
ਸੰਗਰੂਰ: ਕਦੇ ਤੁਸੀਂ ਸੁਣਿਆ ਹੈ ਕਿ ਪੰਜਾਬ ਦੇ ਕਿਸੇ ਸਕੂਲ ‘ਚ ਦਾਖ਼ਲੇ ਲਈ ਉਡੀਕ ਕਰਨੀ ਪੈਂਦੀ ਹੋਵੇ? ਨਿੱਜੀ ਸਕੂਲਾਂ ਦੇ ਮਾਮਲੇ ‘ਚ ਕੁਝ ਸਮਾਂ ਉਡੀਕ ਹੋ ਵੀ ਸਕਦੀ ਹੈ, ਪਰ ਸਰਕਾਰੀ ਸਕੂਲ ਲਈ ਉਡੀਕ ਤੇ ਉਹ ਵੀ ਇੰਨੀ ਕਿ ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ। ਜੀ ਹਾਂ, ਸੰਗਰੂਰ ਜ਼ਿਲ੍ਹੇ ਦੇ ਪਿੰਡ ਰੱਤੋਕੇ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸੁਰਿੰਦਰ ਕੁਮਾਰ ਦੀ ਲਾਮਿਸਾਲ ਮਿਹਨਤ ਅਤੇ ਲਗਨ ਸਦਕਾ ਇਹ ਪੰਜਾਬ ਦਾ ਇਕਲੌਤਾ ਸਰਕਾਰੀ ਸਕੂਲ ਹੈ ਜਿੱਥੇ ਦਾਖਲੇ ਲਈ ਤਿੰਨ ਸਾਲਾਂ ਦੀ ‘ਵੇਟਿੰਗ’ ਚੱਲ ਰਹੀ ਹੈ।
ਇਸ ਸਫਲ ਸਕੂਲ ਨੂੰ ਹੋਰ ਸਫਲ ਬਣਾਉਣ ਲਈ ਸਿੰਗਾਪੁਰ ਦੀ ਸੰਸਥਾ ਯੰਗ ਸਿੱਖ ਐਸੋਸੀਏਸਨ (ਵਾਈ.ਐੱਸ.ਏ) ਨਾਲ ਸਬੰਧਤ ਸਿੰਗਾਪੁਰੀ ਵਿਦਿਆਰਥੀਆਂ ਨੇ ਆਪਣੀ ਮਿਹਨਤ ਸਦਕਾ ਸਕੂਲ ‘ਚ 3,000 ਕਿਤਾਬਾਂ ਵਾਲੀ ਨਵੀਂ ਲਾਇਬ੍ਰੇਰੀ, ਸਕੂਲ ਦੀ ਮੁਰੰਮਤ ਅਤੇ ਰੰਗ ਰੋਗਨ ਕਰਨ ਸਮੇਤ ਸਮੁੱਚੀ ਨੁਹਾਰ ਹੀ ਬਦਲ ਦਿੱਤੀ। ਇਨ੍ਹਾਂ ਵਿਦਿਆਰਥੀਆਂ ਨੇ ਦੱਸਿਆ ਕਿ ਵਾਈ.ਐੱਸ.ਏ. ਹਰ ਸਾਲ ਪੰਜਾਬ ‘ਚ ਇਕ ਸਰਕਾਰੀ ਸਕੂਲ ਨੂੰ ਅਪਣਾਉਂਦੀ ਹੈ। ਇਸ ਤੋਂ ਪਹਿਲਾਂ 16 ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਚੁੱਕੀ ਹੈ।
ਅੱਜ ਵਾਈ.ਐੱਸ.ਏ. ਦੀ ਟੀਮ ਦੇ ਨਾਲ-ਨਾਲ ਰੱਤੋਕੇ ਸਕੂਲ ਦੇ ਪ੍ਰਿੰਸੀਪਲ ਸਮੇਤ ਸਕੂਲ ਸਟਾਫ ਨੂੰ ਸੁਨਾਮ ਦੇ ਵਿਧਾਇਕ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਸਹਿ-ਕਨਵੀਨਰ ਅਮਨ ਅਰੋਡ਼ਾ ਵੱਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਅਮਨ ਅਰੋਡ਼ਾ ਨੇ ਕਿਹਾ ਕਿ ਅਫਸੋਸ ਇਹ ਹੈ ਕਿ ਉੱਚ ਮਿਆਰੀ ਸਕੂਲ ਸਿੱਖਿਆ ਸਰਕਾਰਾਂ ਦੀ ਪ੍ਰਾਥਮਿਕਤਾ ਨਹੀਂ ਰਹੀ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਜਿੱਥੇ ਕੇਂਦਰ ਅਤੇ ਸਾਰੀਆਂ ਸੂਬਾ ਸਰਕਾਰਾਂ ਲਈ ਮਿਸਾਲ ਹੈ ਉੱਥੇ ਯੰਗ ਸਿੱਖ ਐਸੋਸੀਏਸਨ ਦੇ ਇਹ ਸਿੰਗਾਪੁਰ ਵਿਦਿਆਰਥੀ ਦੇਸ ਵਿਦੇਸ ਦੀਆਂ ਸਮਾਜ ਸੇਵਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਲਈ ਚਾਨਣ-ਮੁਨਾਰਾ ਹਨ। ਜਦਕਿ ਰੱਤੋਕੇ ਪਿੰਡ ਦੇ ਨਿਵਾਸੀ, ਸਕੂਲ ਪ੍ਰਿੰਸੀਪਲ ਸੁਰਿੰਦਰ ਕੁਮਾਰ ਅਤੇ ਉਨ੍ਹਾਂ ਦੀ ਅਧਿਆਪਕਾ ਪਤਨੀ ਹਰੇਕ ਨਾਗਰਿਕ ਅਤੇ ਸਕੂਲ ਅਧਿਆਪਕ ਲਈ ਪ੍ਰੇਰਨਾ ਸਰੋਤ ਹਨ। ਅਰੋਡ਼ਾ ਨੇ ਇਸ ਮੌਕੇ ਸਿੰਗਾਪੁਰ ਤੋਂ ਆ ਕੇ ਸਕੂਲ ਦੀ ਨੁਹਾਰ ਬਦਲਣ ਲੱਗੇ ਹੋਏ 20 ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਸਨਮਾਨ ਪੱਤਰਾਂ ਨਾਲ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਵਾਹਗਾ ਬਾਰਡਰ ਦੀ ਯਾਤਰਾ ਦਾ ਪ੍ਰਬੰਧ ਕੀਤਾ ਹੈ।