ਲੁਧਿਆਣਾ, 4 ਨਵੰਬਰ (ਗੁਰਮਿੰਦਰ ਗਰੇਵਾਲ) : ਇਥੇ ਸਰਾਫ਼ਾ ਬਾਜ਼ਾਰ ਵਿਚ ਪਿਛਲੇ ਲਗਭਗ 14 ਸਾਲਾਂ ਤੋਂ ਸੋਨੇ ਦੇ ਗਹਿਣੇ ਬਣਾਉਣ ਦਾ ਕੰਮ ਕਰਨ ਵਾਲੇ ਚਾਰ ਕਾਰੀਗਰ ਸ਼ਹਿਰ ਦੇ ਮਸ਼ਹੂਰ ਚਾਰ ਸਰਾਫ਼ਾਂ ਦਾ ਇਕ ਕਿਲੋ ਸੋਨਾ ਲੈ ਕੇ ਫ਼ਰਾਰ ਹੋ ਗਏ। ਉਕਤ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਥਾਣਾ ਦਰੇਸੀ ਦੀ ਪੁਲਿਸ ਨੇ ਸਰਾਫ਼ਾ ਬਾਜ਼ਾਰ ਦੇ ਰਹਿਣ ਵਾਲੇ ਭੋਲਾ ਰਾਮ ਦੇ ਬਿਆਨਾਂ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਕਰਦਿਆਂ ਹਬੀਬ ਉਲਹਾ, ਅਮਨ, ਇਬਰਾਹਿਮ ਅਤੇ ਸੈਫਉਲਹਾ ਵਿਰੁਧ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਕੇਸ ਦੀ ਪੜਤਾਲ ਸ਼ੁਰੂ ਕਰ ਦਿਤੀ ਹੈ।ਥਾਣਾ ਦਰੇਸੀ ਦੀ ਪੁਲਿਸ ਨੇ ਤਫਤੀਸ਼ ਦੌਰਾਨ ਕਪੂਰ ਹਸਪਤਾਲ ਦੇ ਨੇੜਿਉਂ ਹਬੀਬ ਉਲਹਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਅਦਾਲਤ ਕੋਲੋਂ ਦੋ ਦਿਨ ਦਾ ਰਿਮਾਂਡ ਲੈ ਕੇ ਮੁਲਜ਼ਮ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿਤੀ ਹੈ ਤੇ ਬਾਕੀ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ।ਮਾਮਲੇ ਸਬੰਧੀ ਥਾਣਾ ਦਰੇਸੀ ਦੇ ਤਫ਼ਤੀਸ਼ੀ ਅਫ਼ਸਰ ਏ.ਐਸ.ਆਈ ਜਨਕ ਰਾਜ ਨੇ ਦਸਿਆ ਕਿ ਸ਼ਿਕਾਇਤਕਰਤਾ ਭੋਲਾ ਰਾਮ ਕਾਫ਼ੀ ਅਰਸੇ ਤੋਂ ਸਰਾਫ਼ਾ ਬਜ਼ਾਰ 'ਚ ਕੰਮ ਕਰਦਾ ਆ ਰਿਹਾ ਹੈ। ਸ਼ਹਿਰ ਦੇ ਨਾਮੀ ਜਿਊਲਰਾਂ ਨਾਲ ਬਹੁਤ ਜ਼ਿਆਦਾ ਨੇੜਤਾ ਹੈ ਅਤੇ ਉਹ ਉਨ੍ਹਾਂ ਕੋਲੋਂ ਸੋਨਾ ਇਕੱਠਾ ਕਰ ਕੇ ਅੱਗੇ ਸ਼ਹਿਰ 'ਚ ਮੌਜੂਦ ਤੇ ਸੋਨੇ ਦਾ ਕੰਮ ਕਰ ਰਹੇ ਕਾਰੀਗਰਾਂ ਨੂੰ ਦੇ ਕੇ ਉਨ੍ਹਾਂ ਕੋਲੋਂ ਗਹਿਣੇ ਬਣਵਾ ਕੇ ਜਿਊਲਰਾਂ ਨੂੰ ਵਾਪਸ ਦੇ ਦਿੰਦਾ ਸੀ।

