
ਤਰਨਤਾਰਨ, 8 ਜਨਵਰੀ (ਚਰਨਜੀਤ ਸਿੰਘ): ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਮੁੰਬਈ ਦੇ ਜੁਹੂ ਵਿਖੇ ਕਰਵਾਏ ਗਏ ਕੀਰਤਨ ਦਰਬਾਰ ਦੌਰਾਨ ਪਤਿਤ ਪੰਜਾਬੀ ਗਾਇਕ ਮੀਕਾ ਵਲੋਂ ਕੀਰਤਨ ਕਰਨਾ ਸਿੱਖੀ ਸਿਧਾਂਤਾਂ ਨਾਲ ਖਿਲਵਾੜ ਹੈ ਕਿਉਂਕਿ ਸਿੱਖ ਰਹਿਤ ਮਰਆਿਦਾ ਵਿਚ ਲਿਖਿਆ ਹੋਇਆ ਹੈ ਕਿ ਸੰਗਤ ਵਿਚ ਕੀਰਤਨ ਸਿਰਫ਼ ਸਿੱਖ ਹੀ ਕਰ ਸਕਦਾ ਹੈ। ਕੀਰਤਨ ਗੁਰਬਾਣੀ ਨੂੰ ਰਾਗਾਂ ਵਿਚ ਗਾਇਨ ਕਰਨ ਨੂੰ ਕਹਿੰਦੇ ਹਨ। ਸੰਗਤ ਵਿਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ-ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੀ ਹੋ ਸਕਦਾ ਹੈ। ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਸ਼ਹਿਨਸ਼ਾਹ ਦੇ ਭਉ ਤੇ ਭਾਉ ਨੂੰ ਇਕ ਪਾਸੇ ਰੱਖ ਕੇ ਫ਼ਿਲਮੀ ਸਿਤਾਰਿਆਂ ਦਾ ਨਜ਼ਰ-ਏ-ਨਜ਼ਾਰਾ ਪੇਸ਼ ਕਰਨ 'ਤੇ ਜ਼ੋਰ ਲਾਇਆ ਗਿਆ ਹੈ ਅਤੇ ਸਿੱਖ ਰਹਿਤ
ਮਰਿਆਦਾ ਤੋਂ ਕਿਨਾਰਾ ਕੀਤਾ ਗਿਆ ਹੈ ਜਿਸ ਦਾ ਪੰਥ ਨੇ ਜਵਾਬ ਮੰਗ ਕੇ ਪੰਥ ਦੀ ਚੜ੍ਹਦੀ ਕਲਾ ਲਈ ਬਦਲ ਦੀ ਪੇਸ਼ਕਸ਼ ਦੁਹਰਾ ਦਿਤੀ ਹੈ।
ਉਨ੍ਹਾਂ ਕਿਹਾ ਕਿ ਇਹ ਯਾਦ ਰਖਣਾ ਚਾਹੀਦਾ ਹੈ ਕਿ ਜਥੇਦਾਰ ਤਾਂ ਪਹਿਲਾਂ ਹੀ ਕਈ ਸਬੂਤ ਦੇ ਚੁੱਕੇ ਹੋਏ ਹਨ ਕਿ ਉਹ ਸਿੱਖ ਕੌਮ ਨੂੰ ਜਵਾਬਦੇਹ ਨਹੀਂ ਹਨ ਬਲਕਿ ਕੌਮ ਦਾ ਭਗਵਾਂਕਰਨ ਕਰਨ ਵਾਲਿਆਂ ਦੇ ਵਫ਼ਾਦਾਰ ਹਨ। ਜਥੇਦਾਰ ਤਾਂ ਉਵੇਂ ਹੀ ਸਿਰੋਪਾਉ ਤੇ ਕਿਰਪਾਨਾਂ ਸਨਮਾਨ ਵਜੋਂ ਵੰਡਦੇ ਰਹਿਣਗੇ ਜਿਵੇਂ ਬਿਨ ਮੰਗਿਆਂ ਮਾਫ਼ੀਨਾਮੇ ਵੰਡਣ ਦਾ ਅਭਿਆਸ ਬਣ ਚੁਕਿਆ ਹੈ ਜਿਸ ਲਈ ਸਿੱਖ ਕੌਮ ਦੇ ਦਾਨੀ ਸੱਜਣਾਂ ਨੂੰ ਸੋਚਣਾ ਹੋਵੇਗਾ ਕਿ ਕੌਮ ਦੀ ਹੋਰ ਕਿੰਨੀ ਕੁ ਕਿਥੇ ਤਕ ਜੱਗ ਹਸਾਈ ਸਹਿਣ ਕਰਦੇ ਜਾਣਾ ਹੈ।