
ਨਵੀਂ ਦਿੱਲੀ, 1 ਨਵੰਬਰ (ਸੁਖਰਾਜ ਸਿੰਘ): ਦਿੱਲੀ ਸਿੱਖ ਸਿਟੀਜਨ ਕੌਂਸਲ ਦੇ ਪ੍ਰਧਾਨ ਸ. ਅਵਤਾਰ ਸਿੰਘ ਸੇਠੀ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੇ ਰਸੂਖ, ਨਜਦੀਕੀਆਂ ਕਰ ਕੇ ਅਤੇ ਮੁੱਖ ਸਲਾਹਕਾਰ ਹੋਣ ਦੇ ਨਾਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦੇਣ ਕਿ ਉਹ ਇੰਦਰਾਂ ਗਾਂਧੀ ਦਾ ਬੁੱਤ ਲੁਧਿਆਣੇ ਵਿਖੇ ਜੋ ਲਗਾਉਣ ਜਾ ਰਹੇ ਹਨ ਉਸ ਨੂੰ ਮੁਲਤਵੀ ਕਰ ਦੇਣ ਕਿਉਂਕਿ ਇਸ ਨਾਲ ਪੰਜਾਬ ਦਾ ਮਸਾਂ-ਮਸਾਂ ਮਾਹੌਲ ਜੋ ਸੁਧਰਿਆ ਹੈ ਮੁੜ੍ਹ ਪੰਜਾਬ ਨੂੰ ਅਸ਼ਾਂਤੀ ਵੱਲ ਨਾ ਧਕੇਲ ਦੇਣੇ।
ਸ. ਸੇਠੀ ਨੇ ਕਿਹਾ ਕਿ ਜਦੋਂ ਦੇਸ਼-ਵਿਦੇਸ਼ ਦੇ ਇਨ੍ਹੀ ਵੱਡੀ ਗਿਣਤੀ ਵਿਚ ਸਿੱਖ ਤੇ ਹੋਰ ਧਰਮਾਂ ਦੇ ਲੋਕ ਇਸ ਦੇ ਖ਼ਿਲਾਫ਼ ਹਨ ਤਾਂ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੂੰ ਉਲਝਣ ਵਿਚ ਪੈਣ ਦੀ ਕੀ ਕਾਹਲੀ ਹੈ। ਸ. ਅਵਤਾਰ ਸਿੰਘ ਸੇਠੀ ਨੇ ਕਿਹਾ ਕਿ ਇੰਦਰਾਂ ਗਾਂਧੀ ਦੀਆ ਕਈ ਯਾਦਗਾਰਾਂ ਅਤੇ ਬੁੱਤ ਪੂਰੇ ਭਾਰਤ ਦੇਸ਼ ਵਿਚ ਹਨ, ਸੜਕਾਂ ਦੇ ਨਾਮ, ਸਕੂਲਾਂ, ਕਾਲਜਾਂ ਦੇ ਨਾਮ ਅਤੇ ਕੌਮੀ ਰਾਜਧਾਨੀ ਦਿੱਲੀ ਵਿਖੇ ਇੰਟਰਨੈਸ਼ਨਲ ਹਵਾਈ ਅੱਡੇ ਦਾ ਨਾ ਵੀ ਉਸ ਦੇ ਨਾਮ 'ਤੇ ਹੈ। ਜੇ ਇਕ ਬੁੱਤ ਹੋਰ ਲੱਗ ਜਾਵੇ ਤਾਂ ਉਸ ਦਾ ਨਾਮ ਬਹੁਤ ਉੱਚਾ ਨਹੀਂ ਹੋ ਜਾਵੇਗਾ।ਸ. ਸੇਠੀ ਨੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਨਵਨੀਤ ਸਿੰਘ ਬਿੱਟੂ ਨੂੰ ਵੀ ਇਸ ਬੁੱਤ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਰੋਕਣ ਦੀ ਅਪੀਲ ਕੀਤੀ ਹੈ।