
ਬਠਿੰਡਾ,
10 ਸਤੰਬਰ (ਸੁਖਜਿੰਦਰ ਮਾਨ) : ਸੌਦਾ ਸਾਧ ਦੀ ਸੁਰੱਖਿਆ 'ਚ ਤੈਨਾਤ ਪੰਜਾਬ ਪੁਲਿਸ ਦੇ
ਮੁਲਾਜ਼ਮਾਂ ਕੋਲੋ ਜਬਤ ਕੀਤੇ ਹਥਿਆਰਾਂ ਨੂੰ ਹਰਿਆਣਾ ਪੁਲਿਸ ਕੋਲੋਂ ਵਾਪਸ ਲੈਣ ਪੁਲਿਸ
ਅਧਿਕਾਰੀਆਂ ਨੇ ਕਾਨੂੰਨੀ ਚਾਰੋਜਾਈ ਸ਼ੁਰੂ ਕਰਨਗੇ। ਹਰਿਆਣਾ ਦੀ ਸਿਰਸਾ ਸਦਰ ਪੁਲਿਸ ਨੇ
ਡੇਰੇ ਦੇ ਬਾਹਰੋਂ ਰਹੱਸਮਈ ਹਾਲਾਤਾਂ 'ਚ ਪੰਜਾਬ ਪੁਲਿਸ ਦੇ ਦੋ ਜਵਾਨਾਂ ਨੂੰ 26 ਅਗੱਸਤ
ਵਾਲੇ ਦਿਨ ਹਥਿਆਰਾਂ ਸਹਿਤ ਕਾਬੂ ਕੀਤਾ ਸੀ।
ਇਸ ਤੋਂ ਇਲਾਵਾ ਪੰਚਕੂਲਾ ਪੁਲਿਸ ਵਲੋਂ
ਵੀ 25 ਅਗੱਸਤ ਨੂੰ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਭਜਾਉਣ ਦੇ ਮਾਮਲੇ 'ਚ
ਪੰਜਾਬ ਪੁਲਿਸ ਦੇ ਤਿੰਨ ਜਵਾਨਾਂ ਵਿਰੁਧ ਕੇਸ ਦਰਜ ਕੀਤਾ ਸੀ, ਜਿਨ੍ਹਾਂ ਵਿਚੋਂ ਦੋ
ਪਹਿਲਾਂ ਹੀ ਹਰਿਆਣਾ ਪੁਲਿਸ ਦੇ ਹਿਰਾਸਤ ਵਿਚ ਸਨ ਜਦਕਿ ਤੀਜੇ ਕਰਮਜੀਤ ਸਿੰਘ ਨੂੰ ਬੀਤੇ
ਕਲ ਪੰਚਕੂਲਾ ਪੁਲਿਸ ਪਟਿਆਲਾ ਤੋਂ ਗ੍ਰਿਫ਼ਤਾਰ ਕਰ ਕੇ ਲੈ ਗਈ ਹੈ।
ਮਹੱਤਵਪੂਰਨ ਗੱਲ
ਇਹ ਹੈ ਕਿ ਇਨ੍ਹਾਂ ਤਿੰਨਾਂ ਦੇ ਹਥਿਆਰ ਹਰਿਆਣਾ ਪੁਲਿਸ ਕੋਲ ਹਨ। ਪਟਿਆਲਾ ਦੇ ਐਸ.ਪੀ
ਹੈਡਕੁਆਰਟਰ ਅਮਰਜੀਤ ਸਿੰਘ ਘੁੰਮਣ ਨੇ ਵੀ ਸੰਪਰਕ ਕਰਨ 'ਤੇ ਮੰਨਿਆਂ ਕਿ ਕਰਮਜੀਤ ਸਿੰਘ
ਅਪਣੀ ਸਰਕਾਰੀ ਏ.ਕੇ.47 ਰਾਈਫ਼ਲ ਵਾਪਸੀ ਸਮੇਂ ਪੰਚਕੂਲਾ ਛੱਡ ਆਇਆ ਸੀ ਜਦਕਿ ਸਤਵੀਰ ਸਿੰਘ
