
ਜਲੰਧਰ/ਭੋਗਪੁਰ, 13 ਮਾਰਚ (ਸੁਦੇਸ਼, ਕੁਲਵੀਰ ਸਿੰਘ ਕਾਹਲੋਂ): ਜਲੰਧਰ ਪਠਾਨਕੋਰਟ ਕੌਮੀ ਮਾਰਗ 'ਤੇ ਭੋਗਪੁਰ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਹਨ। ਹਾਦਸੇ ਦਾ ਸ਼ਿਕਾਰ ਹੋਏ ਲੋਕ ਜਲੰਧਰ ਵੈਸਟ ਦੇ ਵਿਧਾਇਕ ਸੁਸ਼ੀਲ ਰਿੰਕੂ ਦੇ ਕਰੀਬੀ ਰਿਸ਼ਤੇਦਾਰ ਦੱਸੇ ਗਏ ਹਨ। ਇਹ ਹਾਦਸਾ ਅੱਜ ਸਵੇਰੇ ਸਾਢੇ 8-45 ਵਜੇ ਪਿੰਡ ਪਚਰੰਗਾਂ ਨੇੜੇ ਜੀ.ਟੀ ਰੋਡ 'ਤੇ ਵਾਪਰਿਆ। ਜਾਣਕਾਰੀ ਮੁਤਾਬਕ ਆਈ ਟਵੰਟੀ ਕਾਰ ਵਿਚ 4 ਲੋਕ ਸਵਾਰ ਸਨ ਜੋ ਕਿ ਪਠਾਨਕੋਟ ਕਿਸੇ ਸਮਾਰੋਹ ਵਿਚ ਸ਼ਾਮਲ ਹੋਣ ਮਗਰੋਂ ਅੱਜ ਸਵੇਰੇ ਵਾਪਸ ਜਲੰਧਰ ਆ ਰਹੇ ਸਨ ਕਿ ਪਚਰੰਗੇ ਕੋਲ ਅਚਾਨਕ ਉਨ੍ਹਾਂ ਦੀ ਗੱਡੀ ਡਿਵਾਇਡਰ ਨਾਲ ਜਾ ਟਕਰਾਈ ਅਤੇ ਗੱਡੀ ਬੇਕਾਬੂ ਹੋ ਕੇ ਪੁਲ ਦੇ ਥੱਲੇ ਜਾ ਡਿੱਗੀ ਜਿਸ ਕਾਰਨ ਗੱਡੀ ਦੇ ਪਰਖਚੇ ਉਡ ਗਏ ਤੇ ਆਲੇ ਦੁਆਲੇ ਦੇ ਲੋਕਾਂ ਨੇ ਇੱਕਠੇ ਹੋ ਕੇ ਮੁਸ਼ਕਲ ਨਾਲ ਚਾਰ ਕਾਰ ਸਵਾਰਾਂ ਨੂੰ ਗੱਡੀ ਵਿਚੋਂ ਬਾਹਰ ਕਢਿਆ, ਉਦਂੋ ਦਕ ਦੋ ਵਿਅਕਤੀਆਂ ਦੀ ਮੌਤ ਹੋ ਚੁਕੀ ਸੀ,
ਜਦ ਕਿ ਦੋ ਜ਼ਖ਼ਮੀ ਵਿਅਕਤੀਆਂ ਨੂੰ ਨਿਜੀ ਹਸਪਤਾਲ ਵਿਚ ਪਹੁੰਚਾਇਆ ਗਿਆ। ਪਚਰੰਗਾ ਚੌਕੀ ਇੰਚਾਰਜ ਸੁਖਵਿੰਦਰ ਪਾਲ ਸਿੰਘ ਨੇ ਦਸਿਆ ਦੀ ਹਾਦਸੇ ਦਾ ਸ਼ਿਕਾਰ ਲੋਕ ਜਲੰਧਰ ਦੇ ਵਿਧਾਇਕ ਦੇ ਕਰੀਬੀ ਰਿਸ਼ਤੇਦਾਰ ਹਨ। ਜਿਨ੍ਹਾਂ ਵਿਚੋਂ ਦੋ ਲੋਕ ਸੁਰਜੀਤ ਕੁਮਾਰ ਅਤੇ ਤੇਜਿੰਦਰ ਸਿੰਘ ਦੀ ਮੌਤ ਹੋ ਗਈ । ਜਦਕਿ ਹਾਦਸੇ ਵਿਚ ਦੋ ਲੋਕ ਗੁਰਦੇਵ ਸਿੰਘ ਅਤੇ ਪ੍ਰੇਮ ਨਾਥ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਜਲੰਧਰ ਦੇ ਨਿਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਦਸਿਆ ਗਿਆ ਹੈ ਕਿ ਹਾਦਸੇ ਵਿਚ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਹ ਕੁੱਝ ਵੀ ਦਸਣ ਵਿਚ ਅਸਮਰਥ ਹਨ।