ਸ੍ਰੀ ਅਨੰਦਪੁਰ ਸਾਹਿਬ : ਰਾਸ਼ਟਰੀ ਸਵੈ ਸੇਵਕ ਸੰਘ (ਆਰਐੱਸਐੱਸ) ਵੱਲੋਂ ਸਿੱਖਾਂ ਦੇ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਦੀਆਂ ਖ਼ਬਰਾਂ ਆਮ ਤੌਰ 'ਤੇ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ। ਪਿਛਲੇ ਸਾਲ ਦਸੰਬਰ ਮਹੀਨੇ ਦਿੱਲੀ ਵਿਚ ਆਰਐੱਸਐੱਸ ਦੀ ਅਗਵਾਈ ਵਿਚ ਹੀ ਰਾਸ਼ਟਰੀ ਸਿੱਖ ਸੰਗਤ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਸੀ, ਜਿਸ ਨੂੰ ਅਕਾਲ ਤਖ਼ਤ ਸਮੇਤ ਬਹੁਗਿਣਤੀ ਸਿੱਖਾਂ ਵੱਲੋਂ ਸਿੱਖਾਂ ਦੇ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰਾਰ ਦਿੱਤਾ ਗਿਆ ਸੀ। ਇਹੀ ਨਹੀਂ ਸਿੱਖਾਂ ਨੂੰ ਇਨ੍ਹਾਂ ਸਮਾਗਮਾਂ ਵਿਚ ਨਾ ਜਾਣ ਦੀ ਅਪੀਲ ਵੀ ਕੀਤੀ ਗਈ ਸੀ।ਹੁਣ ਰਾਸ਼ਟਰੀ ਸਵੈ ਸੇਵਕ ਸੰਘ ਵੱਲੋਂ ਜਿੱਥੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ ਨਾਲ-ਨਾਲ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਨੂੰ ਸਰਮਪਿਤ ਰੂਟ ਮਾਰਚ ਕੱਢਿਆ ਗਿਆ। ਇਹ ਰੂਟ ਮਾਰਚ ਵੀਆਈਪੀ ਪਾਰਕਿੰਗ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਜ਼ਾਰਾਂ ਵਿਚੋਂ ਹੁੰਦਾ ਹੋਇਆ ਮੁੜ ਸ਼ੁਰੂਆਤੀ ਸਥਾਨ 'ਤੇ ਸਮਾਪਤ ਹੋ ਗਿਆ। ਜਿਸ ਵਿਚ ਤਹਿਸੀਲ ਅਨੰਦਪੁਰ ਸਾਹਿਬ ਨਾਲ ਸਬੰਧਿਤ ਵੱਡੀ ਗਿਣਤੀ ਆਰਐੱਸਐੱਸ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਰੂਟ ਮਾਰਚ ਦੀ ਵਿਚ ਵਿਜੇ ਸਿੰਘ ਨੱਡਾ ਸਹਿ ਸੰਗਠਨ ਮੰਤਰੀ ਵਿੱਦਿਆ ਭਾਰਤੀ ਉੱਤਰੀ ਖੇਤਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ, ਜਦੋਂ ਕਿ ਸੇਵਾਮੁਕਤ ਐੱਸਡੀਓ ਮਦਨ ਗੋਪਾਲ ਲਖਣੋਂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।

ਇਸ ਮੌਕੇ ਨੱਡਾ ਨੇ ਆਖਿਆ ਕਿ ਰਵਿਦਾਸ ਜੀ ਨੇ ਸਮਾਜ ਵਿਚ ਫੈਲੀਆਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਬਹੁਤ ਵੱਡਾ ਯੋਗਦਾਨ ਪਾਇਆ ਅਤੇ ਭੇਦਭਾਵ ਖ਼ਤਮ ਕਰਨ ਲਈ ਇੱਕ ਲਹਿਰ ਚਲਾਈ, ਜਿਸ ਨੂੰ ਕਦੇ ਵੀ ਭੁਲਾਈਆ ਨਹੀਂ ਜਾ ਸਕਦਾ। ਇਸ ਦੌਰਾਨ ਉਨ੍ਹਾਂ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਜੀ ਦੇ ਜੀਵਨ 'ਤੇ ਵੀ ਚਾਨਣਾ ਪਾਇਆ ਅਤੇ ਗੁਰੂ ਸਾਹਿਬ ਦੇ ਵਿਆਹ ਪੁਰਬ ਦੀਆਂ ਵਧਾਈਆਂ ਦਿੱਤੀਆਂ।ਇਸ ਤੋਂ ਪਹਿਲਾ ਆਰਐੱਸਐੱਸ ਵਰਕਰਾਂ ਵੱਲੋਂ ਪੂਰੀ ਵਰਦੀ ਵਿਚ ਰੂਟ ਮਾਰਚ ਕੀਤਾ ਗਿਆ।ਦੱਸ ਦੇਈਏ ਕਿ ਪਹਿਲਾਂ ਕਈ ਵਾਰ ਆਰਐੱਸਐੱਸ ਮੁਖੀ ਮੋਹਨ ਭਾਗਵਤ ਵੱਲੋਂ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਦੱਸੇ ਜਾਣ ਵਾਲੇ ਬਿਆਨ 'ਤੇ ਕਈ ਵਾਰ ਵਿਵਾਦ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਆਰਐੱਸਐੱਸ ਵੱਲੋਂ ਸਿੱਖਾਂ ਦੇ ਹੋਰ ਦਿਹਾੜਿਆਂ ਸਬੰਧੀ ਪ੍ਰੋਗਰਾਮ ਕਰਵਾਏ ਜਾ ਚੁੱਕੇ ਹਨ ਅਤੇ ਸਿੱਖ ਮਾਮਲਿਆਂ 'ਤੇ ਵੀ ਕਈ ਵਾਰ ਬਿਆਨਬਾਜ਼ੀ ਕੀਤੀ ਗਈ ਹੈ। ਸਿੱਖਾਂ ਵੱਲੋਂ ਵੱਡੀ ਪੱਧਰ 'ਤੇ ਵਿਰੋਧ ਕੀਤੇ ਜਾਣ ਦੇ ਬਾਵਜੂਦ ਆਰਐੱਸਐੱਸ ਆਪਣੀਆਂ ਇਨ੍ਹਾਂ ਕਾਰਵਾਈਆਂ ਤੋਂ ਬਾਜ਼ ਨਹੀਂ ਆ ਰਿਹਾ।
end-of