
ਅੰਮ੍ਰਿਤਸਰ: ਭਾਰਤ ਦੌਰੇ 'ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 21 ਫਰਵਰੀ ਨੂੰ ਅੰਮ੍ਰਿਤਸਰ ਜਾਣਗੇ। ਇੱਥੇ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਣਗੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਦੇ ਸਵਾਗਤ ਲਈ ਪੱਬਾਂ ਭਾਰ ਹੈ। ਪ੍ਰਧਾਨ ਮੰਤਰੀ ਟਰੂਡੋ ਨੂੰ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਅਤੇ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਸਨਮਾਨ ਵਜੋਂ ਦਿੱਤਾ ਜਾਵੇਗਾ, ਜਿਸ 'ਤੇ ਸੋਨੇ ਦੀ ਝਾਲ ਚੜ੍ਹਾਈ ਗਈ ਹੈ। ਕਮੇਟੀ ਦੇ ਮੁੱਖ ਸਕੱਤਰ ਸ. ਰੂਪ ਸਿੰਘ ਨੇ ਦੱਸਿਆ ਕਿ ਕੈਨੇਡੀਅਨ ਪੀ. ਐੱਮ. ਦੇ ਸਵਾਗਤ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅਤੇ ਟਰੂਡੋ ਨੂੰ ਇਕ ਸ਼ਾਲ ਅਤੇ ਇਕ ਸੋਨੇ ਦੀ ਝਾਲ ਵਾਲੀ ਸ੍ਰੀ ਸਾਹਿਬ ਵੀ ਸਨਮਾਨ ਵਜੋਂ ਦਿੱਤੀ ਜਾਵੇਗੀ, ਜਿਸ ਦੀ ਕੀਮਤ ਲਗਭਗ 50,000 ਰੁਪਏ ਹੈ।
ਇਹ ਮਾਡਲ ਅੰਮ੍ਰਿਤਸਰ ਦੇ ਚਾਟੀਵਿੰਡ ਗੇਟ ਨੇੜਲੀ ਇਕ ਫੈਕਟਰੀ 'ਚ ਹੀ ਤਿਆਰ ਕੀਤਾ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤਿਆਰ ਕਰਨ ਵਾਲੇ 68 ਸਾਲਾ ਡਾ. ਸੁਖਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪਿਤਾ ਸ. ਸੇਵਕ ਸਿੰਘ ਤੋਂ ਕਲਾ ਸਿੱਖੀ ਅਤੇ ਹੁਣ ਉਹ ਇਸੇ ਵਿਰਾਸਤ ਨੂੰ ਸੰਭਾਲ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਪਹਿਲਾਂ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਤਿਆਰ ਕਰ ਚੁੱਕੇ ਹਨ ਅਤੇ ਪ੍ਰਧਾਨ ਮੰਤਰੀ ਟਰੂਡੋ ਨੂੰ ਸਨਮਾਨ ਵਜੋਂ ਸ੍ਰੀ ਹਰਿਮੰਦਰ ਸਾਹਿਬ ਦਾ ਜੋ ਮਾਡਲ ਦਿੱਤਾ ਜਾਵੇਗਾ, ਉਸ ਨੂੰ ਵੀ ਉਹ ਬਣਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਕਈ ਪੇਂਟਿੰਗਜ਼ ਵੀ ਬਣਾ ਚੁੱਕੇ ਹਨ। 1997 'ਚ ਇੰਗਲੈਂਡ ਦੀ ਮਹਾਰਾਣੀ ਐਲਜ਼ਾਬੈੱਥ-2 ਨੂੰ ਵੀ ਉਨ੍ਹਾਂ ਵੱਲੋਂ ਬਣਾਇਆ ਗਿਆ ਇਕ ਮਾਡਲ ਤੋਹਫੇ ਵਜੋਂ ਦਿੱਤਾ ਗਿਆ ਸੀ।
ਫੈਕਟਰੀ ਦੇ ਮਾਲਕ ਅਵਤਾਰ ਸਿੰਘ ਨੇ ਕਿਹਾ,''ਅਸੀਂ ਪਹਿਲਾਂ ਦਿੱਲੀ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਵੇਚਣੇ ਸ਼ੁਰੂ ਕੀਤੇ ਸਨ ਅਤੇ ਫਿਰ ਚੀਨ ਤੋਂ ਵੀ ਅਜਿਹੇ ਮਾਡਲ ਤਿਆਰ ਹੋ ਕੇ ਆਉਣੇ ਸ਼ੁਰੂ ਹੋ ਗਏ, ਜੋ ਘਟੀਆ ਸਾਮਾਨ ਨਾਲ ਬਣੇ ਹੁੰਦੇ ਸਨ ਅਤੇ ਮਹਿੰਗੇ ਮੁੱਲ 'ਤੇ ਵੇਚ ਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਸੀ। ਇਸੇ ਲਈ ਅਸੀਂ ਇਹ ਸੋਚਿਆ ਕਿ ਅਸੀਂ ਧਰਮ ਦੇ ਨਾਂ 'ਤੇ ਲੋਕਾਂ ਨਾਲ ਲੁੱਟ-ਖਸੁੱਟ ਨਹੀਂ ਹੋਣ ਦੇਵਾਂਗੇ ਅਤੇ ਆਪਣਾ ਕੰਮ ਅੰਮ੍ਰਿਤਸਰ 'ਚ ਸ਼ੁਰੂ ਕੀਤਾ।'' ਉਨ੍ਹਾਂ ਕਿਹਾ ਕਿ ਉਹ ਚੀਨ ਤੋਂ ਵੀ ਵਧੀਆ ਅਤੇ ਸਸਤੇ ਮਾਡਲ ਵੇਚ ਰਹੇ ਹਨ। ਉਹ ਵਪਾਰੀ ਤਾਂ ਹਨ ਪਰ ਨਾਲ ਦੇ ਨਾਲ ਪੂਰੀ ਸ਼ਰਧਾ ਨਾਲ ਕੰਮ ਕਰਦੇ ਹਨ।
ਅਵਤਾਰ ਸਿੰਘ ਦੇ ਸਾਥੀ ਭੁਪਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤਿਆਰ ਕਰਨ ਸਮੇਂ ਉਹ ਹਰ ਤਰ੍ਹਾਂ ਨਾਲ ਧਿਆਨ ਰੱਖਦੇ ਹਨ। ਉਨ੍ਹਾਂ ਦੱਸਿਆ ਕਿ 6 ਔਰਤਾਂ ਅਤੇ 2 ਵਿਅਕਤੀ ਇੱਥੇ ਕੰਮ ਕਰਦੇ ਹਨ। ਇੱਥੇ ਇਕ ਸੌ ਰੁਪਏ ਤੋਂ ਲੈ ਕੇ ਇਕ ਲੱਖ ਰੁਪਏ ਤਕ ਦੇ ਮਾਡਲ ਤਿਆਰ ਕੀਤੇ ਜਾਂਦੇ ਹਨ।