
ਚੰਡੀਗੜ੍ਹ ਨੇੜਲੇ ਨਵਾਂ ਗਾਉਂ ਦਾ ਪਰਵਾਰ ਮੱਥਾ ਟੇਕਣ ਗਿਆ ਸੀ ਬਾਗੜ
ਭੀਖੀ, 18 ਅਕਤੂਬਰ (ਬਹਾਦਰ ਖ਼ਾਨ) : ਇਥੋਂ ਤਿੰਨ ਕਿਲੋਮੀਟਰ ਦੂਰ ਸੁਨਾਮ ਰੋਡ 'ਤੇ ਹੋਈ ਇਨੋਵਾ ਤੇ ਟਰੱਕ ਦੀ ਟੱਕਰ ਵਿਚ 'ਚ ਸੱਤ ਜਣਿਆਂ ਦੀ ਮੌਤ ਹੋ ਗਈ ਜਦਕਿ ਸੱਤ ਜਣੇ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿਚ ਤਿੰਨ ਮਰਦ, ਦੋ ਔਰਤਾਂ ਅਤੇ ਦੋ ਬੱਚੇ ਸ਼ਾਮਲ ਹਨ। ਮ੍ਰਿਤਕਾਂ ਤੇ ਜ਼ਖ਼ਮੀਆਂ ਨੂੰ ਛੱਤ ਤੋੜ ਕੇ ਬਾਹਰ ਕਢਿਆ ਗਿਆ। ਗੰਭੀਰ ਜ਼ਖ਼ਮੀਆਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਭੇਜ ਦਿਤਾ ਗਿਆ। ਇਨੋਵਾ ਗੱਡੀ ਨੰਬਰ ਸੀਐਚ 01 ਬੀਏ 7487 ਵਿਚ ਸਵਾਰ 14 ਜਣੇ ਚੰਡੀਗੜ੍ਹ ਨੇੜਲੇ ਪਿੰਡ ਨਵਾਂ ਗਾਉਂ ਤੋਂ ਰਾਜਸਥਾਨ ਦੇ ਧਾਰਮਕ ਸਥਾਨ ਗੁੱਗਾ ਮੈੜੀ ਬਾਗੜ ਵਿਖੇ ਮੱਥਾ ਟੇਕਣ ਜਾ ਰਹੇ ਸਨ। ਜਿਉਂ ਹੀ ਗੱਡੀ ਸਥਾਨਕ ਦੀਪਾਲੀ ਪੈਲੇਸ ਕੋਲ ਪੁੱਜੀ ਤਾਂ ਓਵਰਟੇਕ ਕਰਨ ਦੇ ਚੱਕਰ ਵਿਚ ਇਨੋਵਾ ਗੱਡੀ ਦਾ ਚਾਲਕ ਅਪਣਾ ਸੰਤੁਲਨ ਗਵਾ ਬੈਠਾ ਅਤੇ ਇਨੋਵਾ ਸਾਹਮਣਿਉਂ ਆ ਰਹੇ ਟਰੱਕ ਨੰਬਰ ਪੀਬੀ 13 ਏਏ 8935 ਨਾਲ ਟਕਰਾ ਗਈ।
ਟਰੱਕ ਦਾ ਅਗਲਾ ਹਿੱਸਾ ਟੁੱਟ ਕੇ ਪਿਛਲੇ ਟਾਇਰਾਂ ਥੱਲੇ ਜਾ ਪੁੱਜਾ ਅਤੇ ਟਰੱਕ ਦਾ ਤੇਲ ਟੈਂਕ ਵੀ ਫਟ ਗਿਆ। ਇਨੋਵਾ ਸਵਾਰ ਛੇ ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਵਿਅਕਤੀ ਨੇ ਮਾਨਸਾ ਦੇ ਸਿਵਲ ਹਸਪਤਾਲ ਵਿਚ ਦਮ ਤੋੜ ਦਿਤਾ। ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।ਐਸਐਸਪੀ ਪਰਮਬੀਰ ਸਿੰਘ ਪਰਮਾਰ, ਡੀਐਸਪੀ ਕਰਨਬੀਰ ਸਿੰਘ, ਏਡੀਸੀ ਗੁਰਿੰਦਰਪਾਲ ਸਿੰਘ ਸਹੋਤਾ, ਐਸਡੀਐਮ ਲਤੀਫ਼ ਅਹਿਮਦ, ਸਿਵਲ ਸਰਜਨ ਮਾਨਸਾ ਡਾ. ਸੁਨੀਲ ਪਾਠਕ ਨੇ ਘਟਨਾ ਸਥਾਨ 'ਤੇ ਪੁੱਜ ਕੇ ਹਾਲਾਤ ਦਾ ਜਾਇਜ਼ਾ ਲਿਆ ਤੇ ਜ਼ਖ਼ਮੀਆਂ ਦੀ ਸੰਭਾਲ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ। ਐਸਐਓਓ ਭੀਖੀ ਪ੍ਰਮਜੀਤ ਸਿੰਘ ਸੰਧੂ ਨੇ ਦਸਿਆ ਕਿ ਭੀਖੀ ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਵਿਰੁਧ ਮਾਮਲਾ ਦਰਜ ਕਰ ਲਿਆ ਹੈ।