ਦੀ ਅਸਲਾਟ ਅਤੇ ਪਿਸਤੌਲ ਵੀ ਸਿਰਸਾ ਪੁਲਿਸ ਦੇ ਕਬਜ਼ੇ ਵਿਚ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ
ਨੂੰ ਵਾਪਸ ਲੈਣ ਲਈ ਆਉਂਦੇ ਦਿਨਾਂ ਵਿਚ ਕਾਰਵਾਈ ਕੀਤੀ ਜਾਵੇਗੀ।
ਐਸ.ਪੀ ਘੁੰਮਣ ਨੇ
ਇਹ ਵੀ ਦਸਿਆ ਕਿ ਦੋਨਾਂ ਜਵਾਨਾਂ ਨੂੰ ਮੁਅੱਤਲ ਕਰ ਕੇ ਉਨ੍ਹਾਂ ਵਿਰੁਧ ਵਿਭਾਗੀ ਕਾਰਵਾਈ
ਕੀਤੀ ਜਾਵੇਗੀ ਤੇ ਜੇਕਰ ਦੋਸ਼ ਸਾਬਤ ਹੁੰਦੇ ਹਨ ਤਾਂ ਉਸ ਹਿਸਾਬ ਨਾਲ ਅਗਲੇਰੀ ਕਾਰਵਾਈ
ਕੀਤੀ ਜਾਵੇਗੀ।
ਦਸਣਯੋਗ ਹੈ ਕਿ ਪਟਿਆਲਾ ਦੇ ਸਤਵੀਰ ਸਿੰਘ ਅਤੇ ਬਠਿੰਡਾ ਪੁਲਿਸ ਦੇ
ਕਾਂਸਟੇਬਲ ਰੋਹਿਤ ਕੁਮਾਰ ਨੂੰ ਹਰਿਆਣਾ ਪੁਲਿਸ ਨੇ ਪੰਜਾਬ ਟੱਪਣ ਤੋਂ ਪਹਿਲਾਂ ਹੀ
ਹਥਿਆਰਾਂ ਸਹਿਤ ਕਾਬੂ ਕਰ ਲਿਆ ਸੀ ਜਦਕਿ ਬਾਕੀ ਦੇ ਪੰਜ ਮੁਲਾਜ਼ਮ ਬਚ ਕੇ ਨਿਕਲਣ ਵਿਚ
ਕਾਮਯਾਬ ਰਹੇ ਸਨ। ਇਨ੍ਹਾਂ ਜਵਾਨਾਂ ਨੂੰ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ
ਦੌਰਾਨ ਵਿਸ਼ੇਸ਼ ਆਦੇਸ਼ ਜਾਰੀ ਕਰ ਕੇ ਸੌਦਾ ਸਾਧ ਦੀ ਸੁਰੱਖਿਆ 'ਚ ਤੈਨਾਤ ਕੀਤਾ ਸੀ। ਇਹੀਂ
ਨਹੀਂ ਇਨ੍ਹਾਂ ਪੁਲਿਸ ਜਵਾਨਾਂ ਨੂੰ ਇਕ-ਇਕ ਏ.ਕੇ.47 ਰਾਈਫ਼ਲ ਅਤੇ ਇਕ-ਇਕ ਪਿਸਤੌਲ ਵੀ
ਮੁਹਈਆ ਕਰਵਾਇਆ ਗਿਆ ਸੀ। ਵੈਸੇ ਕਿਸੇ ਬਾਹਰਲੇ ਸੂਬੇ ਦੇ ਵਿਅਕਤੀ ਨੂੰ ਅਤਿਆਧੁਨਿਕ
