
ਉੱਚ ਰਾਜਸੀ ਤੇ ਪ੍ਰਸ਼ਾਸਨਿਕ ਸ਼ਖ਼ਸੀਅਤਾਂ ਨੇ ਸ਼ਰਧਾਂਜਲੀ ਸਮਾਗਮ 'ਚ ਭਰੀ ਹਾਜ਼ਰੀ
ਬਠਿੰਡਾ, 1 ਮਾਰਚ (ਸੁਖਜਿੰਦਰ ਮਾਨ): ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ. ਜੀਤਮਹਿੰਦਰ ਸਿੰਘ ਸਿੱਧੂ ਦੇ ਪਿਤਾ ਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਭਪਿੰਦਰ ਸਿੰਘ ਸਿੱਧੂ (ਰਿਟਾਇਰ ਆਈ.ਏ.ਐੱਸ) ਦੀ ਅੰਤਿਮ ਅਰਦਾਸ ਮੌਕੇ ਅੱਜ ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦਿਤੀ। ਸ਼ਰਧਾਂਜਲੀ ਸਮਾਗਮ ਵਿਚ ਉੱਚ ਰਾਜਸੀ ਤੇ ਪ੍ਰਸ਼ਾਸਨਿਕ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ।ਅੱਜ ਚੰਡੀਗੜ੍ਹ ਦੇ ਸੈਕਟਰ 34-ਡੀ ਦੇ ਗੁਰਦੁਆਰਾ ਸ੍ਰੀ ਗੁਰੁ ਤੇਗ ਬਹਾਦੁਰ ਸਾਹਿਬ ਵਿਖੇ ਆਯੋਜਤ ਅੰਤਿਮ ਅਰਦਾਸ ਸਮਾਗਮ ਵਿਚ ਸੱਭ ਤੋਂ ਪਹਿਲਾਂ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਫਾਜ਼ਿਲਕਾ ਤੋਂ ਉਚੇਚੇ ਤੌਰ 'ਤੇ ਪੁੱਜੇ ਭਾਈ ਕ੍ਰਿਪਾਲ ਸਿੰਘ ਦੇ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਅੰਤਿਮ ਅਰਦਾਸ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ। ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਤੇ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਨੇ ਸ. ਭੁਪਿੰਦਰ ਸਿੰਘ ਸਿੱਧੂ ਦੀ ਸ਼ਖ਼ਸੀਅਤ 'ਤੇ ਚਾਨਣਾ ਪਾਂਉਦਿਆਂ ਉਨ੍ਹਾਂ ਨੂੰ ਮਿਹਨਤੀ ਤੇ ਈਮਾਨਦਾਰ ਯੋਗ ਪ੍ਰਸ਼ਾਸਕ ਦਸਿਆ। ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਸ. ਭੁਪਿੰਦਰ ਸਿੰਘ ਦੇ ਜੀਵਨ ਤੋਂ ਅੱਜ ਦੇ ਪ੍ਰਸ਼ਾਸਕਾਂ ਨੂੰ ਸੇਧ ਲੈਣ ਦੀ ਅਪੀਲ ਕਰਦਿਆਂ ਸ. ਜੀਤਮਹਿੰਦਰ ਸਿੰਘ ਸਿੱਧੂ ਦੀ ਸ਼ਲਾਘਾ ਕੀਤੀ ਕਿ ਉਹ ਸ. ਭੁਪਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਵਿਰਸੇ 'ਚ ਮਿਲੇ ਸੰਸਕਾਰਾਂ ਨੂੰ ਲੈ ਕੇ ਰਾਜਨੀਤਕ ਖੇਤਰ ਵਿਚ ਵਿਚਰ ਕੇ ਸੇਵਾ ਕਰ ਰਹੇ ਹਨ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜਿਸ ਸਮੇਂ ਸ. ਭੁਪਿੰਦਰ ਸਿੰਘ ਸਿੱਧੂ ਆਈ.ਏ.ਐੱਸ ਬਣੇ ਉਸ ਸਮੇਂ ਬਠਿੰਡਾ ਜ਼ਿਲ੍ਹਾ ਪੜ੍ਹਾਈ ਪੱਖੋਂ ਕਾਫੀ ਪਛੜਿਆ ਮੰਨਿਆ ਜਾਂਦਾ ਸੀ ਤੇ ਅਜਿਹੇ ਇਲਾਕੇ ਤੋਂ ਕਿਸੇ ਵਿਦਿਆਰਥੀ ਦਾ ਆਈ.ਏ.