
ਬਾਲਿਸਟਿਕ ਮਿਜ਼ਾਈਲ ਜਾਂ ਤਾਂ ਪੱਕੇ ਲਾਂਚ ਪੈਡਾਂ ਤੋਂ ਦਾਗ਼ੇ ਜਾਂਦੇ ਹਨ ਅਤੇ ਜਾਂ ਫਿਰ ਟਰੱਕਾਂ ਉੱਤੇ ਆਧਾਰਿਤ ਪਲੈਟਫਾਰਮਾਂ ਤੋਂ।
Successful test of Agni Prime missile is an important achievement Editorial: ਰੱਖਿਆ ਖੋਜ ਤੇ ਵਿਕਾਸ ਸੰਸਥਾ (ਡੀ.ਆਰ.ਡੀ.ਓ.) ਵਲੋਂ ਮੰਗਲਵਾਰ ਨੂੰ ਰੇਲ ਪਟੜੀ ਤੋਂ ਅਗਨੀ-5 ਪ੍ਰਾਈਮ ਮਿਜ਼ਾਈਲ ਦਾਗ਼ਣ ਦੀ ਸਫ਼ਲ ਅਜ਼ਮਾਇਸ਼, ਭਾਰਤੀ ਸੁਰੱਖਿਆ ਖੇਤਰ ਵਿਚ ਪ੍ਰਗਤੀ ਦੀ ਇਕ ਅਹਿਮ ਮਿਸਾਲ ਹੈ। ਦੁਨੀਆਂ ਵਿਚ ਇਹ ਸ਼ਾਇਦ ਪਹਿਲੀ ਵਾਰ ਹੈ ਜਦੋਂ ਕਿਸੇ ਅੰਤਰ-ਮਹਾਂਦੀਪੀ ਬਾਲਿਸਟਿਕ ਮਿਜ਼ਾਈਲ ਨੂੰ ਰੇਲ ਪਟੜੀ ਉੱਤੇ ਚੱਲਣ ਵਾਲੇ ਲਾਂਚ ਪੈਚ ਤੋਂ ਦਾਗ਼ਿਆ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਪ੍ਰਾਪਤੀ ਲਈ ਡੀ.ਆਰ.ਡੀ.ਓ. ਨੂੰ ਵਧਾਈ ਦਿਤੀ ਹੈ। ਵਧਾਈ ਤੇ ਸ਼ਲਾਘਾ ਦੀ ਸਹੀ ਹੱਕਦਾਰ ਵੀ ਹੈ ਇਹ ਪ੍ਰਾਪਤੀ।
ਬਾਲਿਸਟਿਕ ਮਿਜ਼ਾਈਲ ਜਾਂ ਤਾਂ ਪੱਕੇ ਲਾਂਚ ਪੈਡਾਂ ਤੋਂ ਦਾਗ਼ੇ ਜਾਂਦੇ ਹਨ ਅਤੇ ਜਾਂ ਫਿਰ ਟਰੱਕਾਂ ਉੱਤੇ ਆਧਾਰਿਤ ਪਲੈਟਫਾਰਮਾਂ ਤੋਂ। ਅਜਿਹਾ ਕਰਨ ਸਮੇਂ ਉਨ੍ਹਾਂ ਦੀ ਹਰ ਹਰਕਤ ਸਾਡੀ ਪ੍ਰਿਥਵੀ ਉਪਰ ਮੰਡਰਾ ਰਹੇ ਸੂਹੀਆ ਉਪਗ੍ਰਹਿਆਂ ਦੇ ਕੈਮਰਿਆਂ ਵਿਚ ਕੈਦ ਹੋ ਜਾਂਦੀ ਹੈ। ਲਿਹਾਜ਼ਾ, ਦੁਸ਼ਮਣ ਨੂੰ ਮਿਜ਼ਾਈਲ ਦਾ ਟਾਕਰਾ ਕਰਨ ਜਾਂ ਇਸ ਨੂੰ ਆਕਾਸ਼ ਵਿਚ ਨਸ਼ਟ ਕਰਨ ਦਾ ਸਮਾਂ ਮਿਲ ਜਾਂਦਾ ਹੈ।
ਰੇਲ ਪਟੜੀ ਉੱਤੇ ਚੱਲਣ ਵਾਲੇ ਲਾਂਚ ਪੈਡ ਰਾਹੀਂ ਮਿਜ਼ਾਈਲ ਦਾਗ਼ੇ ਜਾਣ ਤੋਂ ਤੁਰੰਤ ਬਾਅਦ ਲਾਂਚ ਪੈਡ ਨੂੰ ਰੇਲ ਇੰਜਣ ਦੀ ਮਦਦ ਨਾਲ ਉਥੋਂ ਹਟਾ ਕੇ ਫੌਰੀ ਦੂਰਲੇ ਸਥਾਨ ’ਤੇ ਲਿਜਾਇਆ ਜਾ ਸਕਦਾ ਹੈ। ਇਸ ਤੋਂ ਦੁਸ਼ਮਣ ਨੂੰ ਇਹ ਪਤਾ ਲਾਉਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਮਿਜ਼ਾਈਲ ਕਿਹੜੀ ਥਾਂ ਤੋਂ ਦਾਗ਼ੀ ਗਈ। ਅਜਿਹੀ ਸੂਰਤ ਵਿਚ ਉਸ ਵਲੋਂ ਜਵਾਬੀ ਕਾਰਵਾਈ ਕੀਤੇ ਜਾਣ ਦੀ ਗੁੰਜਾਇਸ਼ ਘੱਟ ਜਾਂਦੀ ਹੈ।
ਮਿਜ਼ਾਈਲ ਜ਼ਮੀਨੀ ਪਲੈਟਫਾਰਮਾਂ ਵਲ ਮਿਜ਼ਾਈਲ ਭੇਜਣ ਲਈ ਵਿਸ਼ੇਸ਼ ਕਿਸਮ ਦੇ ਟਰੱਕਾਂ ਦੀ ਵਰਤੋਂ ਵੀ ਸੂਹੀਆ ਉਪਗ੍ਰਹਿਆਂ ਦੀ ਟੋਹ-ਲਾਊ ਸਮਰੱਥਾ ਦੀ ਜ਼ੱਦ ਵਿਚ ਰਹਿੰਦੀ ਹੈ ਜਦੋਂ ਕਿ ਰੇਲ ਪਟੜੀ ਆਧਾਰਿਤ ਲਾਂਚ ਪੈਡਾਂ (ਜਾਂ ਪਲੈਟਫਾਰਮਾਂ) ਤੇ ਮਿਜ਼ਾਈਲਾਂ ਨੂੰ ਮਾਲ ਗੱਡੀ ਦੀਆਂ ਸਾਧਾਰਨ ਬੋਗੀਆਂ ਜਾਂ ਮੁਸਾਫ਼ਰ ਗੱਡੀਆਂ ਦੇ ਡੱਬਿਆਂ ਨਾਲ ਜੋੜ ਕੇ ਉਨ੍ਹਾਂ ਦੀ ਮੰਜ਼ਿਲ ਤਕ ਬਿਨਾਂ ਕੋਈ ਸ਼ੱਕ-ਸ਼ੁਬਹਾ ਉਭਾਰੇ ਆਸਾਨੀ ਨਾਲ ਭੇਜਿਆ ਜਾ ਸਕਦਾ ਹੈ। ਇਸ ਤਰ੍ਹਾਂ ਗਤੀਸ਼ੀਲਤਾ ਵੀ ਬਰਕਰਾਰ ਰਹਿੰਦੀ ਹੈ ਅਤੇ ਗੋਪਨੀਅਤਾ ਵੀ। ਇਸੇ ਲਈ ਡੀ.ਆਰ.ਡੀ.ਓ. ਨੇ ਇਸ ਲਾਂਚ ਪ੍ਰਣਾਲੀ ਨੂੰ ‘ਖੇਡ ਦਾ ਰੁਖ਼ ਬਦਲਣ ਵਾਲੀ’ (ਗੇਮ ਚੇਂਜਰ) ਕਰਾਰ ਦਿਤਾ ਹੈ।
ਅਗਨੀ ਮਿਜ਼ਾਈਲ ਉਨ੍ਹਾਂ ਪੰਜ ਮਿਜ਼ਾਈਲ ਪ੍ਰਣਾਲੀਆਂ ਵਿਚੋਂ ਇਕ ਹੈ ਜਿਨ੍ਹਾਂ ਦੇ ਡਿਜ਼ਾਈਨ ਤੇ ਵਿਕਾਸ ਦਾ ਕਾਰਜ 1983 ਵਿਚ ਤੱਤਕਾਲੀ ਰੱਖਿਆ ਵਿਗਿਆਨੀ (ਤੇ ਬਾਅਦ ਵਿਚ ਭਾਰਤੀ ਰਾਸ਼ਟਰਪਤੀ) ਡਾ. ਏਪੀਜੇ ਅਬਦੁਲ ਕਲਾਮ ਨੇ ਸ਼ੁਰੂ ਕੀਤਾ ਸੀ। ਅਗਨੀ ਉਸ ਪ੍ਰੋਗਰਾਮ ਦਾ ਇੱਕੋ-ਇਕ ਬਾਲਿਸਟਿਕ ਮਿਜ਼ਾਈਲ ਸੀ। ਇਸ ਦਾ ਰੇਂਜ ਹੁਣ ਪੰਜ ਹਜ਼ਾਰ ਕਿਲੋਮੀਟਰ ਤਕ ਦਸਿਆ ਜਾਂਦਾ ਹੈ ਜਦੋਂਕਿ ਅਗਨੀ-5 ਪ੍ਰਾਈਮ ਦੋ ਹਜ਼ਾਰ ਕਿਲੋਮੀਟਰ ਤੱਕ ਦੀ ਦੂਰੀ ’ਤੇ ਮਾਰ ਕਰ ਸਕਦਾ ਹੈ। ਬਾਕੀ ਦੇ ਚਾਰ ਮਿਜ਼ਾਈਲ - ਪ੍ਰਿਥਵੀ, ਤ੍ਰਿਸ਼ੂਲ, ਆਕਾਸ਼ ਤੇ ਨਾਗ ਬਾਲਿਸਟਿਕ (ਧਰਤੀ ਦੇ ਹਵਾਈ ਮੰਡਲ ਵਿਚ ਰਾਕੇਟ ਵਾਂਗ ਬਹੁਤ ਉੱਚਾ ਜਾ ਕੇ ਫਿਰ ਨਿਸ਼ਾਨੇ ਵਲ ਸੇਧਿਤ ਹੋਣ ਵਾਲੇ) ਨਹੀਂ ਹਨ। ਲਿਹਾਜ਼ਾ, ਇਨ੍ਹਾਂ ਦੀ ਰੇਂਜ ਵੀ ਘੱਟ ਹੈ। ਪਰ ‘ਗਾਈਡਿਡ’ ਹੋਣ ਸਦਕਾ ਇਨ੍ਹਾਂ ਦੀ ਉਡਾਣ ਦੀ ਸੇਧ ਨੂੰ ਮੌਕੇ ਜਾਂ ਲੋੜ ਮੁਤਾਬਿਕ ਬਦਲਣਾ ਸੰਭਵ ਹੋ ਜਾਂਦਾ ਹੈ। ਮਿਜ਼ਾਈਲਾਂ ਦੀ ਇਸ ਕਿਸਮ ਦੀ ਵੰਨ-ਸੁਵੰਨਤਾ (ਵੈਰਾਇਟੀ) ਨੇ ਭਾਰਤੀ ਸੁਰੱਖਿਆ ਸੈਨਾਵਾਂ ਨੂੰ ਹਰ ਕਿਸਮ ਦੀਆਂ ਜੰਗਾਂ ਲੜਨ ਦੇ ਕਾਬਲ ਬਣਾਇਆ ਹੈ।
ਡੀ.ਆਰ.ਡੀ.ਓ. ਉਹ ਸੰਸਥਾ ਹੈ ਜੋ ਕਦੇ ਬਿਮਾਰ ਜਾਂ ਅਕੁਸ਼ਲ ਸਰਕਾਰੀ ਅਦਾਰਿਆਂ ਵਿਚ ਸ਼ੁਮਾਰ ਸੀ। ਅਰਜੁਨ ਟੈਂਕ ਵਿਕਸਿਤ ਕਰਨ ਲਈ ਇਹਨੇ ਜਿੰਨਾ ਸਮਾਂ ਲਿਆ, ਉਹ ਇਸ ਦੀ ਨਾਅਹਿਲੀਅਤ ਦੀ ਮਿਸਾਲ ਸੀ। ਪਰ ਪਿਛਲੇ ਦੋ ਦਹਾਕਿਆਂ ਤੋਂ ਇਸ ਸੰਸਥਾ ਦੀ ਕਾਰਜ-ਪ੍ਰਣਾਲੀ ਵਿਚ ਆਇਆ ਸੁਧਾਰ, ਜੰਗੀ ਸਾਜ਼ੋ-ਸਾਮਾਨ ਦੀ ਦੇਸ਼ ਅੰਦਰ ਹੀ ਤਿਆਰੀ ਦੇ ਸਰਕਾਰੀ ਟੀਚਿਆਂ ਦੀ ਪ੍ਰਾਪਤੀ ਪੱਖੋਂ ਜ਼ਿਕਰਯੋਗ ਰਿਹਾ ਹੈ। ਗ਼ੈਰ-ਸਰਕਾਰੀ ਕੰਪਨੀਆਂ, ਖ਼ਾਸ ਕਰ ਕੇ ਸਟਾਰਟ-ਅੱਪਸ (ਨਵ-ਸਥਾਪਿਤ ਕੰਪਨੀਆਂ) ਨਾਲ ਇਸ ਦੇ ਸਹਿਯੋਗ ਤੇ ਤਾਲਮੇਲ ਨੇ ਵੀ ਇਸ ਅਦਾਰੇ ਦੀ ਕਾਰਜ-ਕੁਸ਼ਲਤਾ ਵਧਾਉਣ ਵਿਚ ਚੰਗੇਰੀ ਭੂਮਿਕਾ ਨਿਭਾਈ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਪ੍ਰਕਿਰਿਆ ਇਸੇ ਲੀਹ ’ਤੇ ਚੱਲਣਾ ਜਾਰੀ ਰੱਖੇਗੀ। ਰੱਖਿਆ ਖੇਤਰ ਵਿਚ ਆਤਮ ਨਿਰਭਰਤਾ ਦੇ ਸੰਕਲਪ ਨੂੰ ਲੋੜ ਵੀ ਇਸੇ ਪ੍ਰਗਤੀ ਦੀ ਹੈ।