
ਅੰਮ੍ਰਿਤਸਰ, 18 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪਨੂੰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀਆਂ ਕੁੱਝ ਮੰਗਾਂ ਮੰਨਣ ਦਾ ਭਰੋਸਾ ਦਿਤਾ ਹੈ। ਉਨ੍ਹਾਂ ਦਸਿਆ ਕਿ 9 ਮੈਂਬਰੀ ਕਿਸਾਨ ਵਫ਼ਦ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਵਿਚ ਕਿਸਾਨ ਮਜ਼ਦੂਰ ਮਸਲਿਆਂ ਬਾਰੇ ਖੁਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ।
ਪਨੂੰ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਸਾਨ ਆਗੂਆਂ ਨੂੰ ਪਹਿਲਾਂ ਹੀ ਮੰਨੀਆਂ ਹੋਈਆਂ ਮੰਗਾ ਲਾਗੂ ਕਰਨ ਦਾ ਭਰੋਸਾ ਦਿਤਾ ਜਿਵੇਂ ਕਿਸਾਨ ਅੰਦੋਲਨਾਂ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਵਾਰਾਂ ਦੇ ਇਕ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਲਈ ਮੁੱਖ ਪ੍ਰਿੰਸੀਪਲ ਸੈਕਟਰੀ ਨੂੰ ਨਿਰਦੇਸ਼ ਦਿਤੇ। ਖੇਤੀ ਮੋਟਰਾਂ ਦੇ ਟਿਊਬਵੈਲ ਕੁਨੈਕਸ਼ਨ ਲੈਣ ਲਈ ਪੈਸੇ ਭਰ ਚੁਕੇ ਕਿਸਾਨਾਂ ਨੂੰ 31 ਅਕਤੂਬਰ ਤਕ ਸਾਰਾ ਸਮਾਨ ਦੇਣ, ਸਿਕਿਉਰਟੀਆਂ ਭਰ ਚੁਕੇ ਕੇਸਾਂ ਦਾ ਨਿਪਟਾਰਾ ਤੇ ਨੋਟੀਫ਼ੀਕੇਸ਼ਨ ਇਕ ਹਫ਼ਤੇ ਵਿਚ ਕਰਨ ਦਾ ਭਰੋਸਾ ਦਿਤਾ। ਕਿਸਾਨ ਆਗੂ ਸਵਿੰਦਰ ਸਿੰਘ ਚੁਤਾਲਾ, ਸਰਵਣ ਸਿੰਘ ਪੰਧੇਰ, ਜਸਬੀਰ ਸਿੰਘ ਪਿੱਦੀ, ਸੁਖਵਿੰਦਰ ਸਿੰਘ ਸਭਰਾ, ਗੁਰਲਾਲ ਸਿੰਘ ਪੰਡੋਰੀ ਰਣ ਸਿੰਘ, ਗੁਰਬਚਨ ਸਿੰਘ ਚੱਬਾ, ਸੁਪਰੀਮ ਸਿੰਘ ਪਿੱਦੀ ਵੀ ਮੀਟਿੰਗ ਵਿਚ ਸ਼ਾਮਲ ਸਨ।