
ਮਾਨਸਾ, 3 ਸਤੰਬਰ (ਸੁਖਜਿੰਦਰ
ਸਿੱਧੂ) : ਜੰਮੂ-ਕਸ਼ਮੀਰ ਦੇ ਪੁੰਛ ਵਿਚ ਪਾਕਿਸਤਾਨੀ ਫੌਜੀਆਂ ਵੱਲੋਂ ਕੀਤੀ ਗਈ ਗੋਲੀਬਾਰੀ
'ਚ ਸ਼ਹੀਦ ਹੋਏ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੇ ਸ਼ਹੀਦ ਕਮਲਜੀਤ ਸਿੰਘ ਦਾ ਅੱਜ
ਉਨ੍ਹਾਂ ਦੇ ਪਿੰਡ ਨੰਗਲ ਕਲਾਂ ਵਿਖੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ।
ਸ਼ਹੀਦ
ਕਮਲਜੀਤ ਸਿੰਘ ਦੇ ਸਸਕਾਰ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਧਰਮ ਪਾਲ ਗੁਪਤਾ ਨੇ ਸ਼ਹੀਦ
ਨੂੰ ਜਿੱਥੇ ਆਪਣੀ ਸ਼ਰਧਾਂਜਲੀ ਭੇਂਟ ਕੀਤੀ, ਉਥੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ
ਮਿਲ ਕੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਨੌਜਵਾਨਾਂ
'ਤੇ ਮਾਣ ਹੈ, ਜੋ ਖੁਦ ਦੇਸ਼ ਨੂੰ ਆਪਣੀ ਕੁਰਬਾਨੀ ਦੇ ਕੇ ਦੇਸ਼ ਵਾਸੀਆਂ ਨੂੰ ਆਜ਼ਾਦ ਮਾਹੌਲ
ਵਿੱਚ ਸਾਹ ਲੈਣ ਦਾ ਮੌਕਾ ਦਿੰਦੇ ਹਨ।
ਪਿੰਡ ਵਾਸੀਆਂ ਅਨੁਸਾਰ ਉਨ੍ਹਾਂ ਦੀ ਸ਼ਹੀਦੀ
ਦੀ ਖ਼ਬਰ ਆਉਣ ਤੋਂ ਬਾਅਦ ਜਿੱਥੇ ਪਿੰਡ ਵਿੱਚ ਸੋਗਮਈ ਮਾਹੌਲ ਹੈ , ਉਥੇ ਹੀ ਪਿੰਡ ਦੇ ਲੋਕ
ਉਨ੍ਹਾਂ ਦੀ ਸ਼ਹੀਦੀ 'ਤੇ ਮਾਣ ਮਹਿਸੂਸ ਕਰ ਰਹੇ ਹਨ। ਸ਼ਹੀਦ ਦੇ ਪਿਤਾ ਸ਼੍ਰੀ ਰੂਪ ਚੰਦ ਜੀ
ਨੇ ਕਿਹਾ ਕਿ ਸ਼ਹੀਦ ਕਮਲਜੀਤ ਸਿੰਘ ਵਿੱਚ ਦੇਸ਼-ਭਗਤੀ ਦਾ ਬਹੁਤ ਜਜ਼ਬਾ ਸੀ ਅਤੇ ਉਨ੍ਹਾਂ ਨੇ
ਆਪਣਾ ਜੀਵਨ ਦੇਸ਼ ਦੀ ਸੇਵਾ ਨੂੰ ਹੀ ਸਮਰਪਿਤ ਕੀਤਾ ਹੋਇਆ ਸੀ।
ਦੱਸਣਯੋਗ ਹੈ ਕਿ ਸ਼ਹੀਦ
ਕਮਲਜੀਤ ਸਿੰਘ ਬੀ.ਐਸ.ਐਫ. ਵਿਚ ਸਬ-ਇੰਸਪੈਕਟਰ ਦੇ ਤੌਰ 'ਤੇ ਤਾਇਨਾਤ ਸਨ ਅਤੇ
ਪਾਕਿਸਤਾਨੀ ਫੌਜ ਵੱਲੋਂ ਕੀਤੀ ਗਈ ਫਾਇਰਿੰਗ ਦਰਮਿਆਨ ਸ਼ਹੀਦ ਹੋਏ ਹਨ। ਇਸ ਮੌਕੇ ਡਿਪਟੀ
ਕਮਿਸ਼ਨਰ ਮਾਨਸਾ ਸ਼੍ਰੀ ਧਰਮ ਪਾਲ ਗੁਪਤਾ, ਐਸ.ਪੀ. (ਐਚ) ਸ਼੍ਰੀ ਰਾਕੇਸ਼ ਕੁਮਾਰ, ਐਸ.ਡੀ.ਐਮ.
ਮਾਨਸਾ ਸ਼੍ਰੀ ਲਤੀਫ਼ ਅਹਿਮਦ, ਤਹਿਸੀਲਦਾਰ ਮਾਨਸਾ ਸ਼੍ਰੀ ਅਮਰਜੀਤ ਸਿੰਘ, ਡਿਪਟੀ ਕਮਾਂਡੈਂਟ
200 ਬਟਾਲੀਅਨ ਰਾਜੌਰੀ ਸ਼੍ਰੀ ਅਜੇ ਕਪਿਲਾ, ਕਮਾਂਡੈਂਟ ਸ਼੍ਰੀ ਅਜੇ ਸ਼ਰਮਾ, ਡਿਫੈਂਸ
ਵੈਲਫੇਅਰ ਬਠਿੰਡਾ ਕਰਨਲ ਸ਼੍ਰੀ ਐਸ.ਐਸ.ਮਾਨ, ਵਿਧਾਇਕ ਮਾਨਸਾ ਸ਼੍ਰੀ ਨਾਜਰ ਸਿੰਘ
ਮਾਨਸਾਹੀਆ, ਵਿਧਾਇਕ ਸਰਦੂਲਗੜ੍ਹ ਸ਼੍ਰੀ ਦਿਲਰਾਜ ਸਿੰਘ ਭੂੰਦੜ, ਸਾਬਕਾ ਵਿਧਾਇਕ ਸ਼੍ਰੀ
ਅਜੀਤ ਇੰਦਰ ਸਿੰਘ ਮੋਫਰ, ਐਡਵੋਕੇਟ ਸ਼੍ਰੀ ਗੁਰਪ੍ਰੀਤ ਸਿੰਘ ਵਿੱਕੀ ਤੋਂ ਇਲਾਵਾ ਹੋਰ
ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕ ਮੌਜੂਦ ਸਨ।