ਹਥਿਆਰਾਂ ਸਹਿਤ ਸੁਰੱਖਿਆ ਮੁਹੱਈਆ ਕਰਵਾਉਣੀ ਇਕ ਵਿਲੱਖਣ ਗੱਲ ਸੀ।
ਚਰਚਾ ਤਾਂ ਇਹ ਵੀ
ਹੈ ਕਿ ਡੇਰਾ ਮੁਖੀ ਦੀ ਸੁਰੱਖਿਆ 'ਚ ਤੈਨਾਤ ਇਨ੍ਹਾਂ ਪੁਲਿਸ ਜਵਾਨਾਂ ਵਿਚੋਂ ਜ਼ਿਆਦਾਤਰ
ਡੇਰਾ ਸਿਰਸਾ ਦੇ ਕੱਟੜ ਸਰਧਾਲੂ ਸਨ ਅਤੇ ਇਹ ਡੇਰਾ ਸਿਰਸਾ ਵਿਚ ਹੀ ਘਰ-ਬਾਰ ਪਾ ਕੇ
ਬੱਚਿਆਂ ਸਹਿਤ ਰਹਿ ਰਹੇ ਸਨ ਜਿਸ ਦੇ ਚੱਲਦੇ ਇਨ੍ਹਾਂ ਨੂੰ ਡੇਰਾ ਮੁਖੀ ਦੇ ਕਹਿਣ 'ਤੇ ਹੀ
ਅਕਾਲੀ ਸਰਕਾਰ ਨੇ ਉਸ ਦੀ ਸੁਰੱਖਿਆ ਲਈ ਸਿਰਸਾ ਰਵਾਨਾ ਕੀਤਾ ਸੀ। ਇਨ੍ਹਾਂ ਦੇ ਕੱਟੜ ਡੇਰਾ
ਸ਼ਰਧਾਲੂ ਹੋਣ ਦੀ ਚਰਚਾ ਨੂੰ ਇਸ ਕਰ ਕੇ ਵੀ ਬਲ ਮਿਲਦਾ ਹੈ ਕਿ 25 ਅਗੱਸਤ ਨੂੰ ਡੇਰਾ
ਮੁਖੀ ਦੀ ਪੰਚਕੂਲਾ 'ਚ ਪੇਸ਼ੀ ਦੌਰਾਨ ਹਰਿਆਣਾ ਪੁਲਿਸ ਦੇ ਕੁੱਝ ਜਵਾਨਾਂ ਸਹਿਤ ਡੇਰਾ ਮੁਖੀ
ਦੇ ਪ੍ਰਾਈਵੇਟ (ਬਾਕੀ ਸਫ਼ਾ 11 'ਤੇ)
ਬਾਡੀਗਾਰਡਾਂ ਸਹਿਤ ਅਦਾਲਤ ਵਿਚੋਂ ਭਜਾਉਣ ਦੀ ਯੋਜਨਾ ਵਿਚ ਪੰਜਾਬ ਦੇ ਤਿੰਨ ਪੁਲਿਸ ਮੁਲਾਜ਼ਮ ਵੀ ਸ਼ਾਮਲ ਰਹੇ ਹਨ।
ਉਂਜ
ਇਨ੍ਹਾਂ ਤਿੰਨਾਂ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਦੇ ਤਿੰਨ ਪੁਲਿਸ ਜਵਾਨ ਸੁਖਦਰਸ਼ਨ ਸਿੰਘ ਤੇ
ਪ੍ਰਦਰਸ਼ਨ(ਦੋਨੇ ਸਕੇ ਭਰਾ) ਤੋਂ ਇਲਾਵਾ ਜੀਵਨ ਸਿੰਘ, ਸੰਗਰੂਰ ਦਾ ਯਾਦਵਿੰਦਰ ਸਿੰਘ ਵੀ
