
ਅੰਮ੍ਰਿਤਸਰ, 10 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ/ਸੁਖਦੇਵ ਸਿੰਘ ਗਿੱਲ): ਪੰਜਾਬ ਸਰਕਾਰ ਨੇ ਸ. ਸ਼ਾਮ ਸਿੰਘ ਅਟਾਰੀਵਾਲਾ ਦੀ ਜੀਵਨੀ ਅਤੇ ਸ਼ਹੀਦੀ ਉੱਤੇ ਚਾਨਣਾ ਪਾਉਂਦਾ ਅਧਿਆਇ ਪੰਜਾਬ ਸਕੂਲ ਸਿਖਿਆ ਬੋਰਡ ਦੀਆਂ ਪਾਠ ਪੁਸਤਕਾਂ ਵਿਚ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਅਟਾਰੀ ਰੇਲਵੇ ਸਟੇਸ਼ਨ ਅਤੇ ਆਈ ਸੀ ਪੀ ਅਟਾਰੀ ਦਾ ਨਾਂ ਸ. ਸ਼ਾਮ ਸਿੰਘ ਅਟਾਰੀਵਾਲਾ ਦੇ ਨਾਂ ਉੱਤੇ ਰੱਖਣ ਲਈ ਕੇਂਦਰ ਸਰਕਾਰ ਕੋਲ ਪਹੁੰਚ ਕੀਤੀ ਗਈ ਹੈ। ਉਕਤ ਐਲਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਨਰਾਇਣਗੜ੍ਹ ਸਥਿਤ ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ ਦੇ 172ਵੇਂ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਗਏ ਰਾਜ ਪਧਰੀ ਸਮਾਗਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਇਸ ਮੌਕੇ ਸ਼ਹੀਦ ਦੇ ਆਦਮਕੱਦ ਬੁੱਤ ਉੱਤੇ ਫੁੱਲ ਮਾਲਾਵਾਂ ਭੇਟ ਕੀਤੀਆਂ।ਇਸ ਉਪਰੰਤ ਮੁੱਖ ਮੰਤਰੀ ਸ. ਸ਼ਾਮ ਸਿੰਘ ਅਟਾਰੀਵਾਲਾ ਦੀ ਅਟਾਰੀ ਸਥਿਤ ਸਮਾਧ ਉੱਤੇ ਰਖਾਏ ਅਖੰਡ ਪਾਠ ਦੇ ਭੋਗ ਵਿਚ ਸ਼ਾਮਲ ਹੋਏ ਅਤੇ ਉੱਥੇ ਭਾਰਤੀ ਫ਼ੌਜ ਵਲੋਂ ਦਿਤੇ ਗਏ ਵਿਜਯੰਤਾ ਟੈਂਕ ਨੂੰ ਸਥਾਪਤ ਕਰਨ ਦੀ ਘੁੰਡ ਚੁਕਾਈ ਵੀ ਕੀਤੀ। ਇਸ ਮੌਕੇ ਉਨ੍ਹਾਂ ਸ਼ਹੀਦ ਦੀ ਯਾਦ ਵਿਚ ਅਜਾਇਬ ਘਰ ਅਤੇ ਖੇਡ ਮੈਦਾਨ ਬਣਾਉਣ ਲਈ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਛੇਤੀ ਹੀ ਇਥੇ ਮਿਗ ਜਹਾਜ਼ ਸਥਾਪਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਦਸਿਆ ਕਿ ਪਜੰਾਬ ਸਕੂਲ ਸਿਖਿਆ ਬੋਰਡ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸ. ਅਟਾਰੀਵਾਲਾ ਜੀ ਦੀ ਜੀਵਨੀ ਉੱਤੇ ਵਿਸਥਾਰ ਵਿਚ ਚਾਨਣਾ ਪਾਉਂਦਾ ਇਕ ਲੇਖ ਅਪਣੀਆਂ ਪਾਠ ਪੁਸਤਕਾਂ ਵਿਚ ਸ਼ਾਮਲ ਕਰਨ ਜਿਸ ਤੋਂ ਬੱਚੇ ਦੇਸ਼ਭਗਤੀ ਦੀ ਪ੍ਰੇਰਨਾ ਲੈ ਸਕਣ। ਉਨ੍ਹਾਂ ਦਸਿਆ ਕਿ ਇਹ ਲੇਖ ਸ਼ਾਮਲ ਕਰਨ ਲਈ ਐਨ ਸੀ ਈ ਆਰ ਟੀ ਨੂੰ ਵੀ ਪੱਤਰ ਲਿਖਿਆ ਜਾਵੇ। ਉਨ੍ਹਾਂ ਦਸਿਆ ਕਿ ਰੱਖਿਆ ਮੰਤਰਾਲਾ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਹਰ ਸਾਲ ਅਟਾਰੀ ਵਿਚ ਪਛਮੀ ਕਮਾਂਡ ਦੇ ਸਾਬਕਾ ਫ਼ੌਜੀਆਂ ਦੀ ਰੈਲੀ ਕਰਵਾਇਆ ਕਰਨ। ਉਨ੍ਹਾਂ ਕਿਹਾ ਕਿ ਹਰ ਸਾਲ ਅਟਾਰੀ ਆਉਂਦੇ ਲੱਖਾਂ ਸੈਲਾਨੀਆਂ ਨੂੰ ਵੇਖਦੇ ਹੋਏ ਅਟਾਰੀ ਪਿੰਡ ਨੂੰ ਵਾਈ ਫ਼ਾਈ ਜ਼ੋਨ ਬਣਾਉਣ ਲਈ ਸੰਚਾਰ ਮੰਤਰਾਲਾ ਨੂੰ ਪੱਤਰ ਲਿਖਿਆ ਗਿਆ ਹੈ। ਉਨ੍ਹਾਂ ਇਸ ਮੌਕੇ ਅਟਾਰੀ ਸਥਿਤ ਸਰੋਵਰ ਵਿਚ ਹਰ ਸਾਲ ਖੇਡ ਮੇਲਾ ਕਰਾਉਣ ਦੀ ਹਦਾਇਤ ਵੀ ਖੇਡ ਵਿਭਾਗ ਨੂੰ ਕੀਤੀ। ਸ. ਸ਼ਾਮ ਸਿੰਘ ਅਟਾਰੀਵਾਲਾ ਯਾਦਗਾਰੀ ਟਰੱਸਟ ਵਲੋਂ
ਕੀਤੀ ਮੰਗ ਉੱਪਰ ਉਨ੍ਹਾਂ ਨੇ ਅਟਾਰੀ ਪਿੰਡ ਦੇ ਤਿੰਨ ਨੌਜਵਾਨਾਂ ਨੂੰ ਬਤੌਰ ਗਾਈਡ ਅਟਾਰੀ ਵਿਖੇ ਲਗਾਉਣ ਲਈ ਵੀ ਨਾਮ ਪੰਜਾਬ ਹੈਰੀਟੇਜ ਅਤੇ ਟੂਰਿਜ਼ਮ ਬੋਰਡ ਨੂੰ ਭੇਜਣ ਦੀ ਹਦਾਇਤ ਕੀਤੀ। ਮੁੱਖ ਮੰਤਰੀ ਨੇ ਇਸ ਮੌਕੇ ਸ: ਸ਼ਾਮ ਸਿੰਘ ਅਟਾਰੀਵਾਲਾ ਦੇਸ਼ ਅਤੇ ਕੌਮ ਲਈ ਕੀਤੀ ਗਈ ਮਹਾਨ ਕੁਰਬਾਨੀ ਨੂੰ ਯਾਦ ਕਰਦਿਆਂ ਸਲਾਮੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਥਾਨਕ ਸਰਕਾਰਾ ਮੰਤਰੀ ਨਵਜੋਤ ਸਿੰਘ ਸਿੱਧੂ, ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਪਤਵੰਤੇ ਹਾਜ਼ਰ ਸਨ।ਅੰਮ੍ਰਿਤਸਰ ਵਿਚ ਲਾਹੌਰ ਦੀ ਤਰਜ਼ 'ਤੇ ਫ਼ੂਡ ਸਟਰੀਟ ਬਣੇਗੀਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਲਾਹੌਰ ਦੀ ਤਰਜ਼ 'ਤੇ ਫ਼ੂਡ ਸਟਰੀਟ ਬਣੇਗੀ, ਜਿਥੇ ਇਥੋਂ ਦੇ ਸਵਾਦਿਸ਼ਟ ਭੋਜਨ ਦਾ ਆਨੰਦ ਵਿਸ਼ਵ ਭਰ ਤੋਂ ਆਉਂਦੇ ਸੈਲਾਨੀ ਲੈ ਸਕਣਗੇ। ਪੰਜਾਬ ਫ਼ੂਡ ਫ਼ੈਸਟੀਵਲ ਦਾ ਉਦਘਾਟਨ ਕਰਨ ਮੌਕੇ ਮੁੱਖ ਮੰਤਰੀ ਨੇ ਜਿਉਂ ਹੀ ਇਹ ਐਲਾਨ ਕੀਤਾ ਤਾਂ ਸਥਾਨਕ ਸਰਕਾਰਾਂ ਦੇ ਮੰਤਰੀ ਸ. ਨਵਜੋਤ ਸਿੰਘ ਨੇ ਭਰੋਸਾ ਦਿਤਾ ਕਿ ਅਗਲੇ 6 ਮਹੀਨਿਆਂ ਵਿਚ ਇਹ ਫ਼ੂਡ ਸਟਰੀਟ ਸ਼ਹਿਰ ਦੇ ਟਾਊਨ ਹਾਲ ਵਿਚ ਬਣਾ ਦਿਤੀ ਜਾਵੇਗੀ। ਅਟਾਰੀਵਾਲੇ ਦਾ ਸੂਬਾ ਪਧਰੀ ਸ਼ਹੀਦੀ ਸਮਾਗਮ ਸਿਰਫ਼ ਯਾਦਗਾਰ ਵਿਖੇ ਸੀ, ਪੰਜਾਬ ਸਰਕਾਰ ਵਲੋਂ ਸਪੱਸ਼ਟੀਕਰਨਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜਨਰਲ ਸ਼ਾਮ ਸਿੰਘ ਅਟਾਰੀਵਾਲਾ ਦਾ 172ਵਾਂ ਸ਼ਹੀਦੀ ਦਿਵਸ ਬਾਰੇ ਸੂਬਾ ਪਧਰੀ ਸਮਾਗਮ ਸ਼ਨੀਵਾਰ ਨੂੰ ਉਨ੍ਹਾਂ ਦੀ ਯਾਦਗਾਰ, ਇੰਡੀਆ ਗੇਟ, ਅਟਾਰੀ ਵਿਖੇ ਮਨਾਇਆ ਗਿਆ ਨਾਕਿ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਜਿਸ ਤਰ੍ਹਾਂ ਮੀਡੀਆ ਦੇ ਇਕ ਹਿੱਸੇ ਵਿਚ ਪ੍ਰਗਟਾਵਾ ਕੀਤਾ ਗਿਆ ਹੈ। ਕੁੱਝ ਵੈੱਬਸਾਇਟਾਂ ਵਲੋਂ ਮੁੱਖ ਮੰਤਰੀ ਦੁਆਰਾ ਸ਼ਹੀਦ ਦੇ ਪਿੰਡ ਵਿਚ ਰਾਜ ਪਧਰੀ ਸਮਾਰੋਹ ਨੂੰ ਸੰਬੋਧਨ ਨਾ ਕਰਨ ਬਾਰੇ ਦਿਤੀਆਂ ਗਈਆਂ ਰਿਪੋਰਟਾਂ 'ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਸਰਕਾਰ ਦੇ ਇਕ ਬੁਲਾਰੇ ਨੇ ਦਸਿਆ ਕਿ ਅਟਾਰੀ ਪਿੰਡ ਵਿਖੇ ਕੋਈ ਵੀ ਸੂਬਾ ਪਧਰੀ ਪ੍ਰੋਗਰਾਮ ਨਹੀਂ ਸੀ, ਅਸਲ ਵਿਚ ਮੁੱਖ ਮੰਤਰੀ ਨੇ ਇੰਡੀਆ ਗੇਟ ਵਿਖੇ ਸਮਾਰੋਹ ਵਿਚ ਸ਼ਾਮਲ ਹੋਣ ਤੋਂ ਬਾਅਦ ਅਟਾਰੀ ਪਿੰਡ ਜਾ ਕੇ ਸਿਰਫ਼ ਜਨਰਲ ਅਟਾਰੀਵਾਲਾ ਦੀ ਸਮਾਧ 'ਤੇ ਸਤਿਕਾਰ ਭੇਟ ਕਰਨ ਦਾ ਫ਼ੈਸਲਾ ਕੀਤਾ ਸੀ। ਬੁਲਾਰੇ ਨੇ ਸਪੱਸ਼ਟ ਕੀਤਾ ਕਿ ਇਸ ਮੌਕੇ ਸਿਰਫ਼ ਇਕ ਹੀ ਸੂਬਾ ਪਧਰੀ ਸਮਾਗਮ ਸੀ ਜਿਸ ਵਿਚ ਮੁੱਖ ਮੰਤਰੀ ਨਿਰਧਾਰਤ ਪ੍ਰੋਗਰਾਮ ਅਨੁਸਾਰ ਸ਼ਾਮਲ ਹੋਏ। ਇਸ ਸਮਾਰੋਹ ਬਾਰੇ ਸੂਬਾ ਸਰਕਾਰ ਨੇ ਅੱਜ ਸਵੇਰੇ ਵੱਖ-ਵੱਖ ਅਖ਼ਬਾਰਾਂ ਵਿਚ ਇਸ਼ਤਿਹਾਰ ਦੇ ਕੇ ਵੀ ਇਸ ਦਾ ਸਪੱਸ਼ਟ ਪ੍ਰਗਟਾਵਾ ਕੀਤਾ ਸੀ।