
ਚੰਡੀਗੜ੍ਹ, 8 ਮਾਰਚ (ਨੀਲ ਭਲਿੰਦਰ ਸਿੰਘ): ਗੁਰਦਾਸਪੁਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਦੌਰਾਨ ਸਾਬਕਾ ਅਕਾਲੀ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਦੇ ਵਿਰੁਧ ਜਨਤਕ ਹੋਈ ਇਕ ਬੇਹੱਦ ਅਸ਼ਲੀਲ ਵੀਡੀਓ ਦੇ ਮਾਮਲੇ ਚ ਇਕ ਨਵਾਂ ਖ਼ੁਲਾਸਾ ਹੋਇਆ ਹੈ ਜਿਸ ਤਹਿਤ ਸ਼ਿਕਾਇਤ ਕਰਤਾ ਮਹਿਲਾ ਵਲੋਂ ਸਬੰਧਤ ਵੀਡੀਓ ਵਿਚ ਆਪਣੀ ਮੌਜੂਦਗੀ ਅਤੇ ਵੀਡੀਓ ਵਿਚ ਨਜਰ ਆ ਰਹੇ ਕੇਸਧਾਰੀ ਮਰਦ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਗਿਆ ਹੋਣ ਨੂੰ ਸ਼ਿਕਾਇਤ ਕਰਤਾ/ਪੀੜਤ ਅਤੇ ਕਥਿਤ ਦੋਸ਼ੀ ਸੁੱਚਾ ਸਿੰਘ ਲੰਗਾਹ ਦਰਮਿਆਨ ਵੱਡੇ ਪੱਧਰ ਉਤੇ ਜਮੀਨ ਜਾਇਦਾਦ ਦੇ ਮਾਲ ਰਿਕਾਰਡ ਅਤੇ ਵੀਡੀਓ ਤੇ ਕਥਿਤ ਪੀੜਤਾ ਦੇ ਕਪੜਿਆਂ ਦੀ ਫ਼ੌਰੈਂਸਿਕ ਜਾਂਚ ਸਣੇ ਕੁਝ ਹੋਰਨਾਂ ਸਬੰਧਤ ਦਸਤਾਵੇਜ਼ਾਂ (ਨਕਲ 'ਰੋਜ਼ਾਨਾ ਸਪੋਕਸਮੈਨ ਕੋਲ ਮੌਜੂਦ) ਅਤੇ ਰੁਪਏ-ਪੈਸੇ ਦਾ ਲੈਣ ਦੇਣ ਹੋਇਆ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਦੀ ਅਗਵਾਈ ਵਾਲੀ 'ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ' ਵਲੋਂ ਇਸ ਬਾਬਤ ਜ਼ਮੀਨ ਜਾਇਦਾਦ ਦੇ ਲੈਣ ਦੇਣ ਦੇ ਤਾਜ਼ਾ ਮਾਲ ਰਿਕਾਰਡ ਅਤੇ ਕੁਝ ਹੋਰ ਜਾਂਚ ਤੱਥਾਂ ਸਣੇ ਪੰਜਾਬ ਸਰਕਾਰ (ਸਕੱਤਰ ਗ੍ਰਿਹ ਮਾਮਲੇ ਅਤੇ ਨਿਆਂ ਵਿਭਾਗ) ਅਤੇ ਪੰਜਾਬ ਦੇ ਪੁਲਿਸ ਮੁਖੀ ਨੂੰ ਇਕ ਪੱਤਰ ਲਿਖ ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਉਕਤ ਸੰਸਥਾ ਦੇ ਪ੍ਰਮੁੱਖ ਇੰਵੈਸਟੀਗੇਟਰ ਸਰਬਜੀਤ ਸਿੰਘ ਵੇਰਕਾ ਵਲੋਂ ਇਸ ਮਾਮਲੇ ਦੀ ਸੰਸਥਾ ਦੇ ਪੱਧਰ ਉਤੇ ਕੀਤੀ ਗਈ ਜਾਂਚ ਦੇ ਹਵਾਲੇ ਨਾਲ ਉਕਤ ਪੱਤਰ ਵਿਚ ਕਿ ਹੁਣ ਇਸ ਮੁਕੱਦਮੇ ਦੌਰਾਨ 28 ਫ਼ਰਵਰੀ ਨੂੰ ਹੈਰਾਨੀਜਕਨ ਅਤੇ ਅਚਨਚੇਤ ਇਕਦਮ ਉਲਟਾ ਗੇੜ ਪੈ ਗਿਆ ਹੈ ਜਿਸ ਤਹਿਤ ਪੀੜਤ ਔਰਤ ਅਪਣੇ ਪਹਿਲੇ ਬਿਆਨ ਤੋਂ ਮੁੱਕਰ ਗਈ ਹੈ। ਹੁਣ ਉਸ ਨੇ ਪੁਲਿਸ ਨੂੰ ਇਸ ਬਾਬਤ ਪਹਿਲਾਂ ਕੋਈ ਸ਼ਿਕਾਇਤ ਜਾਂ ਬਿਆਨ ਹੀ ਦਿੱਤਾ ਗਿਆ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਅਤੇ ਹੁਣ ਉਹ ਪੂਰੀ ਤਰਾਂ ਮੁਲਜ਼ਮ ਦੇ ਪੱਖ ਵਿਚ ਭੁਗਤਦੀ ਪ੍ਰਤੀਤ ਹੋ ਰਹੀ ਹੈ। ਪੱਤਰ 'ਚ ਕਿਹਾ ਗਿਆ ਕਿ ਕਥਿਤ ਪੀੜਤਾ ਨੇ ਦੋਸ਼ੀ ਨਾਲ ਨਾਜਾਇਜ਼ ਸਬੰਧਾਂ ਅਤੇ ਉਕਤ ਵੀਡੀਓ ਨੂੰ ਬਣਾਉਣ ਅਤੇ ਪੁਲਿਸ ਨੂੰ ਇਸ ਬਾਰੇ ਪੈਨ ਡ੍ਰਾਈਵਿੰਗ ਸੌਂਪਗਈ ਹੋਣ ਤਕ ਤੋਂ ਵੀ ਇਨਕਾਰ ਕਰ ਦਿਤਾ। ਇਸ ਕੇਸ ਵਿਚ/ ਐਫ.ਆਈ.ਆਰ. ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਸ਼ਿਕਾਇਤਕਰਤਾ/ਪੀੜਤਾ ਦੀ ਇਕ ਏਕੜ ਜ਼ਮੀਨ ਨੂੰ ਇਕ ਗੁਰਦੇਵ ਸਿੰਘ ਸੋਹਲ ਨੂੰ 30 ਲੱਖ ਰੁਪਏ ਵਿਚ ਵੇਚ ਦਿਤਾ ਗਿਆ ਸੀ, ਜਿਸ ਤਹਿਤ ਦੋਸ਼ ਲਗਾਏ ਗਏ ਕਿ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਇਸ ਦੇ ਇਵਜ ਚ ਚੰਡੀਗੜ੍ਹ ਵਿਚ ਇਕ ਪਲਾਟ ਦਿਵਾਏ ਜਾਣ ਦਾ ਭਰੋਸਾ ਦਿੱਤਾ ਸੀ ਤੇ ਮਹਿਜ 4.50 ਲੱਖ ਰੁਪਏ ਸ਼ਿਕਾਇਤ ਕਰਤਾ ਨੂੰ ਦਿਤੇ ਬਾਕੀ ਪੈਸਾ ਦੋਸ਼ੀ ਨੇ ਅਪਣੇ ਕੋਲ ਹੀ ਰੱਖੇ ਗਏ ਸਨ. ਪਰ ਹੁਣ 'ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ' ਨੂੰ ਕੁਝ ਅਜਿਹੀ ਮਹੱਤਵਪੂਰਨ ਜਾਣਕਾਰੀ ਅਤੇ ਦਸਤਾਵੇਜ਼ ਪ੍ਰਾਪਤ ਹੋਏ ਹਨ ਜੋ ਸਪੱਸ਼ਟ ਤੌਰ ਤੇ ਸਾਬਤ ਕਰਦਾ ਹੈ ਕਿ ਸ਼ਿਕਾਇਤ ਕਰਤਾ ਕਥਿਤ ਪੀੜਤਾ ਨੂੰ ਉਕਤ ਬਿਆਨ ਮੁਕਰਾਉਣ ਲਈ ਕਥਿਤ ਤੌਰ ਉਤੇ ਵੱਡੀ ਰਕਮ ਦੀ ਅਦਾਇਗੀ ਕੀਤੀ ਗਈ ਹੈ।
ਇਸ ਤੋਂ ਇਲਾਵਾ ਸ਼ਿਕਾਇਤਕਰਤਾ ਦੇ ਪੁੱਤਰ ਦੁਆਰਾ ਗੁਰਦੇਵ ਸਿੰਘ ਨੂੰ ਵੇਚੀ ਗਈ ਜ਼ਮੀਨ ਹੁਣ 9 ਜਨਵਰੀ 2018 ਨੂੰ ਸ਼ਿਕਾਇਤਕਰਤਾ/ ਪੀੜਤਾ ਨੂੰ ਹੀ ਤਬਦੀਲ ਕਰ ਦਿਤੀ ਗਈ। ਪੰਜਾਬ ਦੇ ਪੁਲਿਸ ਮੁਖੀ ਨੂੰ ਭੇਜੇ ਗਏ ਉਕਤ ਮੰਗ ਪੱਤਰ ਨਾਲ ਕਰੀਬ ਤਿੰਨ ਸਾਲ ਪਹਿਲਾਂ ਦੀ ਪ੍ਰਾਪਰਟੀ ਡੀਡ ਅਤੇ ਹੁਣ ਜਨਵਰੀ ਮਹੀਨੇ ਹੋਈ ਉਕਤ ਪ੍ਰਾਪਰਟੀ ਲੈਣ ਦੇਣ ਦੇ ਮਾਲ ਰਿਕਾਰਡ ਅਤੇ ਹੋਰ ਦਸਤਾਵੇਜ ਵੀ ਨੱਥੀ ਕੀਤੇ ਗਏ ਹਨ। ਸ਼ਿਕਾਇਤ ਕਰਤਾ ਵਲੋਂ ਪਹਿਲੇ ਬਿਆਨ ਅਤੇ ਹੋਰਨਾਂ ਦਾਅਵਿਆਂ ਤੋਂ ਮੁਕਰਿਆ ਜਾ ਰਿਹਾ ਹੋਣ ਨੂੰ ਅਦਾਲਤ ਨੂੰ ਗੁੰਮਰਾਹ ਕਰਨ ਦੇ ਤੁਲ ਕਰਾਰ ਦਿੰਦੇ ਹੋਏ ਜਸਟਿਸ (ਸੇਵਾਮੁਕਤ) ਅਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਇਹ ਕੇਸ ਸ਼ੁਰੂਆਤ ਤੋਂ ਹੀ ਕਾਫੀ ਸ਼ੱਕੀ ਜਾਪ ਰਿਹਾ ਹੈ. ਕਿਉਂਕਿ 28 ਸਤੰਬਰ 2017 ਨੂੰ ਰਾਤੀਂ ਕਰੀਬ 8.30 ਵਜੇ ਸ਼ਿਕਾਇਤ ਕਰਤਾ/ਪੀੜਤਾ ਨੇ ਸੀਨੀਅਰ ਸੁਪਰੀਡੈਂਟ ਗੁਰਦਾਸਪੁਰ ਹਰਚਰਨ ਸਿੰਘ ਭੁੱਲਰ ਨੂੰ ਸ਼ਿਕਾਇਤ ਦਿਤੀ। ਜਸਟਿਸ ਬੈਂਸ ਨੇ ਗੁਰਦਾਸਪੁਰ ਲੋਕ ਸਭਾ ਦੀ ਜ਼ਿਮਨੀ ਚੋਣ ਦੇ ਹਵਾਲੇ ਨਾਲ ਇਹ ਵੀ ਦਾਅਵਾ ਕੀਤਾ ਕਿ ਭੁੱਲਰ ਨੂੰ 4 ਸਤੰਬਰ 2017 ਨੂੰ ਐਸਐਸਪੀ ਗੁਰਦਾਸਪੁਰ ਦੇ ਤੌਰ ਵਿਸ਼ੇਸ਼ ਤੌਰ 'ਤੇ 'ਇਸ ਕੰਮ' ਨੂੰ ਪੂਰਾ ਕਰਨ ਲਈ ਹੀ ਲਿਆਂਦਾ ਗਿਆ। ਜਿਸ ਦੇ ਫਲਸ੍ਵਰੂਪ ਐਸਐਸਪੀ ਨੇ ਉਸੇ ਰਾਤ ਤੁਰਤ ਡੀਐਸਪੀ ਨੂੰ ਅਪਣੇ ਨਿਵਾਸ 'ਤੇ ਸੱਦਿਆ ਅਤੇ ਜਾਂਚ ਰਿਪੋਰਟ ਤਿਆਰ ਕਰਨ ਲਈ ਨਿਰਦੇਸ਼ ਦਿਤੇ। ਕੁੱਝ ਕੁ ਮਿੰਟਾਂ ਵਿਚ ਡੀਐਸਪੀ ਨੇ ਜਾਂਚ ਰਿਪੋਰਟ 'ਤੇ ਹਸਤਾਖਰ ਕੀਤੇ ਅਤੇ ਕੁਝ ਮਿੰਟਾਂ ਦੇ ਅੰਦਰ ਡੀ ਏ ਲੀਗਲ ਨੂੰ ਵੀ ਐਸ ਐਸ ਪੀ ਦੇ ਨਿਵਾਸ ਤੇ ਬੁਲਾਇਆ ਗਿਆ ਅਤੇ ਉਨ੍ਹਾਂ ਦੀ ਰਾਏ ਪ੍ਰਾਪਤ ਕੀਤੀ ਗਈ ਅਤੇ ਐਸ ਐਸ ਪੀ ਨੇ 29 ਸਤੰਬਰ 2017 ਨੂੰ ਸਵੇਰੇ 03:03 ਵਜੇ ਕੇਸ/ ਐੱਫ.ਆਈ.ਆਰ. ਦੇ ਰਜਿਸਟਰਾਰ ਕਰਨ ਦੇ ਨਿਰਦੇਸ਼ ਦੇ ਦਿਤੇ ਅਤੇ ਸਵੇਰੇ ਹੁੰਦੇ ਸਾਲ 05:07 ਵਜੇ ਪੁਲੀਸ ਥਾਣੇ ਵਿਚ ਸੂਚਨਾ ਮਿਲੀ ਅਤੇ ਸੁੱਚਾ ਸਿੰਘ ਲੰਗਾਹ ਵਿਰੁਧ ਐਫਆਈਆਰ ਦਰਜ ਕਰ ਲਈ ਗਈ ਸੀ। ਇੰਨਾ ਹੀ ਨਹੀਂ ਉਦੋਂ ਹੀ ਪੀੜਤਾ ਨੇ ਇਹ ਵੀ ਸ਼ਿਕਾਇਤ ਕਰ ਦਿਤੀ ਕਿ ਉਸ ਨੂੰ ਕਈ ਰਸੁਖਵਾਨ ਅਤੇ ਹਾਈ ਪ੍ਰੋਫਾਇਲ ਲੋਕਾਂ ਤੋਂ ਜਾਨ ਮਾਲ ਦੀਆਂ ਧਮਕੀਆਂ ਮਿਲ ਰਹੀਆਂ ਹਨ ਜਿਸ ਦੀ ਬਦੌਲਤ ਪੀੜਤ ਸੁਰੱਖਿਆ ਵੀ ਪ੍ਰਦਾਨ ਕੀਤੀ ਗਈ ਜਦਕਿ ਹੁਣ ਉਹ ਅਜਿਹਾ ਕੁਝ ਵਾਪਰਿਆ ਹੀ ਨਹੀਂ ਹੋਣ ਦਾ ਦਾਅਵਾ ਕਰ ਰਹੀ ਹੈ. ਜਦਕਿ ਪੀੜਤਾ ਨੇ ਅਪਣੀ ਪਹਿਲੀ ਸ਼ਿਕਾਇਤ ਵਿਚ ਇਥੋਂ ਤਕ ਕਿਹਾ ਕਿ ਗੁਰਦੇਵ ਸਿੰਘ ਨਾਮੀਂ ਵਿਅਕਤੀ ਨੂੰ 30 ਲੱਖ ਰੁਪਏ ਵਿੱਚ ਉਨ੍ਹਾਂ ਦੀ ਜ਼ਮੀਨ ਵੇਚੀ ਗਈ ਸੀ, ਜਿਸ ਵਿਚੋਂ ਵੱਡੀ ਰਕਮ ਮੁਲਜ਼ਮ (ਲੰਗਾਹ) ਦੁਆਰਾ ਰੱਖੀ ਗਈ ਸੀ. ਜਸਟਿਸ ਬੈਂਸ ਦੀ ਸੰਸਥਾ ਨੇ ਅਪਣੀ ਜਾਂਚ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਸਿਰਫ 9,20, 000/- ਰੁਪੈ ਦੀ ਰਕਮ ਦਾ ਜਿਕਰ ਹੀ 9 ਜਨਵਰੀ 2015 ਦੀ ਸੇਲ ਡੀਡ ਵਿੱਚ ਦਿਖਾਇਆ ਗਿਆ ਸੀ, ਜੋ ਸ਼ਿਕਾਇਤਕਰਤਾ/ਪੀੜਤ ਦੁਆਰਾ ਆਮਦਨ ਕਰ ਅਤੇ ਮਾਲ ਵਿਭਾਗਾਂ ਨਾਲ ਵੀ ਧੋਖਾ ਕੀਤਾ ਗਿਆ ਹੋਣਾ ਸਾਬਤ ਕਰਦਾ ਹੈ ਪਰ ਜਾਂਚ ਅਧਿਕਾਰੀ (ਪੁਲਿਸ) ਨੇ ਇਸ ਸਬੰਧ ਵਿੱਚ ਵੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ. ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਸ ਕੇਸ ਦੀ ਜਾਂਚ ਦੌਰਾਨ ਪੀੜਤਾ ਅਤੇ ਲੰਗਾਹ ਦੇ ਪ੍ਰਾਪਤ ਹੋਏ ਫੋਨ ਕਾਲ ਰਿਕਾਰਡਾਂ ਤੋਂ ਸਾਫ ਤੌਰ 'ਤੇ ਦੋਵਾਂ ਦੇ ਸਾਲਾਂ ਤੋਂ ਸੰਪਰਕ ਚ ਹੋਣਾ ਵੀ ਸਾਬਤ ਹੋ ਰਿਹਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਹ ਮਹੱਤਵਪੂਰਨ ਸਬੂਤ ਸੀਆਰਪੀਸੀ ਦੀ ਧਾਰਾ 173 ਦੇ ਤਹਿਤ ਪੇਸ਼ ਕੀਤੀ ਗਈ ਅੰਤਮ ਰਿਪੋਰਟ ਦਾ ਹਿੱਸਾ ਨਹੀਂ ਬਣਾਏ ਗਏ।
ਇਸ ਮਾਮਲੇ ਤਹਿਤ ਸਬੰਧ ਵੀਡੀਓ ਅਤੇ ਵੀਡੀਓ ਵਿਚ ਇਤਰਾਜ਼ਯੋਗ ਹਾਲਤ ਵਿਚ ਦਿਖ ਰਹੀ ਮਹਿਲਾ ਦੁਆਰਾ ਪਹਿਨੇ ਹੋਏ ਕਪੜਿਆਂ ਤਕ ਨੂੰ ਸੀਲਬੰਦ ਰੂਪ ਚ ਚੰਡੀਗੜ੍ਹ ਸਥਿਤ ਕੇਂਦਰੀ ਫੌਰੈਂਸਿਕ ਲੈਬਾਰਟਰੀ ਵਿਖੇ ਭੇਜਿਆ ਗਿਆ। ਲੈਬਾਰਟਰੀ ਦੇ ਡਿਪਟੀ ਡਾਇਰੈਕਟਰ ਡਾਕਟਰ ਐਮ. ਭਾਸਕਰ ਦੇ ਹਸਤਾਖਰਾਂ ਹੇਠ ਜਾਰੀ ਫ਼ੌਰੈਂਸਿਕ ਜਾਂਚ ਰਿਪੋਰਟ ਚ ਉਕਤ ਤੱਥਾਂ ਨੂੰ ਸਹੀ ਪਾਇਆ ਗਿਆ ਹੈ।