ਡੇਰਾ ਮੁਖੀ ਨਾਲ ਤੈਨਾਤ ਸੀ। ਬੇਸ਼ੱਕ ਉਕਤ ਚਾਰਾਂ ਜਵਾਨਾਂ ਨੇ ਅਪਣੇ ਹਥਿਆਰ ਜਮ੍ਹਾਂ ਕਰਵਾ
ਕੇ ਅਪਣੀ ਹਾਜ਼ਰੀ ਰੀਪੋਰਟ ਭਰ ਦਿਤੀ ਹੈ ਪ੍ਰੰਤੂ ਪੰਜਾਬ ਪੁਲਿਸ ਦੇ ਖੁਫ਼ੀਆ ਵਿੰਗ ਦੁਆਰਾ
ਇਨ੍ਹਾਂ ਉਪਰ ਗੁਪਤ ਨਜ਼ਰ ਰੱਖੀ ਜਾ ਰਹੀ ਹੈ।
ਸੂਤਰਾਂ ਅਨੁਸਾਰ ਬਠਿੰਡਾ ਪੁਲਿਸ ਦੇ
ਰੋਹਿਤ ਕੁਮਾਰ ਤੇ ਪਟਿਆਲਾ ਦੇ ਸਤਵੀਰ ਸਿੰਘ ਦੀਆਂ ਦੋਨਾਂ ਦੀਆਂ ਏ.ਕੇ.47 ਰਾਈਫ਼ਲਾਂ ਅਤੇ
ਪਿਸਤੌਲ ਸਿਰਸਾ ਪੁਲਿਸ ਦੇ ਕਬਜ਼ੇ ਵਿਚ ਹਨ, ਜਿਨ੍ਹਾਂ ਨੂੰ ਪੰਜਾਬ ਪੁਲਿਸ ਦੁਆਰਾ ਵਾਪਸ
ਲੈਣ ਲਈ ਅਦਾਲਤ ਤੋਂ ਸੁਪਰਦਗੀ ਰਾਹੀ ਵਾਪਸ ਲਿਆ ਜਾਵੇਗਾ। ਬਠਿੰਡਾ ਦੇ ਐਸ.ਪੀ ਹੈਡਕੁਆਟਰ
ਭੁਪਿੰਦਰ ਸਿੰਘ ਨੇ ਇਸਦੀ ਪੁਸ਼ਟੀ ਕਰਦੇ ਹੋਏ ਦਸਿਆ ਕਿ '' ਕਾਨੂੰਨ ਤਹਿਤ ਜਬਤ ਕੀਤੇ
ਹਥਿਆਰਾਂ ਨੂੰ ਅਦਾਲਤ ਰਾਹੀ ਹੀ ਵਾਪਸ ਲਿਆ ਜਾ ਸਕਦਾ ਹੈ ਤੇ ਇਸ ਸਬੰਧ ਵਿਚ ਕਾਰਵਾਈ ਕੀਤੀ
ਜਾ ਰਹੀ ਹੈ।
ਉਨ੍ਹਾਂ ਦਸਿਆ ਕਿ ਰੋਹਿਤ ਕੁਮਾਰ ਨੂੰ ਮੁਅੱਤਲ ਕਰ ਕੇ ਵਿਭਾਗੀ ਜਾਂਚ
ਸ਼ੁਰੂ ਕਰ ਦਿਤੀ ਹੈ। ਦਸਣਾ ਬਣਦਾ ਹੈ ਕਿ ਡੇਰਾ ਮੁਖੀ ਦਾ ਵਿਵਾਦ ਦੇ ਚੱਲਦੇ ਬਠਿੰਡਾ ਦੇ
ਪੁਲਿਸ ਅਧਿਕਾਰੀਆਂ ਵਲੋਂ ਰੋਹਿਤ ਨੂੰ ਹਥਿਆਰਾਂ ਤਹਿਤ ਵਾਪਸ ਆਉਣ ਲਈ ਕਿਹਾ ਸੀ ਪਰ ਉਕਤ
ਮੁਲਾਜ਼ਮ ਨੇ ਡੇਰਾ ਮੁਖੀ ਨੂੰ ਬਿਪਤਾ ਵਿਚ ਛੱਡ ਕੇ ਵਾਪਸ ਆਉਣ ਤੋਂ ਸਪੱਸ਼ਟ ਇਨਕਾਰ ਕਰ
ਦਿਤਾ ਸੀ।