
ਆਮਦਨੀ ਤੇ ਖ਼ਰਚੇ ਦਾ ਪਾੜਾ 5000 ਕਰੋੜ ਰਹਿ ਗਿਆ
ਚੰਡੀਗੜ੍ਹ, 4 ਅਕਤੂਬਰ (ਜੀ.ਸੀ. ਭਾਰਦਵਾਜ): ਪੰਜਾਬ ਸਰਕਾਰ ਦੇ 3,50,000 ਤੋਂ ਵੱਧ ਹਰ ਵਰਗ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਦੀਆਂ ਤਨਖ਼ਾਹਾਂ ਜਾਰੀ ਕਰਨ ਦਾ ਦਾਅਵਾ ਕਰਦੇ ਹੋਏ ਵਿੱਤ ਸਕੱਤਰ ਅਨਿਰੁਧ ਤਿਵਾਰੀ ਨੇ ਕਿਹਾ ਕਿ ਇਸ ਵਾਰ ਇੰਨਾ ਜ਼ਿਆਦਾ ਸੰਕਟ ਪੈਦਾ ਨਹੀਂ ਹੋਇਆ। ਅੱਜ ਇਥੇ ਸਿਵਲ ਸਕੱਤਰੇਤ ਵਿਚ 'ਰੋਜ਼ਾਨਾ ਸਪੋਕਸਮੈਨ' ਨਾਲ ਗੱਲਬਾਤ ਕਰਦੇ ਹੋਏ ਵਿੱਤ ਸਕੱਤਰ ਨੇ ਸਪੱਸ਼ਟ ਕੀਤਾ ਕਿ ਪਿਛਲੇ ਮਹੀਨੇ ਅਗੱਸਤ ਦੀ ਤਨਖ਼ਾਹ ਦੇਣ ਵਿਚ ਇਸ ਕਰ ਕੇ ਦੇਰੀ ਹੋ ਗਈ ਸੀ ਕਿ ਰਿਜ਼ਰਵ ਬੈਂਕ ਦੀ ਹਦਾਇਤ ਮੁਤਾਬਕ ਬਹੁਤ ਜ਼ਿਆਦਾ ਓਵਰਡਰਾਫ਼ਟ ਨਹੀਂ ਕੀਤਾ ਜਾ ਸਕਿਆ ਅਤੇ ਕੇਂਦਰ ਤੋਂ ਮਿਲਣ ਵਾਲੀ ਜੀਐਸਟੀ ਸਬੰਧੀ ਰਾਹਤ ਵਿਚ ਭੰਬਲਭੂਸਾ ਪੈ ਗਿਆ ਸੀ ਜੋ ਕੁੱਝ ਹਦ ਤਕ ਇਸ ਵਾਰ ਸਾਫ਼ ਹੋ ਗਿਆ ਸੀ।
ਇਕ ਅੰਦਾਜ਼ੇ ਮੁਤਾਬਕ, ਹਰ ਮਹੀਨੇ ਸਰਕਾਰੀ ਕਰਮਚਾਰੀਆਂ ਨੂੰ ਤਨਖ਼ਾਹ ਦੇਣ ਲਈ 1800 ਤੋਂ 2000 ਕਰੋੜ ਦੀ ਰਕਮ ਦਾ ਪ੍ਰਬੰਧ ਕਰਨਾ ਪੈਂਦਾ ਹੈ। ਇਹ ਪੁੱਛੇ ਜਾਣ 'ਤੇ ਕਿ ਪਿਛਲੇ ਬਜਟ ਪ੍ਰਸਤਾਵਾਂ ਵਿਚ ਆਮਦਨੀ ਤੇ ਖ਼ਰਚਿਆਂ ਵਿਚ 10 ਹਜ਼ਾਰ ਕਰੋੜ ਦਾ ਖੱਪਾ ਵਿਖਾਇਆ ਗਿਆ ਸੀ, ਹੁਣ ਕੀ ਹਾਲਤ ਹੈ? ਦੇ ਜਵਾਬ ਵਿਚ ਉਨ੍ਹਾਂ ਦਸਿਆ ਕਿ ਮੌਜੂਦਾ ਸਰਕਾਰ ਨੇ ਇਹ ਪਾੜਾ ਪੰਜ ਹਜ਼ਾਰ ਕਰੋੜ 'ਤੇ ਲੈ ਆਂਦਾ ਹੈ ਜੋ ਇਕ ਵੱਡੀ ਪ੍ਰਾਪਤੀ ਹੈ। ਇਸ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਆਮਦਨੀ ਦੇ ਵਾਧੂ ਸਰੋਤ ਪੈਦਾ ਕੀਤੇ ਜਾ ਰਹੇ ਹਨ ਅਤੇ ਸਰਕਾਰੀ ਖ਼ਰਚੇ ਘਟਾਏ ਜਾ ਰਹੇ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਆਉਂਦੇ ਤਿੰਨ ਸਾਲਾਂ ਵਿਚ ਵਿੱਤੀ ਸੰਕਟ 'ਤੇ ਕਾਬੂ ਪਾ ਲਿਆ ਜਾਵੇਗਾ ਅਤੇ ਵਿੱਤੀ ਤੇ ਮਾਲੀਆ ਘਾਟਾ ਲਗਭਗ ਬਰਾਬਰੀ 'ਤੇ ਲਿਆ ਦਿਤਾ ਜਾਵੇਗਾ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਟੀਮ ਵਲੋਂ ਦੋ ਮਹੀਨਿਆਂ ਤੋਂ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ, ਵਿੱਤ ਮੰਤਰੀ ਤੇ ਹੋਰ ਮੰਤਰੀਆਂ ਨਾਲ ਕੀਤੀਆਂ ਜਾ ਰਹੀਆਂ ਮੁਲਾਕਾਤਾਂ ਬਾਰੇ ਅਨਿਰੁਧ ਤਿਵਾਰੀ ਨੇ ਦਸਿਆ ਕਿ ਇਸ ਵੇਲੇ ਪੰਜਾਬ ਸਰਕਾਰ ਨੇ ਕਰਜ਼ਾ ਲੈਣ ਦੀ ਹਦ ਪੂਰੀ ਕਰ ਲਈ ਹੈ ਜੋ ਜੀਡੀਪੀ ਦਾ 3.5 ਫ਼ੀ ਸਦੀ ਹੁੰਦਾ ਹੈ। ਇਸ ਹਦ ਨੂੰ 4.5 ਫ਼ੀ ਤਕ ਲਿਜਾਣ ਲਈ ਜੇ ਪੰਜਾਬ ਦੀ ਵਿਸ਼ੇਸ਼ ਬੇਨਤੀ ਮੰਨ ਲਈ ਜਾਂਦੀ ਹੈ ਤਾਂ 10 ਹਜ਼ਾਰ ਕਰੋੜ ਦਾ ਹੋਰ ਕਰਜ਼ਾ ਮਿਲ ਸਕਦਾ ਹੈ ਜਿਸ ਨਾਲ ਕਾਫ਼ੀ ਸੌਖ ਹੋ ਜਾਵੇਗੀ। ਇਸ ਵੇਲੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ 10 ਲੱਖ ਛੋਟੇ ਕਿਸਾਨਾਂ ਦਾ ਪ੍ਰਤੀ ਪਰਵਾਰ ਦੋ ਲੱਖ ਰੁਪਏ ਦੀ ਕਰਜ਼ਾ ਮੁਆਫ਼ੀ ਦੀ ਚਿੰਤਾ ਹੈ ਜੋ 9500 ਕਰੋੜ ਤਕ ਹੋ ਸਕਦੀ ਹੈ। ਇਸ ਦੇ ਨਾਲ-ਨਾਲ ਸ਼ਗਨ ਸਕੀਮ ਤਹਿਤ 15 ਹਜ਼ਾਰ ਤੋਂ ਵਧਾ ਕੇ 21000 ਕਰਨ, ਪੈਨਸ਼ਨ ਮਾਸਕ 500 ਤੋਂ ਵਧਾ ਕੇ 750 ਰੁਪਏ ਮਹੀਨਾ ਕਰਨ ਅਤੇ ਹੋਰ ਵਾਅਦੇ ਨਿਭਾਉਣਾ ਵੀ ਸ਼ਾਮਲ ਹੈ।