
ਖਰੜ ( ਡੈਵਿਟ ਵਰਮਾ ) : ਆਪਣੇ ਇਕ ਤਰਫ਼ਾ ਪਿਆਰ ਨੂੰ ਪ੍ਰਵਾਨ ਨਾ ਚੜਦਿਆਂ ਦੇਖ ਇਕ ਨੌਜਵਾਨ ਨੇ ਬੀਤੇ ਦਿਨੀ ਖਰੜ ਦੇ ਨੇੜੇ ਪਿੰਡ ਭਜੌਲੀ ਦੀ ਤਲਾਕਸ਼ੁਦਾ 32 ਸਾਲਾ ਜਸਵੀਰ ਕੌਰ ਦਾ ਰਡਿਆਲਾ ਦੇ ਰਾਹ ਵਿੱਚ ਕਿਰਚ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਉਕਤ 31 ਸਾਲਾ ਨੌਜਵਾਨ ਜਸਵਿੰਦਰ ਸਿੰਘ ਨੇ ਖ਼ੁਦ 'ਤੇ ਵੀ ਕਿਰਚ ਨਾਲ ਵਾਰ ਕਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਸਵੀਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਜਸਵਿੰਦਰ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ, ਉਸਨੂੰ ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਸੈਕਟਰ 32 'ਚ ਰੈਫਰ ਕਰ ਦਿੱਤਾ ਗਿਆ।
ਇਸ ਸਬੰਧੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਖਰੜ ਸਦਰ ਥਾਣੇ ਦੇ ਐਸ.ਐਚ.ਓ ਭਗਵੰਤ ਸਿੰਘ ਨੇ ਦੱਸਿਆ ਕਿ ਜਸਵੀਰ ਕੌਰ ਤਲਾਕਸ਼ੁਦਾ ਸੀ ਤੇ ਆਪਣੇ ਪਤੀ ਦੇ ਨਾਲ ਤਲਾਕ ਹੋਣ ਤੋਂ ਬਾਅਦ ਉਹ ਆਪਣੇ ਪੇਕੇ ਪਿੰਡ ਭਜੌਲੀ ਰਹਿੰਦੀ ਸੀ। ਮ੍ਰਿਤਕਾ ਜਸਵੀਰ ਕੌਰ 11 ਸਾਲਾ ਲੜਕੀ ਅਤੇ 9 ਸਾਲਾ ਲੜਕੇ ਦੀ ਮਾਂ ਹੈ। ਉਹ ਮੋਹਾਲੀ ਵਿੱਚ ਇਕ ਨਿੱਜੀ ਕੰਪਨੀ ਵਿੱਚ ਨੌਕਰੀ ਕਰਦੀ ਸੀ। ਉਹਨਾਂ ਦੱਸਿਆ ਕਿ ਹਮਲਾ ਕਰਨ ਵਾਲੇ ਜਸਵਿੰਦਰ ਸਿੰਘ ਦਾ 2 ਸਾਲ ਪਹਿਲਾਂ ਵਿਆਹ ਹੋਇਆ ਸੀ ਪਰ ਜਸਵਿੰਦਰ ਸਿੰਘ ਵਿਆਹਿਆ ਹੋਣ ਦੇ ਬਾਵਜੂਦ ਜਸਵੀਰ ਕੌਰ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ।
ਪਰ ਜਸਵੀਰ ਕੌਰ ਆਪਣੇ ਪੇਕੇ ਪਰਿਵਾਰ ਅਤੇ ਦੋਵੇਂ ਬੱਚਿਆਂ ਨਾਲ ਖੁਸ਼ ਸੀ, ਜਿਸ ਕਰਕੇ ਜਸਵੀਰ ਕੌਰ ਨੇ ਜਸਵਿੰਦਰ ਸਿੰਘ ਦੀ ਕਿਸੇ ਗੱਲ ਵੱਲ ਕੋਈ ਤਵੱਜੋ ਨਾ ਦਿੱਤੀ। ਪਰ ਜਸਵਿੰਦਰ ਸਿੰਘ ਨੇ ਖੁੰਦਕ ਦੇ ਵਿੱਚ ਜਸਵੀਰ ਕੌਰ ਦਾ ਕਤਲ ਕਰ ਦਿੱਤਾ। ਫ਼ਿਲਹਾਲ ਪੁਲਿਸ ਨੇ ਮ੍ਰਿਤਕਾ ਦੇ ਭਰਾ ਅਵਤਾਰ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਦੋਸ਼ੀ ਜਸਵਿੰਦਰ ਸਿੰਘ ਦੇ ਖਿਲਾਫ ਆਈ.ਪੀ.ਸੀ ਦੀ ਧਾਰਾ 302 ਅਧੀਨ ਮੁਕਦਮਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਜੋ ਹਸਪਤਾਲ ਵਿੱਚ ਜੇਰੇ ਇਲਾਜ ਹੈ ਉਥੇ ਪੁਲਿਸ ਗਾਰਦ ਤਾਇਨਾਤ ਕੀਤੀ ਗਈ ਹੈ ਤੇ ਮੁਲਜ਼ਮ ਦੇ ਠੀਕ ਹੋਣ ਦਾ ਪੁਲਿਸ ਇੰਤਜ਼ਾਰ ਕਰ ਰਹੀ ਹੈ। ਦੂਜੇ ਪਾਸੇ ਮ੍ਰਿਤਕਾ ਜਸਵੀਰ ਕੌਰ ਦੀ ਲਾਸ਼ ਦਾ ਖਰੜ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।