
ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਦੇ ਜਨਮ ਦਿਨ ਮੌਕੇ ਸਮਾਗਮ
ਪਟਿਆਲਾ, 2 ਅਕਤੂਬਰ (ਬਲਵਿੰਦਰ ਸਿੰਘ ਭੁੱਲਰ) : ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਸਾਬਕਾ ਵਿਧਾਇਕ ਸ੍ਰੀਮਤੀ ਪਰਨੀਤ ਕੌਰ ਨੇ ਗਾਂਧੀ ਜੈਯੰਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਸ੍ਰੀ ਲਾਲ ਬਹਾਦਰ ਸ਼ਾਸ਼ਤਰੀ ਦੇ ਜਨਮ ਦਿਨ ਮੌਕੇ ਪਟਿਆਲਾ ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਤਿਹਾਸਕ ਤੇ ਵਿਰਾਸਤੀ ਸ਼ਹਿਰ ਪਟਿਆਲਾ ਦੀ ਪੁਰਾਣੀ ਸੁੰਦਰਤਾ ਨੂੰ ਬਹਾਲ ਕਰਨ ਲਈ ਸਵੱਛ ਭਾਰਤ ਮੁਹਿੰਮ ਤਹਿਤ ਆਪਣੇ ਘਰਾਂ ਤੇ ਆਲੇ-ਦੁਆਲੇ ਦੀ ਸਾਫ਼ ਸਫ਼ਾਈ ਲਈ ਰੱਲ ਕੇ ਹੰਭਲਾ ਮਾਰਨ। ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇਹ ਹੀ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਤੇ ਸ੍ਰੀ ਸ਼ਾਸ਼ਤਰੀ ਨੂੰ ਸੱਚੀ ਸ਼ਰਧਾਂਜ਼ਲੀ ਹੋਵੇਗੀ। ਸ੍ਰੀਮਤੀ ਪਰਨੀਤ ਕੌਰ ਅੱਜ ਮਾਲ ਰੋਡ ਵਿਖੇ ਸਥਿਤ ਮਹਾਤਮਾ ਗਾਂਧੀ ਸਮਾਰਕ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਸ੍ਰੀ ਲਾਲ ਬਹਾਦਰ ਸਾਸ਼ਤਰੀ ਦੇ ਜਨਮ ਦਿਨ ਮੌਕੇ ਕਰਵਾਏ ਸਮਾਗਮ ਵਿੱਚ ਪੁੱਜੇ ਹੋਏ ਸਨ।
ਪਰਨੀਤ ਕੌਰ ਨੇ ਦੋਵੇਂ ਸਖਸ਼ੀਅਤਾਂ ਦੇ ਜਨਮ ਦਿਨ ਮੌਕੇ ਪਟਿਆਲਾ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸ੍ਰੀ ਸ਼ਾਸ਼ਤਰੀ ਨੇ ਇੱਕ ਸਵੱਛ, ਨਰੋਏ ਅਤੇ ਭਰਿਸ਼ਟਾਚਾਰ ਮੁਕਤ ਦੇਸ਼ ਦਾ ਸੁਪਨਾ ਲਿਆ ਸੀ। ਉਹਨਾਂ ਪਟਿਆਲਾ ਵਾਸੀਆਂ ਨੂੰ ਕਿਹਾ ਕਿ ਉਹ ਇਹਨਾਂ ਦੋਵੇਂ ਸ਼ਖਸ਼ੀਅਤਾਂ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਣ। ਇਸ ਮੌਕੇ ਮੋਗਾ ਦੇ ਵਿਧਾਇਕ ਸ੍ਰੀ ਹਰਜੋਤ ਕਮਲ ਸਿੰਘ ਨੇ ਮਹਾਤਮਾ ਗਾਂਧੀ ਤੇ ਸ੍ਰੀ ਸ਼ਾਸ਼ਤਰੀ ਦੇ ਜਨਮ ਦਿਨ 'ਤੇ ਵਧਾਈ ਦਿੰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਮਹਾਤਮਾ ਗਾਂਧੀ ਤੇ ਸ੍ਰੀ ਸ਼ਾਸ਼ਤਰੀ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
ਪਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਦੇ ਵਸਨੀਕਾਂ ਨੂੰ ਛੇਤੀ ਹੀ ਖੁੱਲੇ ਵਿੱਚ ਸੁੱਟੇ ਜਾਂਦੇ ਕੂੜਾ ਕਰਕਟ ਤੋਂ ਨਿਜਾਤ ਮਿਲੇਗੀ ਜਿਸ ਲਈ ਛੇਤੀ ਹੀ ਸ਼ਹਿਰ ਦੀਆਂ 25 ਥਾਵਾਂ 'ਤੇ ਜ਼ਮੀਨਦੋਜ ਕੂੜਾਦਾਨ ਲਗਾਏ ਜਾ ਰਹੇ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਲਾਸਟਿਕ ਦੇ ਲਿਫਾਫੇ ਅਤੇ ਥਰਮੋਕੋਲ ਨੂੰ ਸੀਵਰੇਜ ਜਾਂ ਖੁੱਲੇ ਵਿੱਚ ਸੁੱਟਣ ਤੋਂ ਗੁਰੇਜ਼ ਕਰਨ ਕਿਉਂਕਿ ਇਹ ਹੀ ਸੀਵਰੇਜ ਦੇ ਬੰਦ ਹੋਣ ਦਾ ਵੱਡਾ ਕਾਰਨ ਹਨ। ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਅਤੇ ਪੁੱਜੀਆਂ ਸਮੂਹ ਸ਼ਖਸ਼ੀਅਤਾਂ ਨੇ ਮਹਾਤਮਾ ਗਾਂਧੀ ਦੇ ਸਮਾਰਕ 'ਤੇ ਹਾਰ ਚੜ੍ਹਾਕੇ ਉਨ੍ਹਾਂ ਨੂੰ ਯਾਦ ਕੀਤਾ।