
ਬਟਾਲਾ, 27 ਸਤੰਬਰ
(ਡਾ.ਹਰਪਾਲ ਸਿੰਘ ਬਟਾਲਵੀ) : ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪਿਛਲੀ
ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਨੇ ਪੰਜਾਬ ਦੇ ਖ਼ਜ਼ਾਨੇ ਦੀ ਦੋਹਾਂ ਹੱਥਾਂ ਨਾਲ ਲੁੱਟ
ਕੀਤੀ ਹੈ। ਉਨ੍ਹਾਂ ਕਿਹਾ ਕਿ ਖ਼ਜ਼ਾਨੇ ਦੀ ਹਾਲਤ ਠੀਕ ਕਰਨ ਲਈ ਸਿਰਤੋੜ ਯਤਨ ਕੀਤੇ ਜਾ ਰਹੇ
ਹਨ। ਉਨ੍ਹਾਂ ਇਹ ਗੱਲ ਗੁਰਦਾਸਪੁਰ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੇ
ਹੱਕ ਵਿਚ ਹੋਈ ਮੀਟਿੰਗ ਨੂੰ ਸੰਬੋਧਿਤ ਕਰਦਿਆਂ ਕਹੀ।
ਬਾਦਲ ਨੇ ਕਿਹਾ ਕਿ ਸੁਨੀਲ
ਜਾਖੜ ਨੂੰ ਜਿਤਾਉਣ ਲਈ ਹਲਕਾ ਵਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਤੇ ਵਰਕਰ ਤਗੜੇ ਹੋ ਕੇ
ਜਾਖੜ ਨੂੰ ਜਿਤਾਉਣ। ਮਨਪ੍ਰੀਤ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਰਾਹਤ
ਦੇਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ਤੇ ਹਰ ਵਰਗ ਨੂੰ ਸਹੂਲਤਾਂ ਦੇ ਕੇ ਮਾਲੋਮਾਲ ਕੀਤਾ
ਜਾਵੇਗਾ।
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਅਕਾਲੀ ਭਾਜਪਾ ਦੇ ਉਮੀਦਵਾਰ ਸਵਰਨ
ਸਲਾਰੀਆ ਨੂੰ ਹਰ ਹਲਕੇ ਵਿਚ ਧੜੇਬੰਦੀ ਕਰ ਕੇ ਨਮੋਸ਼ੀ ਤੇ ਵਿਰੋਧਤਾ ਦਾ ਸਾਹਮਣਾ ਪੈ ਰਿਹਾ
ਹੈ। ਪਿੰਡ ਸੁਚਾਨੀਆਂ ਵਿਖੇ ਰਵੀ ਹਾਂਡਾ (ਵਾਈਸ ਚੇਅਰਮੈਨ ਰੂਰਲ ਡਿਵੈਲਪਮੈਂਟ ਸੈੱਲ
ਪੰਜਾਬ ਕਾਂਗਰਸ) ਦੇ ਯਤਨਾਂ ਸਦਕਾ ਹੋਈ ਮੀਟਿੰਗ 'ਚ ਹਲਕਾ ਵਿਧਾਇਕ ਸੁਖਜਿੰਦਰ ਸਿੰਘ
ਰੰਧਾਵਾ, ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਮਨਪ੍ਰੀਤ ਦੱਤਾ ਪੰਜਾਬ ਪ੍ਰਦੇਸ਼ ਕਾਂਗਰਸ
ਪ੍ਰਧਾਨ, ਸਾਬਕਾ ਵਿਧਾਇਕ ਮੁਹੰਮਦ ਸਦੀਕ ਵੀ ਸ਼ਾਮਲ ਸਨ।
ਇਸ ਮੌਕੇ ਦੀਪਕ, ਜਤਿੰਦਰ, ਮਨੀਸ਼ ਹਾਂਡਾ, ਗੋਕਲ ਚੰਦ ਭੰਡਾਰੀ, ਲਖਵਿਦਰ, ਮਿੱਤਰ ਸਿੰਘ, ਨੀਲੂ ਤੇ ਹਜ਼ਾਰਾਂ ਦੀ ਗਿਣਤੀ ਵਿਚ ਵਰਕਰ ਹਾਜ਼ਰ ਸਨ।