
ਅੰਮ੍ਰਿਤਸਰ, 12 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ) : ਅੱਜ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੰਮ੍ਰਿਤਸਰ ਪੁੱਜ ਰਹੇ ਹਨ, ਜਿਥੇ ਉਹ ਜਲਿਆਂ ਵਾਲੇ ਬਾਗ਼ ਵਿਖੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦਾ ਬੁੱਤ ਸਥਾਪਤ ਕਰਨਗੇ ਜਿਸ ਨੇ ਜਨਰਲ ਡਾਇਰ ਨੂੰ ਗੋਲੀਆਂ ਨਾਲ ਭੁੰਨ ਕੇ ਜਲਿਆਂ ਵਾਲੇ ਬਾਗ਼ ਦੇ ਸ਼ਹੀਦਾਂ ਦਾ ਬਦਲਾ ਲਿਆ ਸੀ। ਅੱਜ 78 ਸਾਲਾਂ ਬਾਅਦ ਸ਼ਹੀਦ ਊਧਮ ਸਿੰਘ ਦਾ ਬੁੱਤ ਸਥਾਪਤ ਕਰਨ ਲਈ ਬੜਾ ਅਹਿਮ ਸਮਾਗਮ ਹੋ ਰਿਹਾ ਹੈ ਜਿਸ ਵਿਚ ਸਾਰੀਆਂ ਪਾਰਟੀਆਂ ਦੇ ਆਗੂ ਸ਼ਮੂਲੀਅਤ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੀ ਪਹੁੰਚਣ ਦੀ ਸੰਭਾਵਨਾ ਹੈ।ਅੰਤਰਰਰਾਸ਼ਟਰੀ ਸਰਵ ਕੰਬੋਜ ਸਮਾਜ ਦੇ ਬਾਨੀ ਦੌਲਤ ਰਾਮ ਦੀ ਮੰਗ ਹੈ ਕਿ ਉਤਰੀ ਭਾਰਤ ਵਿਚ ਕਰੀਬ ਤਿੰਨ ਕਰੋੜ ਕੰਬੋਜ ਬਰਾਦਰੀ ਰਹਿ ਰਹੀ ਹੈ, ਜਿਨ੍ਹਾਂ ਦੀਆਂ ਪੰਜ ਮੁੱਖ ਮੰਗਾਂ ਹਨ ਕਿ ਗੁਰੂ ਨਾਨਕ ਦੇਵ ਯੂਨੀਵਰਸਟੀ 'ਚ ਸ਼ਹੀਦ ਊਧਮ ਸਿੰਘ ਚੇਅਰ ਸਥਾਪਤ ਕੀਤੀ ਜਾਵੇ, ਦਿੱਲੀ 'ਚ ਸੜਕ ਦਾ ਨਾਂਅ ਰਖਿਆ ਜਾਵੇ, ਸੰਸਦ 'ਚ ਉਨ੍ਹਾਂ ਦਾ ਬੁੱਤ ਲਾਇਆ ਜਾਵੇ, ਲੰਡਨ ਤੋਂ ਸਾਰਾ ਸਮਾਨ ਅੰਮ੍ਰਿਤਸਰ ਲਿਆਂਦਾ ਜਾਵੇ ਤੇ ਅਜਾਇਬ ਘਰ ਬਣਾਇਆ ਜਾਵੇ। ਇਹ ਵੀ ਅਹਿਮ ਮੰਗ ਕੀਤੀ ਜਾ ਰਹੀ ਹੈ ਕਿ ਜਲਿਆਂ ਵਾਲੇ ਬਾਗ਼ ਦੇ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਦਿਤਾ ਜਾਵੇ। ਅੱਜ ਸਥਾਪਤ ਕੀਤਾ ਜਾ ਰਿਹਾ ਸ਼ਹੀਦ ਊਧਮ ਸਿੰਘ ਦੇ 11 ਫੁੱਟ ਬੁੱਤ ਤੇ 9 ਲੱਖ ਰੁਪਏ ਅੰਤਰਰਾਸ਼ਟਰੀ ਸਰਵ ਕੰਬੋਜ ਸਭਾ ਨੇ ਖ਼ਰਚੇ ਹਨ ਤੇ ਇਹ ਮੋਹਾਲੀ ਵਿਖੇ ਬਣਾਇਆ ਗਿਆ ਹੈ। ਜਲਿਆਂ ਵਾਲਾ ਬਾਗ ਵਿਖੇ ਸ਼ਹੀਦ ਊਧਮ ਸਿੰਘ ਦੇ ਬੁੱਤ ਨੂੰ 10 ਫੁੱਟ ਜਗ੍ਹਾ ਮਿਲੀ ਹੈ।ਕੰਬੋਜ ਸਮਾਜ ਦੇ ਆਗੂ ਹਰਮੀਤ ਸਿੰਘ ਕੰਬੋਜ, ਮਲਕੀਅਤ ਸਿੰਘ ਵੱਲਾ, ਸ਼ਿੰਦਰਪਾਲ ਸਿੰਘ, ਜੋਗਿੰਦਰਪਾਲ ਸਿੰਘ, ਪ੍ਰੋ. ਪਰਮਜੀਤ ਸਿੰਘ, ਅਮਰਜੀਤ ਸਿੰਘ ਆਦਿ ਨੇ ਸੱਭ ਨੂੰ ਜਲਿਆਂ ਵਾਲੇ ਬਾਗ਼ ਪੁੱਜਣ ਦਾ ਸੱਦਾ ਦਿੱਤਾ, ਜਿਥੇ ਮਹਾਨ ਸ਼ਹੀਦ ਊਧਮ ਸਿੰਘ ਦਾ ਬੁੱਤ ਅੱਜ ਲੱਗ ਰਿਹਾ ਹੈ।