 ਤੋਂ 60 ਫੁੱਟ ਤਕ ਪੁਟਾਈ ਕਰ ਕੇ ਇਲਾਕਾ ਵਾਸੀਆਂ ਦੀ ਹਰ ਪੱਖੋਂ ਪ੍ਰੇਸ਼ਾਨੀਆਂ ਵਿਚ ਵਾਧਾ ਕੀਤਾ ਹੈ। ਜਿਸ ਢੰਗ ਨਾਲ ਖਿਜ਼ਰਾਬਾਦ ਦੇ ਇਸ ਇਲਾਕੇ ਵਿਚ ਡੂੰਘੀਆਂ ਖਾਈਆਂ ਪੁੱਟੀਆਂ ਗਈਆਂ ਹਨ, ਉਹ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਪਿਛਲੀ ਅਕਾਲੀ ਸਰਕਾਰ ਸਮੇਂ ਦੇ ਹੁਕਮਰਾਨਾਂ ਦੇ ਉਨ੍ਹਾਂ ਦੇ ਅਰਦਲੀਆਂ ਦਾ ਇਹ ਕਾਰੋਬਾਰ ਹੁਣ ਮੌਜੂਦਾ ਸਰਕਾਰ ਦੇ ਹੁਕਮਰਾਨਾਂ 'ਤੇ ਉਨ੍ਹਾਂ ਦੇ ਕਰੀਬੀਆਂ ਨਾਲ ਗਠਜੋੜ ਕਰ ਕੇ ਚਲਾਇਆ ਜਾ ਰਿਹਾ ਹੈ। ਅਫ਼ਸਰਸ਼ਾਹੀ ਚਾਹੁੰਦੇ ਹੋਏ ਵੀ ਇਸ ਮਾਮਲੇ ਵਿੱਚ ਕਾਰਵਾਈ ਲਈ ਬੇਵਸੀ ਦੇ ਚੱਲਦਿਆਂ ਵਿਚਾਰੀ ਬਣ ਗਈ ਹੈ। ਸਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ 'ਚ ਵਸੇ ਪਿੰਡ ਖਿਜਰਾਬਾਦ, ਕੁੱਬਾਹੇੜੀ, ਤਾਰਾਪੁਰ, ਸਲੇਮਪੁਰ, ਮੀਆਂਪੁਰ ਚੰਗਰ ਸਮੇਤ ਸਿਆਮੀਪੁਰ, ਬਹਾਲਪੁਰ, ਢਕੌਰਾਂ ਦੀ ਨਦੀਆਂ ਵਿੱਚ ਵੀ ਇਹ ਖੇਲ ਖੁੱਲਮਖੁੱਲਾ ਚੱਲ ਰਿਹਾ ਹੈ। ਖੁਦ ਮਾਈਨਿੰਗ ਵਿਭਾਗ ਨੂੰ ਵੀ ਇਥੇ ਚੱਲ ਰਹੇ ਕਰੈਸ਼ਰਾਂ ਦੀ ਜਾਣਕਾਰੀ ਹੈ, ਪਰ ਕਾਗਜੀ ਕਾਰਵਾਈ ਦੌਰਾਨ ਉਹ ਅੱਖਾਂ ਬੰਦ ਕਰਕੇ ਸਭ ਠੀਕ ਠਾਕ ਆਖੀ ਜਾ ਰਹੇ ਨੇ। ਇਥੇ ਜਿਕਰਯੋਗ ਹੈ ਕਿ ਜਿਲ੍ਹਾ ਐਸ ਏ ਐਸ ਨਗਰ ਦੇ ਸਮੁੱਚੇ ਖੇਤਰ ਵਿੱਚ ਮਾਣਯੋਗ ਅਦਾਲਤ ਦੇ ਹੁਕਮਾਂ 'ਤੇ ਮਾਈਨਿੰਗ 'ਤੇ ਪੰਜਾਬ ਸਰਕਾਰ ਵੱਲੋਂ ਪੂਰਨ ਪਾਬੰਦੀ ਹੈ। ਪਰ ਪਾਬੰਦੀ ਦੇ ਹੁਕਮਾਂ ਦੀਆਂ ਧੱਜੀਆਂ ਪਾਬੰਦੀਆਂ ਲਾਉਣ ਵਾਲਿਆਂ ਦੀਆਂ ਖੋਟੀਆਂ ਨੀਅਤਾਂ ਕਾਰਨ ਸਰੇਆਮ ਮਾਈਨਿੰਗ ਮਾਫੀਆ ਵੱਲੋਂ ਉਡਾਈਆਂ ਜਾ ਰਹੀਆਂ ਨੇ। ਡੀ. ਸੀ ਸਾਹਿਬਾਂ ਨੇ ਆਪਣੇ ਦੌਰੇ ਦੌਰਾਨ 35 ਕਰੈਸ਼ਰ ਹੋਣ ਦੀ ਗੱਲ ਕਹੀ ਸੀ, ਜਦਕਿ ਇਥੇ 15 -20 ਦੇ ਕਰੀਬ ਸਕਰੀਨਿੰਗ ਪਲਾਟ ਹੀ ਮਨਜੂਰਸੁਦਾ ਹਨ, ਹੋਰ ਇਲਾਕਿਆਂ ਤੋਂ ਗਰੈਵਰ ਲਿਆਕੇ ਇਥੇ ਧੋ ਧੁਆਈ ਅਤੇ ਸਾਫ ਸਫਾਈ ਕਰਕੇ ਰੇਤ ਬਜਰੀ ਵਗੈਰਾ ਤਿਆਰ ਕਰਨ ਦੀ ਖੁੱਲ ਹੈ, ਪਰ ਹੋ ਸਭ ਉਲਟ ਰਿਹਾ ਹੈ, ਮਨਜੂਰੀ ਦੇ ਇਸ ਨਾਂ ਹੇਠ ਕੱਚਾ ਮਾਲ (ਗਰੈਵਰ) ਵੀ ਕਾਨੂੰਨ ਦੀਆਂ ਧੱਜੀਆਂ ਉਡਾਕੇ ਪੱਧਰੀਆਂ ਜਮੀਨਾਂ ਸਮੇਤ ਨਦੀਆਂ, ਸਾਮਲਾਟਾਂ ਵਿਚੋਂ ਵੱਡੀ ਪੱਧਰ 'ਤੇ ਚੁੱਕਿਆ ਜਾ ਰਿਹਾ ਹੈ। ਮਾਈਨਿੰਗ ਵਿਭਾਗ ਦੇ ਬਲਾਕ ਅਫਸਰ ਉਗਰ ਸਿੰਘ ਨੇ ਚੱਲ ਰਹੀ ਮਾਈਨਿੰਗ ਸਬੰਧੀ ਅਣਜਾਣਤਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਛੁੱਟੀ ਤੇ ਹਨ। ਉਨ੍ਹਾਂ ਕਿਹਾ ਕਿ ਉਹ ਸਬੰਧਿਤ ਥਾਣੇ ਦੀ ਪੁਲਿਸ ਨੂੰ ਹੁਣੇ ਤੁਰੰਤ ਸੂਚਿਤ ਕਰਨਗੇ। ਪੁਲਿਸ ਥਾਣਾ ਮਾਜਰੀ ਦੇ ਐਸ ਐਚ ਓ ਜਗਦੀਪ ਸਿੰਘ ਬਰਾੜ ਨੂੰ ਜਦੋ ਫੋਨ ਕੀਤਾ ਤਾਂ ਸੰਪਰਕ ਨਹੀਂ ਬਣ ਸਕਿਆ।
ਓਵਰਲੋਡ ਟਿੱਪਰਾਂ ਵੱਲੋਂ ਲਿੰਕ ਸੜਕਾਂ ਦੇ ਕੀਤੇ ਸਤਿਆਨਾਸ ਅਤੇ ਹੋ ਰਹੇ ਹਾਦਸਿਆਂ ਦੇ ਮੱਦੇਨਜ਼ਰ ਇਸ ਨਜਾਇਜ ਕਾਰੋਬਾਰ ਦੇ ਖਿਲਾਫ ਇਲਾਕੇ ਦੇ ਲੋਕ ਡਾਹਢੇ ਪ੍ਰੇਸ਼ਾਨ ਹੋਏ ਪਏ ਨੇ, ਸਮੇਂ ਸਮੇਂ ਧਰਨੇ ਮੁਜਾਹਰੇ ਵੀ ਕੀਤੇ ਗਏ, ਕਈ ਵਾਰ ਟਿੱਪਰ ਰੋਕ ਕੇ ਵਿਰੋਧ ਪ੍ਰਦਰਸ਼ਨ ਹੋਏ, ਪਰ ਸਰਕਾਰੀ ਤੰਤਰ ਇੰਨ੍ਹਾਂ ਰਸੂਖਦਾਰਾਂ ਅੱਗੇ ਬੌਣਾ ਹੀ ਬਣਿਆ ਰਿਹਾ। ਸਾਮ ਦਾਮ ਦੰਡ ਭੇਦ ਦੀ ਨੀਤੀ ਅਧੀਨ ਇਹ ਨਜਾਇਜ ਕਾਰੋਬਾਰ ਮੋਟੀ ਕਮਾਈ ਦਾ ਜਰੀਆ ਬਣਿਆ ਹੋਇਆ ਹੈ। ਜਿਥੇ ਅੰਨੇਵਾਹ ਦੌੜਦੇ ਓਵਰਲੋਡ ਟਿੱਪਰ ਇਲਾਕੇ ਦੀਆਂ ਸੜਕਾਂ ਨੂੰ ਖਾ ਗਏ, ਉਥੇ ਕਈ ਇਨਸਾਨੀ ਜਾਨਾਂ ਨੂੰ ਵੀ ਦਰੜਦੇ ਆ ਰਹੇ ਹਨ। ਬਰਸਾਤਾਂ ਵਿੱਚ ਕਈ ਨੌਜਵਾਨ ਇੰਨ੍ਹਾਂ ਡੂੰਘੇ ਪੁੱਟੇ ਟੋਇਆ ਵਿੱਚ ਡੁੱਬ ਕੇ ਮਰ ਖਪ ਗਏ, ਉਥੇ ਮੱਝਾਂ ਗਾਵਾਂ ਅਤੇ ਜੰਗਲੀ ਜਾਨਵਰ ਵੀ ਜਾਨਾਂ ਗੁਆ ਰਹੇ ਨੇ। ਪਰ ਹਰ ਵਾਰ ਰਸੂਖਦਾਰ ਆਪਣੀ ਪੈਸੇ ਤੇ ਉੱਚੀ ਪਹੁੰਚ ਅਤੇ ਗੁੰਡਾਗਰਦਾਂ ਦੇ ਡਰ ਵਿਖਾਕੇ ਮਾਮਲੇ ਨੂੰ ਰਫਾ ਦਫਾ ਕਰਦੇ ਆ ਰਹੇ ਹਨ। ਨਜਾਇਜ ਮਾਇਨਿੰਗ ਕਾਰਨ ਜਿਥੇ ਛੋਟੇ ਵੱਡੇ ਟਿੱਬੇ ਹੁਣ ਖਦਾਨਾਂ ਵਿੱਚ ਤਬਦੀਲ ਹੋ ਗਏ ਹਨ, ਉਥੇ ਇੰਨ੍ਹਾਂ ਟੋਇਆਂ ਤੇ ਉਗੇ ਕਿੰਕਰ ਨਿੰਮ ਅਤੇ ਖੈਰ ਵਰਗੇ ਬੇਸ਼ਕੀਮਤੀ ਦਰਖਤ ਵੀ ਜੜੋਂ ਖਤਮ ਕਰ ਦਿੱਤੇ ਗਏ ਹਨ। ਇੱਕਲੇ ਖਿਜਰਾਬਾਦ ਇਲਾਕੇ ਵਿੱਚ ਹੀ ਅਰਬਾਂ ਰੁਪਏ ਦਾ ਇਸ ਨਜਾਇਜ਼ ਮਾਈਨਿੰਗ ਦੇ ਕਾਰੋਬਾਰ ਨਾਲ ਸਰਕਾਰ ਨੂੰ ਚੂਨਾ ਲੱਗ ਰਿਹਾ ਹੈ। ਮਾਈਨਿੰਗ ਵਿਭਾਗ ਦੇ ਬਲਾਕ ਅਫਸਰ ਉਗਰ ਸਿੰਘ ਨੇ ਚੱਲ ਰਹੀ ਮਾਈਨਿੰਗ ਸਬੰਧੀ ਅਣਜਾਣਤਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਛੁੱਟੀ ਤੇ ਹਨ। ਉਨ੍ਹਾਂ ਕਿਹਾ ਕਿ ਉਹ ਸਬੰਧਿਤ ਥਾਣੇ ਦੀ ਪੁਲਿਸ ਨੂੰ ਹੁਣੇ ਤੁਰੰਤ ਸੂਚਿਤ ਕਰਨਗੇ। ਪੁਲਿਸ ਥਾਣਾ ਮਾਜਰੀ ਦੇ ਐਸ ਐਚ ਓ ਜਗਦੀਪ ਸਿੰਘ ਬਰਾੜ ਨੂੰ ਜਦੋ ਫੋਨ ਕੀਤਾ ਤਾਂ ਸੰਪਰਕ ਨਹੀਂ ਬਣ ਸਕਿਆ।