
ਬਠਿੰਡਾ, 8 ਫ਼ਰਵਰੀ (ਸੁਖਜਿੰਦਰ ਮਾਨ) : ਕਰੀਬ ਇਕ ਸਾਲ ਪਹਿਲਾਂ 31 ਜਨਵਰੀ ਨੂੰ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਚੋਣ ਰੈਲੀ 'ਚ ਮੌੜ ਮੰਡੀ ਵਿਖੇ ਹੋਏ ਬੰਬ ਧਮਾਕੇ ਲਈ ਵਰਤੀ ਗਈ ਮਾਰੂਤੀ ਕਾਰ ਡੇਰਾ ਸਿਰਸਾ 'ਚ ਤਿਆਰ ਕੀਤੀ ਗਈ ਸੀ। ਇਸ ਗੱਲ ਦਾ ਖ਼ੁਲਾਸਾ ਉਕਤ ਕਾਰ ਨੂੰ ਰੰਗ ਕਰਨ ਵਾਲੇ ਪੇਂਟਰ ਨੇ ਅਦਾਲਤ ਵਿਚ ਕੀਤਾ ਹੈ, ਜਿਸ ਨੂੰ ਅੱਜ ਚਾਰ ਗਵਾਹਾਂ ਸਹਿਤ ਪੁਲਿਸ ਅਧਿਕਾਰੀਆਂ ਨੇ ਤਲਵੰਡੀ ਸਾਬੋ ਦੀ ਅਦਾਲਤ ਵਿਚ ਪੇਸ਼ ਕੀਤਾ। ਇਸ ਬੰਬ ਬਲਾਸਟ 'ਚ 5 ਮਾਸੂਮ ਬੱਚਿਆਂ ਸਹਿਤ ਕੁੱਲ 7 ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦਕਿ ਇਕ ਦਰਜਨ ਦੇ ਕਰੀਬ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਵਿਚੋਂ ਹਾਲੇ ਵੀ ਕਈਆਂ ਦੀ ਹਾਲਾਤ ਠੀਕ ਨਹੀਂ ਹੈ। ਇਹ ਬੰਬ ਬਲਾਸਟ ਕਾਂਗਰਸੀ ਉਮੀਦਵਾਰ ਤੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੇ ਕੁੜਮ ਹਰਮਿੰਦਰ ਸਿੰਘ ਜੱਸੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਉਕਤ ਕਾਰ ਡੇਰੇ ਅੰਦਰ ਬਣੀ ਸੱਚ ਵਰਕਸ਼ਾਪ ਦੇ ਵੀਆਈਪੀ ਸੈਕਸ਼ਨ ਵਿਚ ਕਰੀਬ ਇਕ ਮਹੀਨਾ ਤਕ ਖੜੀ ਰਹੀ, ਜਿਥੇ ਉਸ ਨੂੰ ਲਾਲ ਰੰਗ ਤੋਂ ਚਿੱਟਾ ਰੰਗ ਕਰ ਕੇ ਨਵੀਂ ਸ਼ਕਲ ਦਿਤੀ ਗਈ। ਸੂਤਰਾਂ ਅਨੁਸਾਰ ਡੀ.ਆਈ.ਜੀ ਰਣਵੀਰ ਸਿੰਘ ਖਟੜਾ ਦੀ ਅਗਵਾਈ ਹੇਠਲੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵਲੋਂ ਅੱਜ ਤਲਵੰਡੀ ਸਾਬੋ ਦੇ ਜੱਜ ਗੁਰਦਰਸ਼ਨ ਸਿੰਘ ਦੀ ਅਦਾਲਤ ਵਿਚ ਹਰਿਆਣਾ ਤੇ ਰਾਜਸਥਾਨ ਨਾਲ ਸਬੰਧਤ ਚਾਰ ਵਿਅਕਤੀਆਂ ਨੂੰ ਪੇਸ਼ ਕਰ ਕੇ ਉਨ੍ਹਾਂ ਦੇ ਬਤੌਰ ਗਵਾਹਾਂ ਦੇ ਤੌਰ 'ਤੇ ਸੀਆਰਪੀਸੀ ਦੀ ਧਾਰਾ 164 ਦੇ ਤਹਿਤ ਬਿਆਨ ਦਰਜ ਕਰਵਾਏ ਗਏ। ਗਵਾਹਾਂ ਦੇ ਤੌਰ 'ਤੇ ਬਿਆਨ ਦਰਜ ਕਰਵਾਉਣ ਵਾਲਿਆਂ ਵਿਚ ਹਰਪ੍ਰੀਤ ਸਿੰਘ ਵਾਸੀ ਘੁੱਕਿਆਵਾਲੀ ਜ਼ਿਲ੍ਹਾ ਸਿਰਸਾ, ਸੁਨੀਲ ਕੁਮਾਰ ਵਾਸੀ ਨਾਦਰ ਜ਼ਿਲ੍ਹਾ ਸਿਰਸਾ, ਕ੍ਰਿਸ਼ਨ ਕੁਮਾਰ ਵਾਸੀ ਬਜੌਤਾ ਜ਼ਿਲ੍ਹਾ ਕਰਨਾਲ (ਤਿੰਨੋਂ ਹਰਿਆਣਾ) ਤੇ ਹਰਮੇਲ ਸਿੰਘ ਵਾਸੀ ਵਾਸੀ ਵਿਜੇ ਨਗਰ ਜ਼ਿਲ੍ਹਾ ਗੰਗਾਨਗਰ ਸਟੇਟ ਰਾਜਸਥਾਨ ਸ਼ਾਮਲ ਹਨ। ਇਸ ਤੋਂ ਪਹਿਲਾਂ ਇਨ੍ਹਾਂ ਗਵਾਹਾਂ ਨੇ ਮੌੜ 'ਚ ਉਕਤ ਘਟਨਾ ਵਾਲੀ ਕਾਰ ਦੀ ਪਹਿਚਾਣ ਵੀ ਕੀਤੀ। ਪੁਲਿਸ ਸੂਤਰਾਂ ਨੇ ਪ੍ਰਗਟਾਵਾ ਕੀਤਾ ਹੈ ਕਿ ਉਕਤ ਕਾਰ ਨੂੰ ਦਿੱਲੀ ਤੋਂ ਬਹੁਤ ਸਾਲ ਪਹਿਲਾਂ ਖ਼ਰੀਦਿਆ ਗਿਆ ਸੀ ਤੇ ਇਸ ਉਪਰ ਘਟਨਾ ਸਮੇਂ ਪਾਇਆ ਗਿਆ ਨੰਬਰ ਵੀ ਜਾਂਚ ਦੌਰਾਨ ਇਕ ਸਕੂਟਰ ਦਾ ਨਿਕਲਿਆ ਸੀ। ਇਸ ਤੋਂ ਇਲਾਵਾ ਉਕਤ ਕਾਰ ਦੀ ਪਛਾਣ ਖ਼ਤਮ ਕਰਨ ਲਈ ਉਸ ਦਾ ਚਾਸੀ ਨੰਬਰ ਵੀ ਰਗੜ ਕੇ ਮਿਟਾਇਆ ਗਿਆ ਸੀ।
ਸੂਤਰਾਂ ਅਨੁਸਾਰ ਗਵਾਹਾਂ ਨੇ ਪੁਲਿਸ ਕੋਲ ਪ੍ਰਗਟਾਵਾ ਕੀਤਾ ਹੈ ਕਿ ਇਹ ਕਾਰ ਬਿਨਾਂ ਨੰਬਰ ਡੇਰੇ ਦੀ ਉਕਤ ਵਰਕਸ਼ਾਪ ਦੇ ਬੀ ਸੈਕਸ਼ਨ ਜਿਥੇ ਬਾਬੇ ਦੀਆਂ ਕਾਰਾਂ ਤਿਆਰ ਹੁੰਦੀਆਂ ਹਨ, ਵਿਚ ਵਰਕਸ਼ਾਪ ਦੇ ਇੰਚਾਰਜ ਕਾਲਾ ਲੈ ਕੇ ਆਇਆ ਸੀ ਤੇ ਉਸ ਦੇ ਕਹਿਣ 'ਤੇ ਹੀ ਕਾਰ ਵਰਕਸ਼ਾਪ ਤੋਂ ਬਾਹਰ ਗਈ ਸੀ। 25 ਅਗੱਸਤ ਨੂੰ ਫੈਲੀ ਹਿੰਸਾ ਤੋਂ ਬਾਅਦ ਕਾਲਾ ਫ਼ਰਾਰ ਹੈ। ਪਤਾ ਲਗਿਆ ਹੈ ਕਿ ਸੁਨੀਲ ਕੁਮਾਰ ਉਕਤ ਵਰਕਸ਼ਾਪ ਵਿਚ ਪੇਂਟਰ ਹੈ ਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਵਰਕਸ਼ਾਪ 'ਚ ਲਿਆਂਦੇ ਜਾਣ ਵਾਲੇ ਸਪੇਅਰ ਪਾਰਟਸ ਦਾ ਸਮਾਨ ਦਾ ਜ਼ਿੰਮੇਵਾਰ ਸੀ। ਇਸ ਤੋਂ ਇਲਾਵਾ ਕ੍ਰਿਸ਼ਨ ਕੁਮਾਰ ਉਕਤ ਵਰਕਸ਼ਾਪ ਵਿਚ ਦੂਜੇ ਨੰਬਰ ਉਪਰ ਸੀ ਤੇ ਹਰਮੇਲ ਸਿੰਘ ਵੀ ਇਸੇ ਵਰਕਸ਼ਾਪ ਵਿਚ ਕੰਮ ਕਰਦਾ ਸੀ। ਇਥੇ ਇਹ ਵੀ ਦਸਣਾ ਬਣਦਾ ਹੈ ਕਿ ਕਾਰ ਦਾ ਡੇਰਾ ਕੁਨੈਕਸਨ ਸਾਹਮਣੇ ਆਉਣ ਤੋਂ ਇਲਾਵਾ ਇਸ ਬੰਬ ਬਲਾਸਟ 'ਚ ਵਰਤੀ ਗਈ ਬੈਟਰੀ ਵੀ ਸਿਰਸਾ ਤੋਂ ਹੀ ਖ਼ਰੀਦੀ ਹੋਣ ਬਾਰੇ ਪਤਾ ਚਲਿਆ ਸੀ। ਇਸ ਤੋਂ ਇਲਾਵਾ ਬੰਬ ਬਲਾਸਟ ਕਰਨ ਲਈ ਪ੍ਰੈਸ਼ਰ ਕੂਕਰ ਵਰਤਿਆ ਗਿਆ ਸੀ। ਮਾਮਲੇ ਦੀ ਜਾਂਚ ਨਾਲ ਜੁੜੇ ਪੁਲਿਸ ਸੂਤਰਾਂ ਨੇ ਪ੍ਰਗਟਾਵਾ ਕੀਤਾ ਹੈ ਕਿ ਲੰਘੀ 25 ਅਗੱਸਤ ਨੂੰ ਡੇਰਾ ਮੁਖੀ ਨੂੰ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਲੋਂ ਸਾਧਵੀਆਂ ਨਾਲ ਬਲਾਤਕਾਰ ਕੀਤੇ ਜਾਣ ਦੇ ਮਾਮਲੇ 'ਚ ਸੁਣਾਈ ਗਈ ਸਜ਼ਾ ਦੌਰਾਨ ਡੇਰਾ ਪ੍ਰੇਮੀਆਂ ਵਲੋਂ ਕੀਤੀ ਗਈ ਭੰਨਤੋੜ ਦੌਰਾਨ ਇਕ ਅਜਿਹਾ ਕੈਮੀਕਲ ਵੀ ਮਿਲਿਆ ਸੀ, ਜਿਹੜਾ ਲਗਭਗ ਮੌੜ ਬਲਾਸਟ 'ਚ ਵਰਤੇ ਗਏ ਪਦਾਰਥ ਨਾਲ ਮਿਲਦਾ ਜੁਲਦਾ ਸੀ। ਜਿਸ ਤੋਂ ਬਾਅਦ ਪੁਲਿਸ ਦਾ ਸ਼ੱਕ ਸਿਰਸਾ ਪ੍ਰਤੀ ਹੋਰ ਵਧ ਗਿਆ ਸੀ। ਇਥੇ ਇਹ ਵੀ ਦਸਣਾ ਜ਼ਰੂਰੀ ਹੈ ਕਿ 31 ਜਨਵਰੀ ਨੂੰ ਹੋਏ ਇਸ ਬਲਾਸਟ ਤੋਂ ਬਾਅਦ ਪੁਲਿਸ ਦੇ ਸ਼ੱਕ ਦੀ ਸੂਈ ਸੱਭ ਤੋਂ ਪਹਿਲਾਂ ਖ਼ਾਲਿਸਤਾਨੀ ਗਰੁੱਪਾਂ ਵਲ ਗਈ ਸੀ, ਜਿਸ ਦੇ ਚਲਦੇ ਕਈ ਸਿੱਖ ਨੌਜਵਾਨ ਨੂੰ ਹਿਰਾਸਤ 'ਚ ਲੈ ਕੇ ਉਨ੍ਹਾਂ ਕੋਲਂੋ ਪੁਛਗਿਛ ਵੀ ਕੀਤੀ ਗਈ ਸੀ ਪ੍ਰੰਤੂ ਬਾਅਦ 'ਚ ਇਹ ਕਹਾਣੀ ਬਦਲਦੀ ਹੀ ਗਈ। ਉਧਰ ਅੱਜ ਚਾਰ ਗਵਾਹਾਂ ਨੂੰ ਅਦਾਲਤ ਵਿਚ ਪੇਸ਼ ਕਰਨ ਦੀ ਪੁਸ਼ਟੀ ਕਰਦਿਆਂ ਡੀ.ਆਈ.ਜੀ ਰਣਵੀਰ ਸਿੰਘ ਖਟੜਾ ਨੇ ਦਸਿਆ ਕਿ ਪੁਲਿਸ ਵਲੋਂ ਕੀਤੀ ਜਾਂਚ ਤੋਂ ਬਾਅਦ ਇਹ ਗਵਾਹ ਸਾਹਮਣੇ ਆਏ ਹਨ ਤੇ ਇਨ੍ਹਾਂ ਵਲੋਂ ਦਿਤੇ ਬਿਆਨਾਂ ਦੇ ਆਧਾਰ 'ਤੇ ਜਾਂਚ ਨੂੰ ਅੱਗੇ ਤੋਰਿਆ ਜਾਵੇਗਾ। ''