
ਚੰਡੀਗੜ੍ਹ,
29 ਅਗੱਸਤ (ਜੈ ਸਿੰਘ ਛਿੱਬਰ) : ਸਾਬਕਾ ਕਾਂਗਰਸੀ ਵਿਧਾਇਕ ਅਤੇ ਡੇਰਾ ਸਿਰਸਾ ਦੇ ਮੁਖੀ
ਗੁਰਮੀਤ ਰਾਮ ਰਹੀਮ ਦੇ ਕੁੜਮ ਹਰਮਿੰਦਰ ਜੱਸੀ ਦੇ ਭਣੇਵੇਂ ਭੁਪਿੰਦਰ ਸਿੰਘ ਗੋਰਾ ਨੇ
ਪ੍ਰਗਟਾਵਾ ਕੀਤਾ ਹੈ ਕਿ ਸੌਦਾ ਸਾਧ ਨੇ 2009 ਤੋਂ ਬਾਅਦ ਪਰਵਾਰ ਨੂੰ ਛੱਡ ਕੇ ਮੂੰਹ ਬੋਲੀ
ਬੇਟੀ ਹਨੀਪ੍ਰੀਤ ਨੂੰ ਵਧੇਰੇ ਸਮਾਂ ਦੇਣਾ ਸ਼ੁਰੂ ਕਰ ਦਿਤਾ ਸੀ ਜਿਸ ਕਰ ਕੇ ਪਰਵਾਰਕ
ਮੈਂਬਰ ਅਸਹਿਜ ਮਹਿਸੂਸ ਕਰ ਰਹੇ ਸਨ, ਪਰ ਲੋਕਲਾਜ ਕਾਰਨ ਬੋਲਣ ਨੂੰ ਤਿਆਰ ਨਹੀਂ ਸਨ।
ਅੱਜ
ਪ੍ਰੈਸ ਕਲੱਬ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਡੇਰਾ ਸਿਰਸਾ 'ਚ
ਵੱਡੀ ਸੰਖਿਆਂ 'ਚ ਹਥਿਆਰ ਹੋ ਸਕਦੇ ਹਨ ਕਿਉਂਕਿ ਡੇਰਾ ਮੁਖੀ ਨੇ ਗ੍ਰੀਨ ਸੈਨਾ ਬਣਾ ਰੱਖੀ
ਸੀ। ਭੁਪਿੰਦਰ ਸਿੰਘ ਨੇ ਕਿਹਾ ਕਿ ਹਰਮਿੰਦਰ ਜੱਸੀ ਦੀ ਬੇਟੀ ਡੇਰਾ ਮੁਖੀ ਦੇ ਬੇਟੇ ਨਾਲ
ਵਿਆਹੇ ਜਾਣ ਕਾਰਨ ਉਹ ਅਪਣੀ ਭੈਣ ਨੂੰ ਮਿਲਣ ਜਾਂਦੇ ਰਹੇ ਹਨ ਅਤੇ ਉਸ ਨੇ ਖ਼ੁਦ ਵੀ ਡੇਰੇ
ਦਾ ਨਾਮ ਲੈ ਰਖਿਆ ਸੀ। ਸ਼ਾਹੀ ਪਰਵਾਰ ਦਾ ਮੈਂਬਰ ਹੋਣ ਦੇ ਨਾਤੇ ਉਹ ਗੁਪਤ ਗੁਫ਼ਾ ਤਕ ਜਾਂਦਾ
ਰਿਹਾ ਹੈ। ਡੇਰੇ ਦਾ ਭੇਦ ਖੋਲ੍ਹਦਿਆਂ ਉਨ੍ਹਾਂ ਦਸਿਆਂ ਕਿ ਬੇਸਮੈਂਟ 'ਚ ਬਣਾਈ ਹੋਈ ਗੁਫ਼ਾ
'ਚ ਕੇਵਲ ਸਾਧਵੀਆਂ ਤੇ ਕੁੱਝ ਹੋਰ ਨਜ਼ਦੀਕੀਆਂ ਨੂੰ ਜਾਣ ਦੀ ਹੀ ਆਗਿਆ ਸੀ। ਉਨ੍ਹਾਂ ਕਿਹਾ
ਕਿ ਜੋ ਕੁੱਝ ਬਾਹਰੋਂ ਦਿਖਦਾ ਹੈ ਉਹ ਅੰਦਰ ਨਹੀਂ ਹੈ, ਬਾਬਾ ਤਾਂ ਐਸ਼ੋ ਅਰਾਮ ਦੀ ਜ਼ਿੰਦਗੀ
ਬਤੀਤ ਕਰਦਾ ਰਿਹਾ ਹੈ।
ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਹਨੀਪ੍ਰੀਤ ਦੇ ਪਤੀ ਤੇ
ਸਹੁਰਾ ਪਰਵਾਰ ਨੇ ਖ਼ੁਦ ਡੇਰਾ ਮੁਖੀ 'ਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਾਏ ਸਨ ਅਤੇ ਉਹ
ਬਾਬੇ ਦੇ ਪੈਰੋਕਾਰਾਂ ਦੇ ਡਰ ਕਾਰਨ ਮੁਕਰ ਗਏ ਸਨ। ਉਨ੍ਹਾਂ ਕਿਹਾ ਕਿ ਸੌਦਾ ਸਾਧ ਵਲੋਂ
ਗ਼ਰੀਬ ਲੋਕਾਂ, ਪ੍ਰੇੇਮੀਆਂ ਕੋਲੋਂ ਅਪਣੀ ਜ਼ਮੀਨ 'ਚ ਸੇਵਾ ਦੇ ਨਾਮ 'ਤੇ ਮੁਫ਼ਤ ਕੰਮ ਕਰਵਾਇਆ
ਜਾਂਦਾ ਸੀ ਤੇ ਡੇਰੇ ਆਉਣ ਵਾਲਿਆਂ ਨੂੰ ਡੇਰੇ ਵਿਚ ਸਥਿਤ ਦੁਕਾਨਾਂ, ਗੁਦਾਮਾਂ ਤੋਂ ਸਮਾਨ
ਲੈਣ ਲਈ ਮਜਬੂਰ ਕੀਤਾ ਜਾਂਦਾ ਸੀ ਤਾਂ ਜੋ ਡੇਰੇ ਦੀ ਆਮਦਨ ਵਿਚ ਵਾਧਾ ਹੋ ਜਾਵੇ। ਉਨ੍ਹਾਂ
ਕਿਹਾ ਕਿ 2009 ਵਿਚ ਡੇਰਾ ਮੁਖੀ ਨੇ ਇਕ ਵੱਡੇ ਪ੍ਰੋਗਰਾਮ ਦੌਰਾਨ ਹਨੀਪ੍ਰੀਤ ਨੂੰ ਅਪਣੀ
ਮੂੰਹ ਬੋਲੀ ਬੇਟੀ ਐਲਾਨਿਆ ਸੀ, ਪਰ ਉਸ ਬਾਰੇ ਡੇਰਾ ਪ੍ਰੇਮੀਆਂ ਵਲੋਂ ਤਰ੍ਹਾਂ ਤਰ੍ਹਾਂ
ਦੀਆਂ ਗੱਲਾਂ ਕੀਤੀਆਂ ਜਾਂਦੀਆਂ
ਹਨ, ਪਰ ਡਰਦਾ ਕੋਈ ਖੁਲ ਕੇ ਬੋਲਣ ਨੂੰ ਤਿਆਰ ਨਹੀਂ
ਸੀ। ਉਨ੍ਹਾਂ ਕਿਹਾ ਕਿ ਹਨੀਪ੍ਰੀਤ ਹੀ ਡੇਰੇ ਦੇ ਸਮੁੱਚਾ ਕਾਰਜਭਾਰ ਸੰਭਾਲ ਰਹੀ ਹੈ ਤੇ
ਬਾਬੇ ਦਾ ਬੇਟਾ ਤੇ ਕੁੜੀਆਂ ਇਸ ਗੱਲੋਂ ਖ਼ਫ਼ਾ ਵੀ ਹਨ। ਪਰ ਉਹ ਲੋਕਰਾਜ ਕਾਰਨ ਬੋਲ ਨਹੀਂ
ਰਹੇ।
ਭੁਪਿੰਦਰ ਸਿੰਘ ਨੇ 2011 ਤੋਂ ਬਾਅਦ ਉਸ ਨੇ ਡੇਰੇ ਜਾਣਾ ਛੱਡ ਦਿਤਾ ਸੀ ਅਤੇ
ਡੇਰੇ ਦੇ ਪ੍ਰਬੰਧਾਂ ਵਿਰੁਧ ਉਂਗਲ ਉਠਾਉਣੀ ਸ਼ੁਰੂ ਕਰ ਦਿਤੀ ਸੀ। ਉਨ੍ਹਾਂ ਕਿਹਾ ਕਿ ਪਿਛਲੇ
ਦਿਨ ਡੇਰਾ ਪ੍ਰੇਮੀਆਂ ਵਲੋਂ ਉਸ ਦੇ ਘਰ ਜਾਨ ਤੋਂ ਮਾਰ ਦੇਣ ਦੇ ਪੋਸਟਰ ਸੁੱਟੇ ਗਏ। ਉਸ
ਨੇ ਭਵਿੱਖ 'ਚ ਹੋਣ ਵਾਲੇ ਨੁਕਸਾਨ ਲਈ ਡੇਰਾ ਮੁਖੀ ਤੇ ਅਪਣੇ ਮਾਮੇ ਹਰਮਿੰਦਰ ਸਿੰਘ ਜੱਸੀ
ਨੂੰ ਜ਼ੁੰਮੇਵਾਰ ਦਸਿਆ ਹੈ। ਉਨ੍ਹਾਂ ਕਿਹਾ ਕਿ ਸੌਦਾ ਸਾਧ ਲੋਕਾਂ ਸਾਹਮਣੇ ਅਪਣੇ ਆਪ ਨੂੰ
ਸੰਤ ਵਜੋਂ ਪੇਸ਼ ਕਰ ਰਿਹਾ ਸੀ, ਪਰ ਉਸ ਦੇ ਕੰਮ ਸੰਤਾਂ ਵਾਲੇ ਨਹੀਂ ਸਨ।