
ਐਸ.ਏ.ਐਸ. ਨਗਰ: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸੁਪਨਿਆਂ ਦਾ ਪ੍ਰਾਜੈਕਟ, ਮੁਹਾਲੀ ਦਾ ਬਾਬਾ ਬੰਦਾ ਸਿੰਘ ਬਹਾਦਰ ਅਤਿ ਆਧੁਨਿਕ ਬੱਸ ਅੱਡਾ ਬੁਰੀ ਤਰ੍ਹਾਂ ਫੇਲ ਹੋ ਗਿਆ ਹੈ। ਇਸ ਦੀ ਵਜ੍ਹਾ ਇਸ ਬੱਸ ਅੱਡੇ ਦੇ ਪ੍ਰਾਜੈਕਟ ਦਾ ਲਗਾਤਾਰ ਲੇਟ ਹੋਣਾ ਵੀ ਕਿਹਾ ਜਾ ਸਕਦਾ ਹੈ ਅਤੇ ਇਸ ਵਾਸਤੇ ਚੁਣੀ ਗਈ ਥਾਂ ਵੀ ਇਸ ਦੀ ਸਫ਼ਲਤਾ ਦੇ ਰਾਹ ਵਿਚ ਰੋੜਾ ਬਣ ਗਈ ਹੈ। ਹਾਲਾਤ ਇਹ ਹਨ ਕਿ ਫ਼ੇਜ਼-8 ਦਾ ਪੁਰਾਣਾ ਬੱਸ ਅੱਡਾ ਇਸ ਆਧੁਨਿਕ ਬੱਸ ਅੱਡੇ ਤੋਂ ਵਧੀਆ ਚੱਲ ਰਿਹਾ ਹੈ ਜਿਸ ਨੂੰ ਬੰਦ ਕਰਨ ਲਈ ਗਮਾਡਾ ਕਾਹਲੀ ਪਈ ਹੋਈ ਹੈ।
ਜ਼ਿਕਰਯੋਗ ਹੈ ਕਿ ਇਸ ਅਤਿ ਆਧੁਨਿਕ ਏਅਰ ਕੰਡੀਸ਼ਨਡ ਬੱਸ ਅੱਡੇ 'ਤੇ 300 ਕਰੋੜ ਰੁਪਏ ਤੋਂ ਵੱਧ ਦਾ ਖ਼ਰਚਾ ਆਇਆ ਹੈ। ਅਕਾਲੀ ਦਲ ਦੀ ਪਹਿਲੀ ਸਰਕਾਰ (2007-12) ਦੌਰਾਨ ਇਸ ਬੱਸ ਅੱਡੇ ਦੀ ਉਸਾਰੀ ਦੀ ਵਿਉਂਤਬੰਦੀ ਸ਼ੁਰੂ ਹੋਈ ਸੀ ਅਤੇ ਇਸ ਬੱਸ ਅੱਡੇ ਦਾ ਪਿਛਲੇ ਸਾਲ 17 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਨੇ ਹੀ ਉਦਘਾਟਨ ਕੀਤਾ ਸੀ। ਉਦੋਂ ਵੀ ਉਪ ਮੁੱਖ ਮੰਤਰੀ ਨੇ ਇਸ ਨੂੰ ਅਪਣੇ ਸੁਪਨਿਆਂ ਦਾ ਪ੍ਰਾਜੈਕਟ ਦਸਦਿਆਂ ਇਸ ਸਬੰਧੀ ਵੱਡੇ-ਵੱਡੇ ਦਾਅਵੇ ਕੀਤੇ ਸਨ ਪਰ ਇਹ ਸਾਰੇ ਹੀ ਦਾਅਵੇ ਅੱਜ ਠੁੱਸ ਹੋ ਕੇ ਰਹਿ ਗਏ ਹਨ।
ਲਾਈਟ ਵੀ ਬੰਦ : ਅੱਜ ਜਦੋਂ ਬੱਸ ਅੱਡੇ ਦਾ ਦੌਰਾ ਕੀਤਾ ਤਾਂ ਇਥੇ ਲਾਈਟਾਂ ਵੀ ਬੰਦ ਪਈਆਂ ਸਨ ਅਤੇ ਅੰਦਰ ਹਨੇਰਾ ਛਾਇਆ ਹੋਇਆ ਸੀ।
