
ਅੰਮ੍ਰਿਤਸਰ, 5 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ 'ਤੇ ਪ੍ਰਤੀਕ੍ਰਮ ਜ਼ਾਹਰ ਕਰਦਿਆਂ ਸ਼੍ਰ੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਾਬਕਾ ਐਮ ਪੀ ਨੇ ਜਾਰੀ ਬਿਆਨ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇੰਦਰਪ੍ਰੀਤ ਸਿੰਘ ਦੀ ਮੌਤ ਤੋਂ ਬਾਅਦ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਇੰਦਰਪ੍ਰੀਤ ਸਿੰਘ ਵਲੋਂ ਲਿਖ਼ਤੀ ਖ਼ੁਦਕੁਸ਼ੀ ਬਰਾਮਦ ਕੀਤਾ ਗਿਆ ਨੂੰ ਜਨਤਕ ਕੀਤਾ ਜਾਵੇ।
ਸ. ਮਾਨ ਨੇ ਕਿਹਾ ਕਿ ਖ਼ੁਦਕੁਸ਼ੀ ਨੋਟ ਨੂੰ ਸਰਕਾਰ ਦੇ ਇਸ਼ਾਰਿਆਂ 'ਤੇ ਪੁਲਿਸ ਵਲੋਂ ਇਸ ਕਰ ਕੇ ਜਨਤਕ ਨਹੀਂ ਕੀਤਾ ਜਾ ਰਿਹਾ ਕਿਉਂਕਿ ਚਰਨਜੀਤ ਸਿੰਘ ਚੱਢਾ ਤੇ ਇੰਦਰਪ੍ਰੀਤ ਸਿੰਘ ਚੱਢਾ ਕਾਂਡ ਦੇ ਵਿਚ ਕਈ ਪੁਲਿਸ ਅਫਸਰਾਂ, ਪ੍ਰਭਾਵਸ਼ਾਲੀ ਵਿਅਕਤੀਆਂ ਤੇ ਰਾਜਨੀਤਕ ਨੇਤਾਵਾਂ ਦਾ ਨਾਮ ਸਾਹਮਣੇ ਆਉਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਰਾਜ ਵਿਚ ਪੁਲਿਸ ਤੇ ਸਿਵਲ ਪ੍ਰਸ਼ਾਸਨਿਕ ਅਧਿਕਾਰੀ ਮਨਮਰਜ਼ੀਆਂ ਦੇ ਆਲਮ ਵਿਚ ਸੂਬੇ ਦੀ ਸ਼ਾਂਤੀ ਤੇ ਖੁਸ਼ਹਾਲੀ ਨੂੰ ਲਾਂਬੂੰ ਲਾਉਣ 'ਤੇ ਤੁੱਲੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅ) ਮਨੁੱਖਤਾ ਤੇ ਕਾਇਦੇ ਕਾਨੂੰਨ ਦਾ ਘਾਣ ਨਹੀਂ ਹੋਣ ਦੇਵੇਗਾ ਤੇ ਇਸ ਵਿਰੁਧ ਆਵਾਜ਼ ਬੁਲੰਦ ਕਰੇਗਾ। ਉਨ੍ਹਾਂ ਪਾਰਟੀ ਦੀਆਂ ਸਮੂਹਿਕ ਇਕਾਈਆਂ ਦੇ ਸਰਕਦਾ ਅਹੁਦੇਦਾਰਾਂ, ਮੈਂਬਰਾਂ ਤੇ ਵਰਕਰਾਂ ਨੂੰ ਇਸ ਵਿਰੁਧ ਡੱਟਣ ਦੀ ਅਪੀਲ ਵੀ ਕੀਤੀ ਹੈ।