
ਲੁਧਿਆਣਾ: ਪੰਜਾਬ ਸਰਕਾਰ ਨੇ ਸੂਬੇ ਦੇ 2750 ਸਰਕਾਰੀ ਪ੍ਰਾਈਮਰੀ ਸਕੂਲਾਂ 'ਚ ਅੰਗੇਰਜ਼ੀ ਮੀਡੀਅਮ 'ਚ ਕਲਾਸਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਪਰ ਸਰਕਾਰ ਦੇ ਇਸ ਐਲਾਨ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਇਸ ਵਾਰ ਕੋਈ ਹੋਰ ਨਹੀਂ, ਸਗੋਂ ਇੰਟਰਨੈਸ਼ਨਲ ਪੱਧਰ ਦੇ ਅਰਥ ਸ਼ਾਸਤਰੀ ਅਤੇ ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਡਾ. ਐੱਸ. ਐੱਸ. ਜੌਹਲ ਅਤੇ ਪ੍ਰਸਿੱਧ ਸਾਹਿਤਕਾਰ ਅਤੇ ਪੰਜਾਬ ਸਾਹਿਤ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਹਨ।
ਦੋਵਾਂ ਹਸਤੀਆਂ ਦਾ ਮੰਨਣਾ ਹੈ ਕਿ ਘੱਟੋ-ਘੱਟ ਤੀਜੀ ਜਮਾਤ ਤੱਕ ਬੱਚੇ ਨੂੰ ਉਸ ਦੀ ਮਾਤ ਭਾਸ਼ਾ 'ਚ ਹੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਡਾ. ਜੌਹਲ ਨੇ ਸਾਫ ਕਰ ਦਿੱਤਾ ਕਿ ਉਹ ਇਸ ਲਈ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਕਨਵੈਨਸ਼ਨ ਵੀ ਕਰਵਾਉਣਗੇ ਅਤੇ ਸਰਕਾਰ ਨੂੰ ਇਸ ਦੇ ਸਾਈਡ ਇਫੈਕਟ ਵੀ ਦੱਸਣਗੇ। ਪੰਜਾਬੀ ਸਾਹਿਤ ਅਕਾਦਮੀ ਸਮੇਤ ਸਾਰੇ ਸਾਹਿਤਕਾਰ ਅਤੇ ਵਿਦਵਾਨ ਵੀ ਇਸ ਦੀ ਖਿਲਾਫਤ 'ਚ ਆ ਗਏ ਹਨ।
ਡਾ. ਸਰਦਾਰਾ ਸਿੰਘ ਜੌਹਲ ਦਾ ਕਹਿਣਾ ਹੈ ਕਿ ਯੂ. ਐੱਨ. ਓ. ਦੀਆਂ ਕਈ ਰਿਪੋਰਟਾਂ ਦੇ ਨਾਲ-ਨਾਲ ਮਨੋਚਿਕਿਤਸਕਾਂ ਦੀਆਂ ਵੀ ਰਿਪੋਰਟਾਂ ਹਨ ਕਿ ਬੱਚੇ ਨੂੰ ਘੱਟੋ-ਘੱਟ ਤੀਜੀ ਜਮਾਤ ਤੱਕ ਸਿਰਫ ਮਾਤ ਭਾਸ਼ਾ 'ਚ ਹੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਅਤੇ ਚੌਥੀ ਕਲਾਸ਼ ਤੋਂ ਰਾਸ਼ਟਰੀ ਭਾਸ਼ੀ ਨੂੰ ਜੋੜਿਆ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ 7ਵੀਂ ਕਲਾਸ ਤੋਂ ਹੀ ਹੋਰ ਭਾਸ਼ਾਵਾਂ ਨੂੰ ਪੜ੍ਹਾਇਆ ਜਾਣਾ ਚਾਹੀਦਾ ਹੈ। ਡਾ. ਜੌਹਲ ਦਾ ਕਹਿਣਾ ਹੈ ਕਿ ਸਰਕਾਰ ਕਈ ਨੀਤੀਆਂ ਬਣਾਉਣ ਸਮੇਂ ਮਾਹਿਰਾਂ ਦੀ ਰਿਪੋਰਟ ਨੂੰ ਨਜ਼ਰ ਅੰਦਾਜ਼ ਕਰ ਦਿੰਦੀ ਹੈ।
ਉਨ੍ਹਾਂ ਨੇ ਕਿਹਾ ਕਿ ਬੱਚਾ ਸਭ ਤੋਂ ਜਲਦੀ ਆਪਣੀਆਂ ਭਾਵਨਾਵਾਂ ਮਾਤ ਭਾਸ਼ਾ 'ਚ ਉਜਾਗਰ ਕਰਦਾ ਹੈ ਅਤੇ ਉਂਨੀ ਹੀ ਆਸਾਨੀ ਨਾਲ ਦੂਜੇ ਦੀਆਂ ਭਾਵਨਾਵਾਂ ਨੂੰ ਸਮਝ ਸਕਦਾ ਹੈ, ਜਦੋਂ ਕਿ ਹੋਰ ਭਾਸ਼ਾਵਾਂ ਨੂੰ ਸਮਝਣ ਲਈ ਉਸ ਦਾ ਮਾਨਸਿਕ ਵਿਕਾਸ ਹੋਣਾ ਜ਼ਰੂਰੀ ਹੈ ਅਤੇ ਅਜਿਹੀ ਪਰਿਪੱਕਤਾ ਬੱਚੇ 'ਚ 7ਵੀਂ ਕਲਾਸ ਤੱਕ ਜਾਣ 'ਤੇ ਆਉਂਦੀ ਹੈ।