
ਚੰਡੀਗੜ੍ਹ, 28 ਫ਼ਰਵਰੀ (ਜੀ.ਸੀ. ਭਾਰਦਵਾਜ) : ਉਂਜ ਤਾਂ ਪੰਜਾਬੀ ਨੌਜਵਾਨ ਤੇ ਮੁਟਿਆਰਾਂ ਜ਼ਿੰਦਗੀ ਦੇ ਹਰ ਖੇਤਰ, ਫ਼ੌਜ, ਸਿਆਸਤ, ਵਿਦਿਅਕ, ਖੇਡਾਂ, ਆਰਥਕ ਅਤੇ ਵਿਦੇਸ਼ਾਂ ਵਿਚ ਇਨਸਾਨੀਅਤ ਦੀ ਸੇਵਾ ਵਿਚ ਲੱਗੇ ਹੋਏ ਹਨ ਤੇ ਟੀਚਿਆਂ ਦੀ ਪ੍ਰਾਪਤੀ ਤੋਂ ਬਾਅਦ ਵੀ ਵਿਸ਼ਵ ਰੀਕਾਰਡ ਬਣਾਈ ਜਾ ਰਹੇ ਹਨ ਪਰ ਦੇਸ਼ ਦੇ ਕਬਾਇਲੀ ਖਿੱਤੇ ਵਿਚ ਮਨੁੱਖਤਾ ਦੀ ਸੇਵਾ ਵਿਚ ਲੱਗੀ ਆਈਏਐਸ ਅਧਿਕਾਰੀ ਡਾ. ਸਲੂਨੀ ਸਿਡਾਨਾ ਇਸ ਕਤਾਰ ਵਿਚ ਸੱਭ ਤੋਂ ਅੱਗੇ ਹੈ। ਕੁੱਝ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦੀ ਪ੍ਰੈੱਸ ਗੈਲਰੀ ਕਮੇਟੀ ਦੇ ਮੈਂਬਰਾਂ ਵਲੋਂ ਮੱਧ ਪ੍ਰਦੇਸ਼ ਦੇ ਕੀਤੇ ਦੌਰੇ ਦੌਰਾਨ ਖਾਜੂਰਾਹੋ ਵਿਚ ਬਤੌਰ ਐਸਡੀਐਮ ਤੈਨਾਤ ਬੀਬੀ ਸਲੂਨੀ ਸਿਡਾਨਾ ਨੇ ਇਹ ਕਹਿ ਕੇ ਹੈਰਾਨ ਕਰ ਦਿਤਾ ਕਿ ਉਹ ਪੰਜਾਬ ਦੇ ਫ਼ਾਜ਼ਿਲਕਾ ਦੇ ਇਕ ਪਿੰਡ ਦੇ ਕਿਸਾਨ ਦੀ ਧੀ ਹੈ। ਅਕਸਰ ਆਈਏਐਸ ਅਧਿਕਾਰੀ ਮੁਕਾਬਲੇ ਦੀ ਕੇਂਦਰੀ ਪ੍ਰੀਖਿਆ ਤੋਂ ਬਾਅਦ ਮਨਸੂਰੀ ਦੇ ਇੰਸਟੀਚਿਊਟ ਦੀ ਟ੍ਰੇਨਿੰਗ ਲੈ ਕੇ ਬਤੌਰ ਕੇਂਦਰ ਅਧਿਕਾਰੀ ਹਵਾ ਵਿਚ ਉਡਦੇ ਹਨ, ਜ਼ਮੀਨੀ ਹਕੀਕਤ ਨੂੰ ਭੁੱਲ ਜਾਂਦੇ ਹਨ ਪਰ ਇਸ ਸਾਦਗੀ ਤੇ ਲਿਆਕਤ ਭਰੀ ਮੁਟਿਆਰ ਨਾਲ ਗੱਲਬਾਤ ਕਰ ਕੇ ਪਤਾ ਲੱਗਾ ਕਿ 2014 ਬੈਚ ਦੀ ਇਹ ਆਈਏਐਸ ਅਫ਼ਸਰ ਅਸਲੀਅਤ ਵਿਚ ਜਨਤਾ ਦੀ ਸੇਵਾ ਵਿਚ ਜੁਟੀ ਹੋਈ ਹੈ। ਚਾਰ ਸਾਲ ਪਹਿਲਾਂ ਕੇਂਦਰੀ ਲੋਕ ਸੇਵਾ ਕਮਿਸ਼ਨ ਦਾ ਇਮਤਿਹਾਨ ਪਾਸ ਕਰਨ ਤੋਂ ਪਹਿਲਾਂ ਬੀਬੀ ਸਿਡਾਨਾ ਨੇ ਦਿੱਲੀ ਤੋਂ ਮੈਡੀਕਲ ਖੇਤਰ ਵਿਚ ਡਾਕਟਰੀ ਯਾਨੀ ਐਮਬੀਬੀਐਸ ਵੀ ਕੀਤੀ ਹੋਈ ਹੈ ਅਤੇ ਅਮਰੀਕਾ ਵਿਚ ਜਾ ਕੇ ਉਥੇ ਸੇਵਾ ਨਿਭਾਉਣ ਤੋਂ ਹੱਟ ਕੇ ਅਪਣੇ ਮੁਲਕ ਵਿਚ ਹੀ ਲੋਕ ਸੇਵਾ ਕਰਨ ਨੂੰ ਤਰਜੀਹ ਦਿਤੀ।
'ਰੋਜ਼ਾਨਾ ਸਪੋਕਸਮੈਨ' ਵਲੋਂ ਕੀਤੇ ਵਿਸ਼ੇਸ਼ ਸੰਪਰਕ ਦੌਰਾਨ ਖਾਜੂਰਾਹੋ ਦੇ ਸਰਕਟ ਹਾਊਸ ਵਿਚ ਸਲੂਨੀ ਨੇ ਦਸਿਆ ਕਿ ਰਾਜ ਨਗਰ ਤੇ ਖਾਜੂਰਾਹੋ ਦੀ ਸਬ ਡਿਵੀਜ਼ਨ ਵਿਚ ਕਬਾਇਲੀ ਤੇ ਹੋਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਰਕਾਰੀ ਕਰਮਚਾਰੀਆਂ, ਗ਼ੈਰ ਸਰਕਾਰੀ ਸੰਸਥਾਵਾਂ, ਸਕੂਲਾਂ ਦੇ ਬੱਚਿਆਂ ਦੀ ਮਦਦ ਲਈ ਜਾ ਰਹੀ ਹੈ ਅਤੇ ਕੇਂਦਰ ਤੇ ਰਾਜ ਸਰਕਾਰ ਦੀਆਂ ਕਈ ਸਕੀਮਾਂ ਨੂੰ ਸਿਰੇ ਚੜ੍ਹਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਵੇਰ ਤੋਂ ਸ਼ਾਮ ਤਕ ਲੋਕਾਂ ਲਈ ਅਨਾਜ, ਖੇਤੀ, ਸਕੂਲੀ ਪੜ੍ਹਾਈ, ਲੋਕ ਰੁਜ਼ਗਾਰ ਅਤੇ ਹੋਰ ਸਥਾਨਕ ਮੁਸ਼ਕਲਾਂ ਹੱਲ ਕਰਨ ਦੇ ਉਪਰਾਲੇ ਕੀਤੇ ਜਾਂਦੇ ਹਨ। ਸੁਰੱਖਿਆ ਜਾਂ ਲਾਅ ਐਂਡ ਆਰਡਰ ਦੀ ਬਹੁਤੀ ਮੁਸ਼ਕਲ ਨਹੀਂ ਹੈ, ਲੋਕ ਨੇਕ, ਸ਼ਰੀਫ਼ ਤੇ ਮਿਹਨਤੀ ਹਨ, ਖੇਤੀ ਲਈ ਜ਼ਿਆਦਾਤਰ ਕੁਦਰਤੀ ਬਾਰਸ਼ 