
ਨਵੀਂ ਦਿੱਲੀ, 20 ਦਸੰਬਰ: ਦੂਰਦਰਸ਼ਨ ਦੇ ਬੀਤੇ ਸਮੇਂ ਦੇ ਮਸ਼ਹੂਰ ਟੀਵੀ ਸ਼ੋਅ 'ਇੰਡੀਆਜ਼ ਮੋਸਟ ਵਾਂਟਡ' ਦੇ ਮੇਜ਼ਬਾਨ ਰਹੇ ਸੁਹੇਬ ਇਲਿਆਸੀ ਨੂੰ ਅਪਣੀ ਪਤਨੀ ਅੰਜੂ ਨੂੰ ਕਤਲ ਕਰਨ ਦੇ ਦੋਸ਼ ਵਿਚ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਉਸ ਨੂੰ 16 ਦਸੰਬਰ ਨੂੰ ਦੋਸ਼ੀ ਕਰਾਰ ਦਿਤਾ ਗਿਆ ਸੀ। ਟੀਵੀ ਸ਼ੋਅ ਤੋਂ ਪ੍ਰਸਿੱਧ ਹੋਏ ਇਲਿਆਸੀ ਨੇ ਲਗਭਗ 17 ਸਾਲ ਪਹਿਲਾਂ ਅਪਣੀ ਪਤਨੀ ਦਾ ਕਤਲ ਕਰ ਦਿਤਾ ਸੀ। 11 ਜਨਵਰੀ 2000 ਨੂੰ ਸੁਹੇਬ ਦੇ ਘਰ ਵਿਚ ਉਸ ਦੀ ਪਤਨੀ ਅੰਜੂ ਦੀ ਲਾਸ਼ ਮਿਲੀ ਸੀ।
ਅਦਾਲਤ ਨੇ ਸੁਹੇਬ ਲਈ ਮੌਤ ਦੀ ਸਜ਼ਾ ਦੀ ਮੰਗ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਮਾਮਲਾ ਵਿਸ਼ੇਸ਼ ਵਰਗ ਵਿਚ ਨਹੀਂ ਆਉਂਦਾ। ਵਧੀਕ ਸੈਸ਼ਨ ਜੱਜ ਐਸਕੇ ਮਲਹੋਤਰਾ ਨੇ ਸੁਹੇਬ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਦੇ ਨਾਲ-ਨਾਲ ਦੋ ਲੱਖ ਰੁਪਏ ਜੁਰਮਾਨਾ ਵੀ ਲਗਾਇਆ। ਅਦਾਲਤ ਨੇ ਅੰਜੂ ਦੇ ਮਾਪਿਆਂ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਵੀ ਹੁਕਮ ਸੁਣਾਇਆ ਜੋ ਇਲਿਆਸੀ ਵਲੋਂ ਦਿਤਾ ਜਾਵੇਗਾ।
ਤਿਹਾੜ ਜੇਲ ਤੋਂ ਅਦਾਲਤ ਲਿਆਂਦੇ ਗਏ ਇਲਿਆਸੀ ਨੇ ਅਦਾਲਤ ਵਿਚ ਕਿਹਾ ਕਿ ਉਹ ਨਿਰਦੋਸ਼ ਹੈ ਅਤੇ ਉਸ ਨਾਲ ਨਾਇਨਸਾਫ਼ੀ ਹੋਈ ਹੈ। ਅਦਾਲਤ ਵਿਚ ਹੋਈ ਬਹਿਸ ਦੌਰਾਨ ਸਰਕਾਰੀ ਵਕੀਲ ਨੇ ਇਹ ਕਹਿੰਦਿਆਂ ਇਲਿਆਸੀ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ ਕਿ ਉਸ ਨੇ ਅੰਜੂ ਨੂੰ ਦਰਦਨਾਕ ਮੌਤ ਦਿਤੀ ਹੈ। (ਪੀ.ਟੀ.ਆਈ.)