
ਚੰਡੀਗੜ੍ਹ,
10 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): 'ਘਰ ਘਰ ਰੁਜ਼ਗਾਰ' ਮਿਸ਼ਨ ਤਹਿਤ ਪੰਜਾਬ ਸਰਕਾਰ
ਵਲੋਂ ਸਥਾਪਤ ਕੀਤੇ ਜ਼ਿਲ੍ਹਾ ਬਿਊਰੋ ਰੁਜ਼ਗਾਰ ਅਤੇ ਐਂਟਰਪ੍ਰਾਈਜਿਜ਼ ਦਫ਼ਤਰ ਨੌਜਵਾਨਾਂ ਨੂੰ
ਵਧੇਰੇ ਰੁਜ਼ਗਾਰ ਦੇ ਮੌਕੇ ਪ੍ਰਾਪਤ ਕਰਨ ਵਿਚ ਸਹਾਇਤਾ ਪ੍ਰਦਾਨ ਕਰਨਗੇ।
ਇਸ ਨਾਲ ਹੀ ਅਪਣਾ ਵਪਾਰ ਸ਼ੁਰੂ ਕਰਨ, ਹੁਨਰ ਸਿਖਲਾਈ ਪ੍ਰਾਪਤ ਕਰਨ ਅਤੇ ਵਿਦੇਸ਼ਾਂ ਵਿਚ ਰੁਜ਼ਗਾਰ ਪ੍ਰਾਪਤ ਕਰਨ ਵਿਚ ਵੀ ਇਹ ਬਿਊਰੋ ਨੌਜਵਾਨਾਂ ਦੀ ਸਹਾਇਤਾ ਕਰਨਗੇ ਤਾਂ ਜੋ 'ਘਰ ਘਰ ਰੁਜ਼ਗਾਰ' ਮਿਸ਼ਨ ਤਹਿਤ ਹਰੇਕ ਘਰ ਦੇ ਯੋਗ ਨੌਜਵਾਨ ਨੂੰ ਨੌਕਰੀ ਦੇਣ ਦੇ ਉਦੇਸ਼ਾਂ ਨੂੰ ਪ੍ਰਾਪਤ ਕੀਤਾ ਜਾ ਸਕੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਹ ਬਿਊਰੋ ਇਕੋ ਥਾਂ ਰੁਜ਼ਗਾਰ ਸਬੰਧੀ ਸਾਰੀਆਂ ਸੁਵਿਧਾਵਾਂ ਪ੍ਰਦਾਨ ਕਰਨਗੇ ਜਿੱਥੇ ਵਿਦੇਸ਼ਾਂ ਵਿਚ ਰੁਜ਼ਗਾਰ, ਹੁਨਰ ਸਿਖਲਾਈ, ਸਵੈ-ਰੁਜ਼ਗਾਰ ਅਤੇ ਉੱਦਮੀਆਂ ਦੇ ਵਿਕਾਸ ਵਰਗੇ ਮਹੱਤਵਪੂਰਨ ਕੰਮ ਸ਼ਾਮਲ ਹਨ। ਉਨ੍ਹਾਂ ਦਸਿਆ ਕਿ ਇਹ ਬਿਊਰੋ ਸਾਰੇ ਵਿਭਾਗਾਂ ਨਾਲ ਤਾਲਮੇਲ ਰੱਖਣਗੇ ਤਾਂ ਜੋ ਕੇਂਦਰੀ ਅਤੇ ਸੂਬਾਈ ਸਕੀਮਾਂ ਨੂੰ ਸਾਰਥਕ ਤਰੀਕੇ ਨਾਲ ਲਾਗੂ ਕੀਤਾ ਜਾ ਸਕੇ ਅਤੇ ਇਨ੍ਹਾਂ ਸਕੀਮਾਂ ਦੀ ਸਮੇਂ-ਸਮੇਂ 'ਤੇ ਸਮੀਖਿਆ ਵੀ ਕੀਤੀ ਜਾ ਸਕੇ।
ਬਿਊਰੋ ਦੇ ਕੰਮਕਾਰ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦਸਿਆ ਕਿ ਇਹ ਬਿਊਰੋ ਰੁਜ਼ਗਾਰਦਾਤਿਆਂ ਅਤੇ ਨੌਕਰੀ ਦੇ ਚਾਹਵਾਨ ਨੌਜਵਾਨਾਂ ਵਿਚਕਾਰ ਇਕ ਪੁਲ ਦਾ ਕੰਮ ਕਰੇਗਾ ਜਿਥੇ ਆਧੁਨਿਕ ਅਤੇ ਰਵਾਇਤੀ ਤਰੀਕਿਆਂ ਨਾਲ ਦੋਵਾਂ ਧਿਰਾਂ ਵਿਚਕਾਰ ਤਾਲਮੇਲ ਬਣਾ ਕੇ ਰਖਿਆ ਜਾਵੇਗਾ। ਬਿਊਰੋ ਨੌਜਵਾਨਾਂ ਨੂੰ ਹੁਨਰ ਪ੍ਰਾਪਤੀ ਲਈ ਅਤੇ ਸਵੈ-ਰੁਜ਼ਗਾਰ ਲਈ ਵੀ ਮਦਦ ਕਰੇਗਾ ਅਤੇ ਉਨ੍ਹਾਂ ਨੂੰ ਕੇਂਦਰੀ ਅਤੇ ਸੂਬਾਈ ਸਕੀਮਾਂ ਤਹਿਤ ਪੇਸ਼ੇਵਰ ਸਿਖਲਾਈ ਲੈਣ ਵਿਚ ਵੀ ਸਹਾਇਤਾ ਦੇਵੇਗਾ।
ਉਨ੍ਹਾਂ ਦਸਿਆ ਕਿ ਇਸ ਦੇ ਨਾਲ ਹੀ ਬਿਊਰੋ ਵੱਖ-ਵੱਖ ਵਿਦਿਅਕ ਸੰਸਥਾਵਾਂ ਅਤੇ ਹੁਨਰ ਸਿਖਲਾਈ ਏਜੰਸੀਆਂ (ਬਾਕੀ ਸਫ਼ਾ 11 'ਤੇ)
ਨਾਲ
ਵੀ ਸਾਂਝੇਦਾਰੀ ਅਤੇ ਰਾਬਤਾ ਬਣਾ ਕੇ ਰੱਖੇਗਾ ਜਿਨ੍ਹਾਂ ਰਾਹੀਂ ਹੁਨਰ ਸਿਖਲਾਈ, ਰੁਜ਼ਗਾਰ
ਪ੍ਰਾਪਤੀ ਅਤੇ ਆਪਣੇ ਕੰਮ ਸ਼ੁਰੂ ਕਰਨ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਖੇਤੀਬਾੜੀ
ਨਾਲ ਸਬੰਧਤ ਰੁਜ਼ਗਾਰ ਪ੍ਰਾਪਤੀ ਵਿਚ ਵੀ ਬਿਊਰੋ ਪੂਰੀ-ਪੂਰੀ ਮਦਦ ਕਰੇਗਾ ਅਤੇ ਦੱਸੇਗਾ ਕਿ
ਖੇਤੀ ਅਤੇ ਸਹਾਇਕ ਧੰਦਿਆਂ 'ਚ ਮੌਜੂਦਾ ਸਮੇਂ ਕੀ-ਕੀ ਗਤੀਵਿਧੀਆਂ ਲਾਭਕਾਰੀ ਹਨ।
ਉਨ੍ਹਾਂ
ਦਸਿਆ ਕਿ ਆਧੁਨਿਕ ਤਕਨੀਕਾਂ ਦੀ ਮਦਦ ਲੈਂਦਿਆਂ ਬਿਊਰੋ ਡਿਜੀਟਲ ਤਕਨੀਕਾਂ ਦੀ ਵੀ ਵਰਤੋਂ
ਕਰੇਗਾ ਅਤੇ ਸਾਰੀਆਂ ਸਰਕਾਰੀ ਤੇ ਵੱਖ-ਵੱਖ ਸੰਸਥਾਵਾਂ ਵਿਚ ਨਿਕਲੀਆਂ ਨੌਕਰੀਆਂ ਨੂੰ
ਵੈੱਬਸਾਈਟਾਂ ਅਤੇ ਅਜਿਹੇ ਹੋਰ ਆਧੁਨਿਕ ਮਾਧਿਅਮਾਂ ਰਾਹੀਂ ਪ੍ਰਚਾਰਿਆਂ ਜਾਵੇਗਾ।