
ਅੰਮ੍ਰਿਤਸਰ: ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੁਰਗਿਆਣਾ ਮੰਦਰ ਵਿਖੇ ਚੱਲ ਰਹੇ ਪ੍ਰਾਜੈਕਟ ਲਈ ਪੰਜਾਬ ਸਰਕਾਰ ਵਲੋਂ 11 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਦੇ ਹੋਏ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰਾ ਪ੍ਰਾਜੈਕਟ 30 ਜੂਨ ਤਕ ਹਰ ਹਾਲਤ ਨੇਪਰੇ ਚਾੜ੍ਹਿਆ ਜਾਵੇ।
ਇਸ ਪ੍ਰਾਜੈਕਟ ਦਾ ਜਾਇਜ਼ਾ ਲੈਣ ਲਈ ਦੁਰਗਿਆਣਾ ਮੰਦਰ ਪੁੱਜੇ ਸਿੱਧੂ ਨੇ ਸਾਰੇ ਕੰਮ ਦਾ ਬੜੀ ਬਾਰੀਕੀ ਨਾਲ ਜਾਇਜ਼ਾ ਲਿਆ ਅਤੇ ਚੱਲ ਰਹੇ ਕੰਮ ਨੂੰ ਵੇਖਿਆ। ਉਨ੍ਹਾਂ ਕਿਹਾ ਕਿ ਇਹ ਮੰਦਰ ਜਿਥੇ ਲੱਖਾਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਹੈ, ਉਥੇ ਹਰ ਰੋਜ਼ ਹਜ਼ਾਰਾਂ ਸੈਲਾਨੀ ਦੇਸ਼-ਵਿਦੇਸ਼ ਵਿਚੋਂ ਇਸ ਦੇ ਦਰਸ਼ਨ ਕਰਨ ਆਉਂਦੇ ਹਨ, ਇਸ ਲਈ ਜ਼ਰੂਰੀ ਹੈ ਕਿ ਇੱਥੇ ਚੱਲ ਰਹੇ ਕੰਮ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ।
ਸਿੱਧੂ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਇਸ ਪ੍ਰਾਜੈਕਟ ਲਈ 6 ਕਰੋੜ ਰੁਪਏ ਦਿਤੇ ਸਨ ਅਤੇ ਅੱਜ ਮੈਂ 11 ਕਰੋੜ ਰੁਪਏ ਜਾਰੀ ਕਰ ਰਿਹਾ ਹਾਂ। ਇਸ ਨਾਲ ਇਸ ਕੰਮ ਦੀ ਪਰੂਤੀ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਰਹੇਗੀ। ਇਸ ਰੁਪਏ ਵਿਚੋਂ 2 ਕਰੋੜ ਰੁਪਏ ਅੰਮ੍ਰਿਤਸਰ ਨਗਰ ਸੁਧਾਰ ਟਰਸੱਟ ਨੂੰ ਇੱਥੇ ਬਿਜਲੀ ਸਪਲਾਈ ਦੇ ਕੰਮ ਨੂੰ ਅਤਿ-ਆਧੁਨਿਕ ਢੰਗ ਨਾਲ ਕਰਨ ਲਈ ਦਿਤੇ ਜਾ ਰਹੇ ਹਨ। ਸ੍ਰ ਸਿੱਧੂ ਨੇ ਕਿਹਾ ਕਿ ਹੁਣ ਮੈਂ ਇਸ ਪ੍ਰਾਜੈਕਟ ਦੀ ਆਪ ਨਿਗਰਾਨੀ ਕਰਾਂਗਾ ਅਤੇ ਕੋਸ਼ਿਸ਼ ਕਰਾਂਗਾ ਕਿ ਕੰਮ ਦੀ ਗੁਣਵੱਤਾ ਠੀਕ ਰਹੇ ਅਤੇ ਕੰਮ ਸਮੇਂ ਸਿਰ ਨੇਪਰੇ ਚੜ੍ਹੇ।
ਉਨ੍ਹਾਂ ਕੰਮ ਵਿਚ ਲੱਗੇ ਸਾਰੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਕੁਆਲਟੀ ਦਾ ਖਿਆਲ ਰੱਖਦੇ ਹੋਏ ਕੰਮ ਸਮੇਂ ਦੇ ਅੰਦਰ-ਅੰਦਰ ਪੂਰਾ ਕਰਨ। ਉਹ ਖ਼ੁਦ ਹਰ ਮਹੀਨੇ ਇੱਥੇ ਚੱਲ ਰਹੇ ਕੰਮ ਦੀ ਰੀਪੋਰਟ ਲਵਾਂਗਾ। ਇਸ ਮੌਕੇ ਮੰਦਰ ਕਮੇਟੀ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।