ਸਾਰੀਆਂ ਦੁਕਾਨਾਂ ਬੰਦ ਪਈਆਂ ਸਨ, ਯਾਤਰੀਆਂ ਲਈ ਲੱਗੀਆਂ ਕੁਰਸੀਆਂ ਵੀ ਖ਼ਾਲੀ ਪਈਆਂ ਸਨ ਅਤੇ ਅੰਦਰ ਕੋਈ ਬੱਸ ਵੀ ਨਹੀਂ ਸੀ। ਇਥੇ ਮੌਜੂਦ ਕੁੱਝ ਲੋਕਾਂ ਨੂੰ ਜਦੋਂ ਪੁਛਿਆ ਤਾਂ ਉਨ੍ਹਾਂ ਦਸਿਆ ਕਿ ਇਥੇ ਕੋਈ ਬੱਸ ਨਹੀਂ ਆਉਂਦੀ ਅਤੇ ਇਥੋਂ ਦੀ ਬਿਜਲੀ ਵੀ ਗੁੱਲ ਪਈ ਹੈ।
ਕੀ ਕਹਿੰਦੇ ਹਨ ਲੋਕ : ਇਸ ਮਾਮਲੇ ਵਿਚ ਮੁਹਾਲੀ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਸ ਬੱਸ ਅੱਡੇ ਦਾ ਸੰਕਲਪ ਹੀ ਗ਼ਲਤ ਹੈ। ਕਿਸੇ ਵੀ ਸ਼ਹਿਰ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਅਦਾਲਤਾਂ ਦੇ ਨੇੜੇ ਬੱਸ ਅੱਡਾ ਹੁੰਦਾ ਹੈ ਤਾਂ ਜੋ ਜ਼ਿਲ੍ਹੇ ਦੇ ਲੋਕ ਉਥੇ ਆਸਾਨੀ ਨਾਲ ਪਹੁੰਚ ਸਕਣ ਪਰ ਮੁਹਾਲੀ ਦਾ ਅੰਤਰਰਾਜੀ ਅਤਿ ਆਧੁਨਿਕ ਬੱਸ ਅੱਡਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਕੋਹਾਂ ਦੂਰ ਹੈ। ਬੱਸ ਅੱਡਾ ਫੇਜ਼ 6 ਵਿਚ ਹੈ ਤਾਂ ਜ਼ਿਲ੍ਹਾ ਕੰਪਲੈਕਸ ਅਤੇ ਅਦਾਲਤਾਂ ਸੈਕਟਰ 77 ਵਿਚ ਹਨ। ਇਥੋਂ ਕੋਈ ਸਿੱਧੀ ਬੱਸ ਸੇਵਾ ਵੀ ਜ਼ਿਲ੍ਹਾ ਕੰਪਲੈਕਸ ਲਈ ਨਹੀਂ ਹੈ।
ਇਸੇ ਤਰ੍ਹਾਂ ਜ਼ਿਲ੍ਹੇ ਦੇ ਹੋਰਨਾਂ ਪ੍ਰਮੁੱਖ ਦਫ਼ਤਰਾਂ ਜਿਵੇਂ ਪੰਜਾਬ ਸਕੂਲ ਸਿਖਿਆ ਬੋਰਡ, ਵਣ ਵਿਭਾਗ, ਪੰਚਾਇਤ ਭਵਨ ਵਰਗੇ ਪ੍ਰਮੁੱਖ ਦਫ਼ਤਰ ਫ਼ੇਜ਼ 8 ਵਿਚ ਪੈਂਦੇ ਹਨ, ਜਿਥੇ ਪੁਰਾਣਾ ਬੱਸ ਅੱਡਾ ਮੌਜੂਦ ਹੈ। ਇਥੋਂ ਦੇ ਵੱਡੀ ਗਿਣਤੀ ਕਰਮਚਾਰੀ ਵੀ ਦੂਰੋਂ ਆਉਂਦੇ ਹਨ ਅਤੇ ਨਵਾਂ ਬੱਸ ਅੱਡਾ ਉਨ੍ਹਾਂ ਦੀ ਸਹੂਲਤ ਪੂਰੀ ਨਹੀਂ ਕਰਦਾ ਕਿਉਂਕਿ ਉੱਥੋਂ ਉਨ੍ਹਾਂ ਨੂੰ ਆਪੋ ਆਪਣੇ ਕੰਮਾਂ 'ਤੇ ਪੁੱਜਣ ਲਈ ਸਮੇਂ ਅਤੇ ਪੈਸੇ ਦੋਹਾਂ ਦੀ ਬਰਬਾਦੀ ਕਰਨੀ ਪੈਂਦੀ ਹੈ।