'ਤੇ ਨਿਰਭਰ ਕਰਨਾ ਪੈਂਦਾ ਹੈ। ਪਿਛਲੇ ਅਕਤੂਬਰ ਮਹੀਨੇ ਵਿਚ ਅਪਣੀ ਨਿਯੁਕਤੀ ਸਬੰਧੀ ਬੀਬੀ ਸਿਡਾਨਾ ਨੇ ਦਸਿਆ ਕਿ ਇਸ ਤੋਂ ਪਹਿਲਾਂ ਉਹ ਮੱਧ ਪ੍ਰਦੇਸ਼ ਦੇ ਚੰਬਲ ਤੇ ਵਿਜੈਵਾੜਾ ਵਿਚ ਵੀ ਲੋਕਾਂ ਦੀ ਸੇਵਾ ਕਰ ਚੁੱਕੇ ਹਨ। ਪੰਜਾਬ ਦੇ ਫ਼ਾਜ਼ਿਲਕਾ ਇਲਾਕੇ ਵਿਚ ਜੰਮੀਪਲੀ, ਕਿਸਾਨ ਦੀ ਇਸ ਧੀ ਨੂੰ ਕਣਕ, ਦਾਲਾਂ, ਬਾਜਰਾ, ਚਾਵਲ ਤੇ ਹੋਰ ਫ਼ਸਲਾਂ ਬਾਰੇ ਕਾਫ਼ੀ ਜਾਣਕਾਰੀ ਹੋਣ ਕਰ ਕੇ ਬੀਬੀ ਸਿਡਾਨਾ ਨੇ ਮੱਧ ਪ੍ਰਦੇਸ਼ ਦੇ ਰਾਜ ਨਗਰ ਇਲਾਕੇ ਵਿਚ ਵੀ ਕਿਸਾਨਾਂ ਨੂੰ ਜੈਵਿਕ ਖੇਤੀ ਵਲ ਕਾਫ਼ੀ ਪ੍ਰੇਰਨਾ ਦਿਤੀ ਹੈ। ਉਨ੍ਹਾਂ ਕਿਹਾ ਕਿ ਇਸ ਸੂਬੇ ਵਿਚ ਕੁਦਰਤੀ ਖਾਦ, ਗੋਹੇ ਅਤੇ ਬਕਰੀਆਂ ਦੀਆਂ ਮੇਂਗਣਾ ਦੀ ਖੇਤਾਂ ਵਿਚ ਕਾਫ਼ੀ ਵਰਤੋਂ ਕੀਤੀ ਜਾਂਦੀ ਹੈ। ਪਿਛਲੇ ਦਿਨੀ ਖਾਜੂਰਾਹੋ ਦੇ 10 ਦਿਨਾਂ ਫ਼ੈਸਟੀਵਲ ਬਾਰੇ ਇਸ ਅਧਿਕਾਰੀ ਨੇ ਦਸਿਆ ਕਿ ਕੌਮਾਂਤਰੀ ਮਸ਼ਹੂਰੀ ਵਾਲੇ ਇਸ ਸੈਲਾਨੀ ਕੇਂਦਰ 'ਤੇ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਵਿਦੇਸ਼ੀ ਸੈਲਾਨੀ, ਇਤਿਹਾਸਕਾਰ, ਕਲਾਪ੍ਰੇਮੀ, ਖੋਜੀ, ਮਾਹਰ ਖਾਜੂਰਾਹੋ ਪਹੁੰਚਦੇ ਹਨ। ਬੀਬੀ ਸਿਡਾਨਾ ਦੀ ਰਾਏ ਹੈ ਕਿ ਖਾਜੂਰਾਹੋ ਦੀਆਂ ਸੁੰਦਰ, ਵਿਰਾਸਤੀ ਕਲਾਕ੍ਰਿਤੀਆਂ ਅਤੇ ਹੁਨਰਮੰਦ ਮੂਰਤੀਆਂ ਸਿਰਫ਼ ਚੰਦੇਲ ਰਾਜਪੂਤਾਂ ਜਾਂ ਰਾਜਿਆਂ ਨੂੰ ਹੀ ਨਹੀਂ ਅਮਰ ਕਰ ਗਈਆਂ ਬਲਕਿ ਭਾਰਤੀ ਸਰਵੇਖਣ ਦੀ ਕਦਰ ਸਦਕਾ ਮੁਲਕ ਦੀ ਦੁਨੀਆਂ ਵਿਚ ਪਛਾਣ ਬਣੀ ਹੈ। ਅਪਣੇ ਜੱਦੀ ਸੂਬੇ ਪੰਜਾਬ ਸਬੰਧੀ ਸਿਡਾਨਾ ਦਾ ਕਹਿਣਾ ਸੀ ਕਿ ਕਿਸਾਨਾਂ ਦੀ ਮਿਹਨਤ ਦੀ ਕੀਮਤ ਦੇ ਨਾਲ-ਨਾਲ ਕੇਂਦਰ ਤੇ ਪੰਜਾਬ ਸਰਕਾਰ ਨੂੰ ਵੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਸਲਾਹ ਦਿਤੀ ਕਿ ਪੰਜਾਬ ਦੇ ਕਿਸਾਨਾਂ ਨੂੰ ਹੌਲੀ-ਹੌਲੀ ਜੈਵਿਕ ਖੇਤੀ ਵਲ ਆ ਜਾਣਾ ਚਾਹੀਦਾ ਹੈ ਅਤੇ ਸਿਰਫ਼ ਵਾਧੂ ਕਮਾਈ ਦੀ ਦੌੜ ਛੱਡ ਕੇ ਫ਼ਰਟੀਲਾਈਜ਼ਰ, ਕੀਟਨਾਸ਼ਕ ਦਵਾਈਆਂ ਦੀ ਵਰਤੋਂ ਘਟਾ ਕੇ ਸਾਫ਼ ਸੁਥਰੀ ਫ਼ਸਲ ਪੈਦਾ ਕਰਨ ਵਲ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ਕੇਡਰ ਦੇ ਆਈਏਐਸ ਸੀਨੀਅਰ ਅਧਿਕਾਰੀ ਤੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਤੇਜਵੀਰ ਸਿੰਘ ਦੀ ਸ਼ਲਾਘਾ ਕਰਦਿਆਂ ਡਾ. ਸਲੂਨੀ ਸਿਡਾਨਾ ਨੇ ਦਸਿਆ ਕਿ ਟ੍ਰੇਨਿੰਗ ਦੌਰਾਨ ਉਨ੍ਹਾਂ ਤੇਜਵੀਰ ਤੋਂ ਜੀਵਨ ਤੇ ਪ੍ਰਸ਼ਾਸਕੀ ਦੇ ਸਫ਼ਲ ਨੁਕਤੇ ਸਿੱਖੇ ਹਨ। ਜ਼ਿਕਰਯੋਗ ਹੈ ਕਿ ਤੇਜਵੀਰ ਸਿੰਘ ਨਾਲ ਬਹਾਦਰ ਸ਼ਾਸਤਰੀ ਇੰਸਟੀਚਿਊਟ ਵਿਚ ਅੱਠ ਸਾਲ ਤੋਂ ਵੱਧ ਸਮਾਂ ਬਤੌਰ ਡਾਇਰੈਕਟਰ ਰਹਿ ਕੇ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਿੰਸੀਪਲ ਸਕੱਤਰ ਵਜੋਂ ਸੇਵਾ ਨਿਭਾ ਰਹੇ ਹਨ।