
ਪੁਲਿਸ ਨੇ ਕੀਤੇ 4 ਗੁੰਡੇ ਕਾਬੂ
ਤਰਨਤਾਰਨ/ਪੱਟੀ, 3 ਫ਼ਰਵਰੀ (ਚਰਨਜੀਤ ਸਿੰਘ/ਅਜੀਤ ਘਰਿਆਲਾ): ਬੀਤੀ 31 ਜਨਵਰੀ ਦੀ ਸ਼ਾਮ ਨੂੰ ਤਰਨਤਾਰਨ ਵਿਚ ਗੁੰਡਾਗਰਦੀ ਕਰਦਿਆਂ ਤਿੰਨ ਦਰਜਨ ਦੇ ਕਰੀਬ ਗੁੰਡਿਆਂ ਵਲੋਂ ਮਾਰੂ ਹਥਿਆਰਾਂ ਨਾਲ ਲੈੱਸ ਹੋ ਕੇ ਤਰਨਤਾਰਨ ਦੇ ਅੱਡਾ ਬਾਜ਼ਾਰ ਵਿਚ 100 ਦੇ ਕਰੀਬ ਦੁਕਾਨਾਂ ਵਿਚ ਲੁਟਮਾਰ ਕਰਨ ਵਾਲੇ ਕਰੀਬ 40 ਗੁੰਡਿਆਂ 'ਚੋਂ ਪੁਲਿਸ ਨੇ ਚਾਰ ਗੁੰਡਿਆਂ ਜੋਬਨਜੀਤ ਸਿੰਘ ਪੁੱਤਰ ਜਸਪਾਲ ਸਿੰਘ, ਗੋਲਡੀ ਪੁੱਤਰ ਦਾਰਾ ਸਿੰਘ, ਸਾਹਿਬ ਸਿੰਘ ਉਰਫ਼ ਸੋਨੂੰ ਮਾਮਾ ਪੁੱਤਰ ਮਨਜੀਤ ਸਿੰਘ ਅਤੇ ਸਾਹਿਲਦੀਪ ਸਿੰਘ ਉਰਫ ਸਾਹਿਲ ਪੁੱਤਰ ਰਜਿੰਦਰ ਸਿੰਘ ਵਾਸੀ ਤਰਨਤਾਰਨ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਵਿਰੁਧ ਥਾਣਾ ਸਿਟੀ ਤਰਨਤਾਰਨ ਵਿਖੇ ਧਾਰਾ 307/452/ 323/379ਬੀ/ 148/149/506 ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਬਾਕੀ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿਤਾ ਹੈ। ਅੱਜ ਤਰਨਤਾਰਨ ਦੇ ਐਸਐਸਪੀ ਦਰਸ਼ਨ ਸਿੰਘ ਮਾਨ ਵਲੋਂ ਕੀਤੀ ਪ੍ਰੈੱਸ ਕਾਂਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦਸਿਆ ਕਿ ਪੜਤਾਲ ਕਰਨ 'ਤੇ ਇਹ ਗੱਲ ਸਾਹਮਣੇ ਆਈ ਹੈ ਕਿ ਅਰੋੜਾ ਪੈਲਸ ਦੇ ਮਾਲਕ ਕੁਲਵੰਤ ਸਿੰਘ ਅਰੋੜਾ ਅਤੇ ਅਮਰੀਕ ਸਿੰਘ ਉਰਫ਼ ਸੋਨੂੰ ਸੁਨਿਆਰੇ ਦਾ ਆਪਸ ਵਿਚ ਪੈਸਿਆਂ ਦਾ ਲੈਣ ਦੇਣ ਸੀ ਅਤੇ ਸ਼ਸ਼ੀ ਭੂਸ਼ਣ ਇਸ ਲੈਣ ਦੇਣ ਦਾ ਗਰੰਟਰ ਸੀ।
ਦੋਵੇਂ ਧਿਰਾਂ ਆਪਸ ਵਿਚ ਹੱਥੋਪਾਈ ਹੋ ਗਏ ਅਤੇ ਗੁੰਡਾ ਅਨਸਰਾਂ ਨੇ ਸ਼ਸ਼ੀ ਭੂਸ਼ਣ ਸਮੇਤ ਕਈ ਦੁਕਾਨਦਾਰਾਂ ਨੂੰ ਸੱਟਾਂ ਮਾਰ ਦਿਤੀਆਂ ਅਤੇ ਬਾਅਦ ਵਿਚ ਇਨ੍ਹਾਂ ਗੁੰਡਿਆਂ ਨੇ ਅੱਡਾ ਬਾਜ਼ਾਰ ਵਿਚ ਦੁਕਾਨਾਂ ਦੀ ਭੰਨਤੋੜ ਅਤੇ ਲੁੱਟਮਾਰ ਕਰਨੀ ਸ਼ੁਰੂ ਕਰ ਦਿਤੀ। ਐਸਐਸਪੀ ਨੇ ਦਸਿਆ ਕਿ ਸ਼ੁਰੂਆਤੀ ਪੜਤਾਲ ਵਿਚ ਗੁੰਡਿਆਂ ਵਲੋਂ ਔਰਤਾਂ ਨਾਲ ਦੁਰਵਿਹਾਰ ਕੀਤੇ ਜਾਣ ਦੀ ਕਿਸੇ ਵੀ ਘਟਨਾ ਦੀ ਗੱਲ ਸਾਹਮਣੇ ਨਹੀਂ ਆਈ। ਐਸਐਸਪੀ ਨੇ ਸਪੱਸ਼ਟ ਕੀਤਾ ਕਿ ਇਹ ਦੋਨੇਂ ਔਰਤਾਂ ਲੜਾਈ ਸਮੇਂ ਬਚਾਅ ਕਰਵਾ ਰਹੀਆਂ ਸਨ। ਇਕ ਸਵਾਲ ਦੇ ਜਵਾਬ ਵਿਚ ਐਸ.ਐਸ.ਪੀ. ਨੇ ਕਿਹਾ ਕਿ ਇਸ ਘਟਨਾ ਸਬੰਧੀ ਕਿਸੇ ਵੀ ਪੁਲਿਸ ਅਧਿਕਾਰੀ ਦੇ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਜੇਕਰ ਪੜਤਾਲ ਦੌਰਾਨ ਕਿਸੇ ਵੀ ਪੁਲਿਸ ਅਧਿਕਾਰੀ ਦੀ ਲਾਪ੍ਰਵਾਹੀ ਬਾਰੇ ਪਤਾ ਚਲਿਆ ਤਾਂ ਉਸ ਵਿਰੁਧ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਐੱਸ.ਐੱਸ.ਪੀ. ਨੇ ਇਹ ਵੀ ਕਿਹਾ ਕਿ ਬਾਕੀ ਰਹਿੰਦੇ ਗੁੰਡਿਆਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਦਬੋਚ ਲਿਆ ਜਾਵੇਗਾ।