
ਮਾਨਸਾ/ਝੁਨੀਰ 23 ਫ਼ਰਵਰੀ (ਸੁਖਵੰਤ ਸਿੰਘ ਸਿੱਧੂ ਮਿੱਠੂ ਘੁਰਕਣੀ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਦੀ ਬਦੌਲਤ ਪੰਜਾਬ ਵਿਚ ਅਣਐਲਾਨੀ ਵਿੱਤੀ ਐਮਰਜੈਂਸੀ ਲੱਗ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਖ਼ਜ਼ਾਨੇ ਦੀ ਡੋਰ ਇਕ ਅਨਜਾਣ ਅਤੇ ਅੜੀਅਲ ਹੱਥ ਦੇ ਦਿਤੀ ਹੈ, ਜਿਸ ਕਾਰਨ ਪੰਜਾਬ ਦਾ ਸਮੁੱਚਾ ਵਰਗ ਨਿਰਾਸ਼ਾ ਦੇ ਆਲਮ ਵਿਚ ਡੁਬਿਆ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਗੁੰਡਾ ਟੈਕਸ ਨੂੰ ਹੱਲਾਸ਼ੇਰੀ ਦਿਤੀ ਜਾ ਰਹੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਸਲੇ ਨੂੰ ਲੈ ਕੇ ਕੁੰਭਕਰਨੀ ਨੀਂਦ ਸੁੱਤੇ ਪਏ ਹਨ।ਹਲਕਾ ਸਰਦੂਲਗੜ੍ਹ ਵਿਚ ਪੈਂਦੇ ਕਸਬਾ ਝੁਨੀਰ ਵਿਖੇ 'ਪੋਲ ਖੋਲ੍ਹੋ ਰੈਲੀ ਲੜੀ' ਤਹਿਤ ਸੁਖਬੀਰ ਸਿੰਘ ਬਾਦਲ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਕੋ ਸਮੇਂ ਦੇਸ਼ ਦੀ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਜੇ ਬੂਰ ਪੈ ਗਿਆ ਤਾਂ 2019 ਵਿਚ ਜਿੱਥੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇਗੀ ਉੱਥੇ ਨਾਲ ਹੀ 13 ਦੀਆਂ 13 ਲੋਕ ਸਭਾ ਸੀਟਾਂ ਜਿੱਤ ਕੇ ਹਾਸਲ ਕਰੇਗਾ। ਮੌਜੂਦਾ ਕਾਂਗਰਸ ਸਰਕਾਰ ਨੇ ਇਕ ਸਾਲ ਦੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਸ. ਬਾਦਲ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਲਈ ਵੀ ਸਰਕਾਰ ਕੋਲ ਰੁਪਏ ਦਾ ਪ੍ਰਬੰਧ ਨਹੀਂ ਹੈ ਅਤੇ ਸਮੁੱਚੀਆਂ ਲੋਕਪੱਖੀ ਸਕੀਮਾਂ ਨੂੰ ਬੰਦ ਕਰ ਦਿਤਾ।
ਸੁਖਬੀਰ ਸਿੰਘ ਬਾਦਲ ਨੇ ਆਈ.ਜੀ. ਬਠਿੰਡਾ ਛੀਨਾ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਅਕਾਲੀ ਵਰਕਰਾਂ 'ਤੇ ਝੂਠੇ ਪਰਚੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਇਸ ਮੌਕੇ ਕੇਂਦਰ ਦੀ ਮੰਤਰੀ ਬੀਬੀ ਹਰਸਿਮਰਤ ਕੋਰ ਬਾਦਲ ਅਤੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਅਤੇ ਮੁਲਾਜ਼ਮਾਂ ਨੂੰ ਗੁਮਰਾਹ ਕਰਨ ਲਈ ਧਾਰਮਿਕ ਗ੍ਰੰਥ ਦੀ ਆੜ ਲੈ ਕੇ ਸੂਬੇ ਵਿਚ ਕਾਂਗਰਸ ਸੱਤਾ ਵਿਚ ਆਈ ਹੈ ਪਰ ਪੰਜਾਬ ਦੇ ਲੋਕ ਕੈਪਟਨ ਦੇ ਇਸ ਗੁਨਾਹ ਨੂੰ ਕਦੇ ਮਾਫ਼ ਨਹੀਂ ਕਰਨਗੇ ਜਿਸ ਦੇ ਨਤੀਜੇ ਵਿਧਾਨ ਸਭਾ ਵਿਚ ਕਾਂਗਰਸ ਖ਼ੁਦ ਭੁਗਤੇਗੀ। ਇਸ ਮੌਕੇ ਰੈਲੀ ਦੇ ਇੰਚਾਰਜ ਅਤੇ ਐੱਮ.ਐੱਲ.ਏ. ਦਿਲਰਾਜ ਸਿੰਘ ਭੂੰਦੜ ਵਲੋਂ ਆਈਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸੁਖਵਿੰਦਰ ਸਿੰਘ ਅੋਲਖ, ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ, ਪ੍ਰਧਾਨ ਪ੍ਰੇਮ ਅਰੋੜਾ, ਮਾਲਵਾ ਜੋਨ ਦੇ ਦੋਵੇਂ ਜਨਰਲ ਸਕੱਤਰ ਜ਼ਿਲ੍ਹਾ ਯੂਥ ਦੇ ਪ੍ਰਧਾਨ ਅਵਤਾਰ ਸਿੰਘ ਰਾੜਾ, ਜਿਲ੍ਹੇ ਦੇ ਯੂਥ ਦੇ ਮੀਤ ਪ੍ਰਧਾਨ ਜਗਸੀਰ ਸਿੰਘ ਅੱਕਾਂਵਾਲੀ, ਸ਼ਾਮ ਲਾਲ ਧਲੇਵਾਂ, ਗੁਰਸੇਵਕ ਸਿੰਘ ਝੁਨੀਰ, ਬੱਬੀ ਬਾਦਲ, ਸ਼ਰਨਜੀਤ ਕੌਰ ਚਹਿਲ, ਆਈ.ਟੀ. ਵਿੰਗ ਜ਼ਿਲ੍ਹੇ ਦੇ ਪ੍ਰਧਾਨ ਹਰਮਨਜੀਤ ਸਿੰਘ ਭੰਮਾ, ਬੋਬੀ ਜੈਨ ਪ੍ਰਧਾਨ ਸਰਦੂਲਗੜ੍ਹ, ਚੇਅਰਮੈਨ ਸੁਖਦੇਵ ਚੈਨੇਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਵੀ ਹਾਜ਼ਰ ਸਨ।