
ਦੀਨਾਨਗਰ (ਦੀਪਕ ਕੁਮਾਰ) : ਪੰਜਾਬ ਭਰ ਤੋਂ ਆਈਆਂ ਆਂਗਨਵਾੜੀ ਵਰਕਰਾਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ ਨਰਸਰੀ ਕਲਾਸਾਂ ਨੂੰ ਬੰਦ ਕਰਨ ਨੂੰ ਲੈ ਕੇ ਦੀਨਾਨਗਰ ਵਿਖੇ ਪੰਜਾਬ ਦੀ ਸਿਖਿਆ ਮੰਤਰੀ ਅਰੁਣਾ ਚੌਧਰੀ ਦੀ ਕੋਠੀ ਅੱਗੇ ਕਾਲੀਆਂ ਝੰਡੀਆਂ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਸਿਖਿਆ ਮੰਤਰੀ ਦੀ ਕੋਠੀ ਦਾ ਘਿਰਾਉ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਮੌਕੇ ਆਂਗਨਵਾੜੀ ਵਰਕਰਾਂ ਨੂੰ ਰੋਕਣ ਲਈ ਭਾਰੀ ਮਾਤਰਾ ਵਿਚ ਪੁਲਿਸ ਵੀ ਤੈਨਾਤ ਕੀਤੀ ਗਈ।
ਪੁੁਲਿਸ ਅਤੇ ਆਂਗਨਵਾੜੀ ਵਰਕਰਾਂ ਵਿਚ ਕਾਫੀ ਧੱਕਾ ਮੁੱਕੀ ਹੋਈ ਪਰ ਪ੍ਰਦਰਸ਼ਨ ਕਰ ਅੱਗੇ ਵਧਣ ਲਈ ਅਸਫ਼ਲ ਨਹੀਂ ਹੋਏ। ਧਰਨਾ ਪ੍ਰਦਰਸ਼ਨ ਨੂੰ ਸਮਾਪਤ ਕਰਵਾਉਣ ਲਈ ਪਹੁੰਚੇ ਤਹਿਸੀਲਦਾਰ ਮਹਿੰਦਰਪਾਲ ਨੇ ਆਂਗਨਵਾੜੀ ਵਰਕਰਾਂ ਨੂੰ ਮੰਗ ਪੱਤਰ ਦੇਣ ਲਈ ਕਿਹਾ ਪਰ ਆਂਗਨਵਾੜੀ ਵਰਕਰਾਂ ਨੇ ਮੰਗ ਪੱਤਰ ਦੇਣ ਤੋਂ ਇਨਕਾਰ ਕਰ ਦਿਤਾ। ਉਨ੍ਹਾਂ ਕਿਹਾ ਕਿ ਜੇ 1 ਅਪ੍ਰੈਲ ਤਕ ਮੰਗਾਂ ਨਾ ਮੰਨੀਆਂ ਤਾਂ ਉਨ੍ਹਾਂ ਵਲੋਂ ਮਰਨ ਵਰਤ ਦੇ ਨਾਲ ਨਾਲ ਲੜੀਵਾਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
ਧਰਨਾ ਪ੍ਰਦਰਸ਼ਨ ਵਿਚ ਪਹੁੰਚੀ ਆਂਗਨਵਾੜੀ ਯੂਨੀਅਨ ਦੀ ਪੰਜਾਬ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ 8 ਲੱਖ ਬੱਚਿਆਂ ਵਿਚੋਂ 5 ਲੱਖ ਬੱਚਿਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ ਨਰਸਰੀ ਕਲਾਸਾਂ ਸ਼ੁਰੂ ਕਰਵਾ ਕੇ ਦਾਖ਼ਲ ਕਰਵਾ ਲਿਆ ਸੀ ਅਤੇ 26 ਨਵੰਬਰ 2017 ਨੂੰ ਫ਼ੈਸਲਾ ਕੀਤਾ ਗਿਆ ਸੀ ਕਿ 3-6 ਸਾਲ ਤਕ ਦੇ ਬੱਚੇ ਆਂਗਨਵਾੜੀ ਸੈਂਟਰਾਂ ਵਿਚ ਹੀ ਰਹਿਣਗੇ ਅਤੇ ਸਿਖਿਆ ਵਿਭਾਗ ਦਾ ਵਲੰਟੀਅਰ ਉਨ੍ਹਾਂ ਨੂੰ ਇਕ ਘੰਟਾ ਆ ਕੇ ਪੜ੍ਹਾਵੇਗਾ ਪਰ ਸਿਖਿਆ ਮੰਤਰੀ ਦੋਗ਼ਲੀ ਨੀਤੀ ਅਪਣਾ ਰਹੀ ਹੈ।
ਅਜੇ ਤਕ ਬੱਚਿਆਂ ਨੂੰ ਆਂਗਨਵਾੜੀ ਕੇਂਦਰਾਂ ਵਿਚ ਨਹੀਂ ਭੇਜਿਆ ਗਿਆ ਜਿਸ ਕਰ ਕੇ ਆਂਗਨਵਾੜੀ ਵਰਕਰਾਂ ਨੂੰ ਅੱਜ ਸਿਖਿਆ ਮੰਤਰੀ ਅਰੁਣਾ ਚੌਧਰੀ ਦੀ ਕੋਠੀ ਦਾ ਘਿਰਾਉ ਕਰਨਾ ਪਿਆ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਆਂਗਨਵਾੜੀ ਕੇਂਦਰਾਂ ਵਿਚ ਛੇਤੀ ਨਾ ਭੇਜਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਵੇਗਾ।