
ਮੋਗਾ- ਪੰਜਾਬ ਭਰ 'ਚ ਜ਼ਮੀਨਾਂ ਦੀ ਖਰੀਦ ਅਤੇ ਵੇਚ ਵੇਲੇ ਕਥਿਤ ਤੌਰ 'ਤੇ ਕਾਗਜ਼ਾਂ-ਪੱਤਰਾਂ 'ਚ ਹੁੰਦੀ ਜਾਅਲਸਾਜ਼ੀ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਇਕ ਵੱਡਾ ਫੈਸਲਾ ਲੈਂਦਿਆਂ ਸੂਬੇ ਭਰ 'ਚ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਨ ਦਾ ਕੰਮ ਆਨਲਾਈਨ ਕਰਨ ਦਾ ਨਿਰਣਾ ਲਿਆ ਹੈ।
ਭਾਵੇਂ ਪੂਰੇ ਪੰਜਾਬ 'ਚ ਆਨਲਾਈਨ ਰਜਿਸਟਰੀਆਂ 15 ਨਵੰਬਰ ਤੋਂ ਹਰ ਹਾਲ 'ਚ ਸ਼ੁਰੂ ਕਰਨ ਦੀਆਂ ਪ੍ਰਸ਼ਾਸਨਿਕ ਪੱਧਰ 'ਤੇ ਕਾਰਵਾਈਆਂ ਚੱਲ ਰਹੀਆਂ ਹਨ ਪਰ ਇਸ ਦੀ ਸਭ ਤੋਂ ਪਹਿਲਾਂ ਸ਼ੁਰੂਆਤ 10 ਨਵੰਬਰ ਨੂੰ ਮੋਗਾ ਤੋਂ ਸ਼ੁਰੂ ਕੀਤੀ ਜਾ ਰਹੀ ਹੈ।
ਜ਼ਿਲੇ ਦੇ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਨੇ ਜ਼ਮੀਨਾਂ ਦੀ ਖਰੀਦ ਅਤੇ ਵੇਚ ਦੀ ਰਜਿਸਟਰੀ ਆਨਲਾਈਨ ਸ਼ੁਰੂ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਲਈ ਨੈਸ਼ਨਲ ਜੈਨੇਰਿਕ ਡਾਕੂਮੈਂਟਸ ਰਜਿਸਟਰੇਸ਼ਨ ਸਿਸਟਮ (ਐੱਨ. ਜੀ. ਡੀ. ਆਰ. ਐੱਸ.) ਵਿਸ਼ੇਸ਼ ਸਾਫਟਵੇਅਰ ਤਿਆਰ ਕੀਤਾ ਗਿਆ ਹੈ।
ਮਿਲੀ ਜਾਣਕਾਰੀ 'ਚ ਇਹ ਵੀ ਪਤਾ ਲੱਗਾ ਹੈ ਕਿ ਇਸ ਤੋਂ ਇਲਾਵਾ ਮੁੱਢਲੇ ਪੜਾਅ 'ਚ ਆਦਮਪੁਰ (ਜਲੰਧਰ) ਉਪ ਤਹਿਸੀਲ ਤੋਂ ਵੀ ਇਹ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਜਿਸਟਰੀ ਲਈ ਪਹਿਲਾਂ ਆਨਲਾਈਨ ਅਗਾਊਂ ਸਮਾਂ (ਅਪਵਾਇੰਟਮੈਂਟ) ਲੈਣਾ ਜ਼ਰੂਰੀ ਹੋਵੇਗੀ।