ਨਾਮਜ਼ਦ ਚਾਰੇ ਮੁਲਜ਼ਮ ਆਪਸ ਵਿਚ ਰਿਸ਼ਤੇਦਾਰ ਦੱਸੇ ਜਾ ਰਹੇ ਹਨ ਤੇ ਉਹ ਪਿਛਲੇ 13 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਸਰਾਫ਼ਾ ਬਾਜ਼ਾਰ 'ਚ ਧੰਦਾ ਕਰਦੇ ਆ ਰਹੇ ਹਨ। ਉਨ੍ਹਾਂ ਕੋਲ ਅਕਸਰ ਕੁਝ ਗ੍ਰਾਮਾਂ 'ਚ ਹੀ ਸੋਨੇ ਦੇ ਗਹਿਣੇ ਤਿਆਰ ਕਰਨ ਲਈ ਆਉਂਦਾ ਸੀ। ਪਰ ਬੀਤੇ ਅਕਤੂਬਰ ਮਹੀਨੇ 'ਚ ਭੋਲੇ ਨੇ ਹਾਂਡਾ ਜਿਊਲਰ, ਸ਼ਿਵ, ਆਰਕੇ ਅਤੇ ਜਗਦੰਬੇ ਜਿਊਲਰ ਕੋਲੋਂ ਤਕਰੀਬਨ ਇਕ ਕਿਲੋ ਸੋਨਾ ਇਕੱਠਾ ਕੀਤਾ ਤੇ ਚਾਰਾਂ ਨੂੰ ਗਹਿਣੇ ਬਣਾਉਣ ਲਈ ਦੇ ਦਿਤਾ। ਏਨੀ ਵੱਡੀ ਮਿਕਦਾਰ 'ਚ ਸੋਨਾ ਵੇਖ ਕੇ ਚਾਰਾਂ ਦੇ ਮਨ 'ਚ ਖੋਟ ਆ ਗਈ ਤੇ ਉਹ ਸੋਨਾ ਸਮੇਟ ਕੇ ਸ਼ਹਿਰ ਤੋਂ ਖਿਸਕ ਗਏ। ਜਦ ਭੋਲੇ ਨੂੰ ਮੁਲਜ਼ਮਾਂ ਦੇ ਭੱਜਣ ਸਬੰਧੀ ਭਿਣਕ ਲੱਗੀ ਤਾਂ ਉਸ ਨੇ ਜਿਊਲਰਾਂ ਨਾਲ ਮਿਲ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ, ਪਰ ਉਨ੍ਹਾਂ ਬਾਰੇ ਕੁਝ ਵੀ ਥਹੁ ਪਤਾ ਨਾ ਲੱਗ ਸਕਿਆ। ਭੋਲੇ ਨੇ ਸਾਰਾ ਮਾਮਲਾ ਥਾਣਾ ਦਰੇਸੀ ਦੀ ਜਾਣਕਾਰੀ ਵਿਚ ਲਿਆਉਂਦਾ ਤੇ ਮੁਲਜ਼ਮਾਂ ਦੇ ਵਿਰੁਧ ਸ਼ਿਕਾਇਤ ਦਿਤੀ।ਥਾਣਾ ਦਰੇਸੀ ਦੀ ਪੁਲਿਸ ਨੇ ਭੋਲੇ ਦੀ ਸ਼ਿਕਾਇਤ ਉਪਰ ਚਾਰਾਂ ਦੇ ਵਿਰੁਧ ਮਾਮਲਾ ਦਰਜ ਕਰ ਲਿਆ ਤੇ ਐਤਵਾਰ ਨੂੰ ਹਬੀਬ ਨੂੰ ਕਾਬੂ ਕਰ ਲਿਆ। ਜਨਕ ਰਾਜ ਦੇ ਮੁਤਾਬਿਕ ਕਾਬੂ ਕੀਤੇ ਮੁਲਜ਼ਮ ਕੋਲੋਂ ਸੋਨਾ ਨਹੀਂ ਬਰਾਮਦ ਹੋਇਆ ਹੈ। ਦੂਸਰੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੂੰ ਯਕੀਨ ਹੈ ਕਿ ਛੇਤੀ ਹੀ ਸੋਨੇ ਸਮੇਤ ਮੁਲਜ਼ਮਾਂ ਨੂੰ ਕਾਬੂ ਕਰ ਲਵੇਗੀ।
end-of