ਐੱਸ ਬਨਣਾ ਅਪਣੇ ਆਪ ਵਿਚ ਅਹਿਮ ਸੀ। ਉਨ੍ਹਾਂ ਕਿਹਾ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਰਗੇ ਵੱਕਾਰੀ ਅਹੁਦੇ 'ਤੇ ਰਹਿ ਕੇ ਵੀ ਉਹ ਜ਼ਮੀਨ ਨਾਲ ਜੁੜੇ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਪੁੱਤਰ ਜੀਤਮਹਿੰਦਰ ਸਿੰਘ ਸਿੱਧੂ ਵਿਚ ਵੀ ਲੋਕ ਸੇਵਾ ਦਾ ਉਹੀ ਜਜ਼ਬਾ ਦੇਖਣ ਨੂੰ ਮਿਲਿਆ, ਜੋ ਭੁਪਿੰਦਰ ਸਿੰਘ ਵਿਚ ਸੀ ਤੇ ਲੋਕ ਸੇਵਾ ਦੇ ਜਜ਼ਬੇ ਤੇ ਜੀਤਮਹਿੰਦਰ ਦੀ ਸਿਆਸੀ ਹੋਂਦ ਦਾ ਹੀ ਸਦਕਾ ਹੈ ਕਿ ਉਨ੍ਹਾਂ ਨੇ ਅਪਣੇ ਰਾਜਨੀਤਕ ਜੀਵਨ ਵਿਚ ਅੱਜ ਤਕ ਕਿਸੇ ਸ਼ਰਧਾਂਜਲੀ ਸਮਾਗਮ ਵਿਚ ਇੰਨਾ ਵੱਡਾ ਇਕੱਠ ਨਹੀਂ ਦੇਖਿਆ। ਸ. ਬਾਦਲ ਨੇ ਪਰਵਾਰ ਵਲੋਂ ਸ਼ਰਧਾਂਜਲੀ ਸਮਾਗਮ ਵਿਚ ਪੁੱਜੇ ਸਾਰੇ ਸਿਆਸੀ ਆਗੂਆਂ ਤੇ ਲੋਕਾਂ ਦਾ ਧਨਵਾਦ ਕੀਤਾ।
ਸ਼ਰਧਾਂਜਲੀ ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ, ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਜਥੇ. ਤੋਤਾ ਸਿੰਘ, ਜਨਮੇਜਾ ਸਿੰਘ ਸੇਖੋਂ, ਸ਼ਰਨਜੀਤ ਸਿੰਘ ਢਿੱਲੋਂ ਤੇ ਜਗਮੋਹਣ ਸਿੰਘ ਕੰਗ ਪੰਜੇ ਸਾਬਕਾ ਮੰਤਰੀ, ਮੈਡਮ ਜਗਜੀਤ ਕੌਰ ਐੱਮ.ਡੀ. ਰੋਜ਼ਾਨਾ ਸਪੋਕਸਮੈਨ, ਅਪਣਾ ਪੰਜਾਬ ਪਾਰਟੀ ਦੇ ਮੁਖੀ ਸੁੱਚਾ ਸਿੰਘ ਛੋਟੇਪੁਰ, ਧਰਮਵੀਰ ਗਾਂਧੀ ਮੈਂਬਰ ਲੋਕ ਸਭਾ, ਵਿਜੈਇੰਦਰ ਸਿੰਗਲਾ, ਫਤਹਿਜੰਗ ਸਿੰਘ ਬਾਜਵਾ, ਕੰਵਰਜੀਤ ਸਿੰਘ ਰੋਜੀ ਬਰਕੰਦੀ ਤੇ ਜਗਦੇਵ ਸਿੰਘ ਕਮਾਲੂ ਚਾਰੇ ਵਿਧਾਇਕ, ਜਗਦੀਪ ਸਿੰਘ ਨਕੱਈ ਸਾਬਕਾ ਸੰਸਦੀ ਸਕੱਤਰ, ਅਜੀਤਇੰਦਰ ਸਿੰਘ ਮੋਫਰ ਤੇ ਹਰਪ੍ਰੀਤ ਸਿੰਘ ਕੋਟਭਾਈ ਦੋਵੇਂ ਸਾਬਕਾ ਵਿਧਾਇਕ, ਯੁਵਰਾਜ ਰਣਇੰਦਰ ਸਿੰਘ ਵਲੋਂ ਪੱਪੀ ਆਧਨੀਆ, ਦਿਆਲ ਸਿੰਘ ਕੋਲਿਆਂਵਾਲੀ ਸਾਬਕਾ ਚੇਅਰਮੈਨ, ਚਰਨਜੀਤ ਸਿੰਘ ਬਰਾੜ ਗੁ. ਬੁੰਗਾ ਮਸਤੂਆਣਾ ਮੁਖੀ ਬਾਬਾ ਛੋਟਾ ਸਿੰਘ ਤੇ ਮੁੱਖ ਪ੍ਰਬੰਧਕ ਬਾਬਾ ਕਾਕਾ ਸਿੰਘ, ਆਦੇਸ਼ ਮੈਡੀਕਲ ਯੂਨੀਵਰਸਟੀ ਮੁਖੀ ਡਾ. ਹਰਿੰਦਰ ਸਿੰਘ ਗਿੱਲ, ਗੁਰਪ੍ਰੀਤ ਸਿੰਘ ਭੁੱਲਰ ਐੱਸ.ਐੱਸ.ਪੀ, ਚਰਨਜੀਤ ਸਿੰਘ ਚੰਨੀ ਤੇ ਮਨਵੇਸ਼ ਸਿੰਘ ਸਿੱਧੂ ਦੋਵੇਂ ਆਈ.ਏ.ਐੱਸ, ਬਲਵੰਤ ਰਮਾਏ ਨਾਥ ਮੇਅਰ ਬਠਿੰਡਾ, ਬੌਬੀ ਬਾਦਲ, ਜਥੇਦਾਰ ਗੁਰਤੇਜ ਸਿੰਘ ਜੋਧਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਆਦਿ ਨੇ ਹਾਜ਼ਰੀ ਭਰੀ। ਸਟੇਜ ਦੀ ਕਾਰਵਾਈ ਸਾਬਕਾ ਉੱਪ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਪਰਮਜੀਤ ਸਿੰਘ ਸਿੱਧਵਾਂ ਨੇ ਬਾਖੂਬੀ ਨਿਭਾਈ। ਇਸ ਮੌਕੇ ਬੀਬੀ ਪਰਮਜੀਤ ਕੌਰ ਗੁਲਸ਼ਨ ਸਾਬਕਾ ਐੱਮ.ਪੀ ਤੇ ਦਮਦਮਾ ਸਾਹਿਬ ਪ੍ਰੈੱਸ ਕਲੱਬ ਸਮੇਤ ਵੱਖ-ਵੱਖ ਸੰਸਥਾਵਾਂ ਦੇ ਸ਼ੋਕ ਸੰਦੇਸ਼ ਵੀ ਪੁੱਜੇ।