
ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਰੂਟ ਜ਼ਿਲੇ 'ਚ ਸੀ ਤੇ ਉਸੇ ਦੌਰਾਨ ਵਿਜੀਲੈਂਸ ਬਿਊਰੋ ਦੀ ਟੀਮ ਨੇ ਘੜੂੰਆਂ ਚੌਕੀ 'ਚ ਤਾਇਨਾਤ ਐੱਸ. ਐੱਚ. ਓ. ਤੇ ਹੌਲਦਾਰ ਨੂੰ 3 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਐੱਸ. ਐੱਚ. ਓ. ਸਾਹਿਬ ਸਿੰਘ ਤੇ ਹੌਲਦਾਰ ਰਛਪਾਲ ਸਿੰਘ ਦੇ ਰੂਪ 'ਚ ਹੋਈ ਹੈ। ਮੁਲਜ਼ਮਾਂ ਦੀ ਡਿਊਟੀ ਮੁੱਖ ਮੰਤਰੀ ਦੇ ਰੂਟ 'ਤੇ ਲੱਗੀ ਹੋਈ ਸੀ।
ਮੁਲਜ਼ਮਾਂ ਖਿਲਾਫ ਵਿਜੀਲੈਂਸ ਦੇ ਥਾਣਾ ਫੇਜ਼-8 'ਚ ਕੇਸ ਦਰਜ ਕੀਤਾ ਗਿਆ ਹੈ। ਮੌਕੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਵਿਜੀਲੈਂਸ ਰੇਂਜ ਦੇ ਐੱਸ. ਐੱਸ. ਪੀ. ਖੁਦ ਮੌਕੇ 'ਤੇ ਪਹੁੰਚੇ ਸਨ। ਵਿਜੀਲੈਂਸ ਦੇ ਇੰਸਪੈਕਟਰ ਸਤਵੰਤ ਸਿੰਘ ਨੇ ਦੱਸਿਆ ਕਿ ਵਿਜੀਲੈਂਸ ਨੂੰ ਸੈਕਟਰ-71 ਦੇ ਜਰਨੈਲ ਸਿੰਘ ਨੇ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਹ ਠੇਕੇਦਾਰੀ ਦਾ ਕੰਮ ਕਰਦਾ ਹੈ ਤੇ ਉਸਦੇ ਟਿੱਪਰ ਰੇਤ ਲੈ ਕੇ ਮਾਛੀਵਾੜਾ ਵਲੋਂ ਆਉਂਦੇ-ਜਾਂਦੇ ਰਹਿੰਦੇ ਹਨ, ਜਦੋਂ ਟਿੱਪਰ ਮੋਹਾਲੀ ਜ਼ਿਲੇ 'ਚ ਦਾਖਲ ਹੁੰਦੇ ਹਨ ਤਾਂ ਮੁਲਜ਼ਮ ਹਰ ਟਿੱਪਰ ਦੀ ਐਂਟਰੀ ਲਈ 5 ਹਜ਼ਾਰ ਰੁਪਏ ਮੰਗਦੇ ਸਨ।
ਸ਼ੁੱਕਰਵਾਰ ਨੂੰ ਜਦੋਂ ਉਸਦੇ ਟਿੱਪਰ ਆਏ ਤਾਂ ਮੁਲਜ਼ਮ 10 ਹਜ਼ਾਰ ਰੁਪਏ ਦੀ ਮੰਗ ਕਰ ਰਹੇ ਸਨ। ਇਸ ਦੌਰਾਨ ਉਸਦੀ ਜੇਬ 'ਚ 7 ਹਜ਼ਾਰ ਰੁਪਏ ਸਨ, ਜੋ ਉਸ ਨੇ ਉਨ੍ਹਾਂ ਨੂੰ ਦੇ ਦਿੱਤੇ, ਨਾਲ ਹੀ 3 ਹਜ਼ਾਰ ਰੁਪਏ ਸ਼ਨੀਵਾਰ ਨੂੰ ਦੇਣ ਦਾ ਵਾਅਦਾ ਕੀਤਾ ਸੀ। ਇਸ ਤੋਂ ਬਾਅਦ ਠੇਕੇਦਾਰ ਨੇ ਇਸ ਸਬੰਧੀ ਵਿਜੀਲੈਂਸ ਨੂੰ ਸੂਚਿਤ ਕੀਤਾ ਤੇ ਵਿਜੀਲੈਂਸ ਨੇ ਪੂਰੀ ਪਲਾਨਿੰਗ ਨਾਲ ਮੁਲਜ਼ਮ ਨੂੰ ਦਬੋਚ ਲਿਆ। ਵਿਜੀਲੈਂਸ ਨੂੰ ਉਮੀਦ ਹੈ ਕਿ ਇਸ ਕੇਸ 'ਚ ਕਈ ਹੋਰ ਰਾਜ਼ ਖੁੱਲ੍ਹ ਸਕਦੇ ਹਨ।